ਮੁਕੇਸ਼ ਅੰਬਾਨੀ ਇੱਕ ਵਾਰ ਫਿਰ ਸਭ ਤੋਂ ਅਮੀਰ ਭਾਰਤੀ ਬਣੇ


ਨਵੀਂ ਦਿੱਲੀ, 3 ਨਵੰਬਰ (ਪੋਸਟ ਬਿਊਰੋ)- ਰਿਲਾਇੰਸ ਇੰਡਸਟਰੀਜ਼ (ਆਰ ਆਈ ਐੱਲ) ਦੇ ਮੁਖੀ ਮੁਕੇਸ਼ ਅੰਬਾਨੀ ਇੱਕ ਵਾਰ ਫਿਰ ਅਮੀਰ ਭਾਰਤੀਆਂ ਦੀ ਸੂਚੀ ਵਿੱਚ ਸਿਖਰ ‘ਤੇ ਬਣੇ ਰਹਿਣ ਵਿੱਚ ਸਫਲ ਹੋਏ ਹਨ। ਅਮਰੀਕੀ ਮੈਗਜ਼ੀਨ ਫੋਰਬਸ ਨੇ 100 ਅਮੀਰ ਭਾਰਤੀਆਂ ਦੀ ਸੂਚੀ ਜਾਰੀ ਕੀਤੀ ਹੈ। 2017 ਦੀ ਇਸ ਸੂਚੀ ਵਿੱਚ ਕੁੱਲ 38 ਅਰਬ ਡਾਲਰ (ਕਰੀਬ 2.5 ਲੱਖ ਕਰੋੜ ਰੁਪਏ) ਦੀ ਜਾਇਦਾਦ ਨਾਲ ਅੰਬਾਨੀ ਪਹਿਲੇ ਸਥਾਨ ‘ਤੇ ਹਨ।
ਮੈਗਜ਼ੀਨ ਦੇ ਮੁਤਾਬਕ ਮੁਕੇਸ਼ ਅੰਬਾਨੀ ਦੀ ਜਾਇਦਾਦ ਵਿਸ਼ਵ ਬੈਂਕ ਦੇ 2016 ਦੇ ਅੰਕੜੇ ਮੁਤਾਬਕ ਅਜਰਬੇਜਾਨ ਦੀ ਜੀ ਡੀ ਪੀ ਦੇ ਬਰਾਬਰ ਹਨ। ਫੋਰਬਸ ਇੰਡੀਆ 2017 ਦੇ ਭਾਰਤ ਦੇ ਅਮੀਰਾਂ ਦੀ ਸੂਚੀ ਵਾਲਾ ਵਿਸ਼ੇਸ਼ ਐਡੀਸ਼ਨ ਛੇ ਨਵੰਬਰ ਨੂੰ ਜਾਰੀ ਕਰੇਗਾ। ਇਸ ਸੂਚੀ ਵਿੱਚ ਸਭ ਤੋਂ ਨਵਾਂ ਨਾਂਅ ਵਾਡੀਆ ਗਰੁੱਪ ਦੇ ਮੁਖੀ ਨੁਸਲੀ ਵਾਡੀਆ ਦਾ ਹੈ। ਉਨ੍ਹਾਂ ਨੇ ਸੂਚੀ ਵਿੱਚ 25ਵਾਂ ਥਾਂ ਹਾਸਲ ਕੀਤਾ ਹੈ। ਉਨ੍ਹਾਂ ਦੀ ਜਾਇਦਾਦ 5.6 ਅਰਬ ਡਾਲਰ ਹੈ। 19 ਅਰਬ ਡਾਲਰ ਜਾਇਦਾਦ ਨਾਲ ਵਿਪਰੋ ਦੇ ਅਜ਼ੀਮ ਪ੍ਰੇਮਜੀ ਭਾਰਤ ਦੇ ਦੂਸਰੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਪਿਛਲੇ ਸਾਲ ਪ੍ਰੇਮਜੀ ਚੌਥੇ ਸਥਾਨ ‘ਤੇ ਸਨ। ਉਨ੍ਹਾਂ ਦੀ ਜਾਇਦਾਦ ਅਫਗਾਨਿਸਤਾਨ ਦੀ ਜੀ ਡੀ ਪੀ ਦੇ ਲਗਭਗ ਬਰਾਬਰ ਹੈ। ਸੂਚੀ ਵਿੱਚ ਤੀਸਰਾ ਸਥਾਨ ਹਿੰਦੂਜਾ ਭਰਾਵਾਂ ਦਾ ਹੈ। ਉਨ੍ਹਾਂ ਦੀ ਜਾਇਦਾਦ 18.4 ਅਰਬ ਡਾਲਰ ਆਂਕੀ ਗਈ। ਪਿਛਲੇ ਸਾਲ ਦੂਸਰੇ ਸਥਾਨ ‘ਤੇ ਰਹਿਣ ਵਾਲੇ ਸਨ ਫਾਰਮਾ ਦੇ ਦਿਲੀਪ ਸਾਂਘਵੀ ਇਸ ਵਾਰ ਨੌਵੇਂ ਸਥਾਨ ‘ਤੇ ਖਿਸਕ ਗਏ।