ਮੁਕਤ ਵਪਾਰ ਸਮਝੌਤੇ ਲਈ ਅਧਾਰ ਤਿਆਰ ਕੀਤੇ ਬਿਨਾਂ ਟਰੂਡੋ ਚੀਨ ਤੋਂ ਹੋਏ ਵਿਦਾ

ਗੁਆਂਗਜ਼ੋਊ, 7 ਦਸੰਬਰ (ਪੋਸਟ ਬਿਊਰੋ) : ਵਿਸ਼ਵ ਦੇ ਦੂਜੇ ਸੱਭ ਤੋਂ ਵੱਡੇ ਅਰਥਚਾਰੇ ਨਾਲ ਮੁਕਤ ਵਪਾਰ ਸਮਝੌਤੇ ਸਬੰਧੀ ਗੱਲਬਾਤ ਕੀਤੇ ਬਿਨਾਂ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਚੀਨ ਤੋਂ ਵਿਦਾ ਹੋ ਗਏ। ਪਰ ਉਨ੍ਹਾਂ ਇਸ ਦੇ ਨਾਲ ਹੀ ਇਹ ਵੀ ਆਖਿਆ ਕਿ ਕੈਨੇਡੀਅਨਾਂ ਨੂੰ ਇਸ ਸਬੰਧ ਵਿੱਚ ਆਪਣੀਆਂ ਆਸਾਂ ਨੂੰ ਥੋੜ੍ਹਾ ਕਾਬੂ ਵਿੱਚ ਹੀ ਰੱਖਣਾ ਚਾਹੀਦਾ ਹੈ।
ਟਰੂਡੋ ਨੇ ਆਖਿਆ ਕਿ ਕੈਨੇਡਾ ਚੀਨ ਦੇ ਸਰਕਾਰੀ ਉੱਦਮਾਂ ਨਾਲ ਕਿਸ ਤਰ੍ਹਾਂ ਸਿੱਝਦਾ ਹੈ ਇਸ ਬਾਰੇ ਦੋਵਾਂ ਧਿਰਾਂ ਵਿਚਾਲੇ ਮਤਭੇਦ ਦੂਰ ਕਰਨ ਦੀ ਲੋੜ ਹੈ। ਉਨ੍ਹਾਂ ਆਖਿਆ ਕਿ ਇਸ ਤੋਂ ਇਲਾਵਾ ਉਹ ਕੈਨੇਡੀਅਨ ਕਦਰਾਂ ਕੀਮਤਾਂ ਲਈ ਖੜ੍ਹੇ ਰਹਿਣ ਵਾਸਤੇ ਵਚਨਬੱਧ ਹਨ ਤੇ ਇਸ ਦੇ ਨਾਲ ਹੀ ਜੇਲ੍ਹਾਂ ਵਿੱਚ ਬੰਦ ਕੈਨੇਡੀਅਨਾਂ ਦੇ ਹਿਤਾਂ ਦੀ ਰਾਖੀ ਕਰਨ ਲਈ ਵੀ ਉਹ ਪੂਰੀ ਤਰ੍ਹਾਂ ਸਮਰਪਿਤ ਹਨ।
ਚਾਰ ਰੋਜ਼ਾ ਚੀਨ ਦੌਰੇ ਤੋਂ ਬਾਅਦ ਕੈਨੇਡਾ ਪਰਤਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੂਡੋ ਨੇ ਆਖਿਆ ਕਿ ਕੈਨੇਡੀਅਨਾਂ ਨੂੰ ਕਿਸੇ ਵੀ ਤਰ੍ਹਾਂ ਦੇ ਭਰਮ ਵਿੱਚ ਨਹੀਂ ਰਹਿਣਾ ਚਾਹੀਦਾ ਕਿ ਚੀਨ ਨਾਲ ਕਿਸੇ ਵੀ ਤਰ੍ਹਾਂ ਦਾ ਮੁਕਤ ਵਪਾਰ ਸਮਝੌਤਾ ਐਨਾ ਸੌਖਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਰਸਮੀ ਤੌਰ ਉੱਤੇ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਟਰੂਡੋ ਸਰਕਾਰ ਚਾਹੁੰਦੀ ਹੈ ਕਿ ਚੀਨ ਉਸ ਦੇ ਤਥਾ ਕਥਿਤ ਪ੍ਰੋਗਰੈਸਿਵ ਟਰੇਡ ਏਜੰਡੇ ਨਾਲ ਸਹਿਮਤੀ ਪ੍ਰਗਟਾਏ। ਇਸ ਦੌਰਾਨ ਵਾਤਾਵਰਣ, ਲੇਬਰ, ਲਿੰਗ ਤੇ ਗਵਰਨੈਂਸ ਦੇ ਮੁੱਦੇ ਉੱਤੇ ਵੀ ਰਸਮੀ ਗੱਲਬਾਤ ਸੁ਼ਰੂ ਹੋਵੇ।
ਟਰੂਡੋ ਨੇ ਮੰਨਿਆ ਕਿ ਦੋਵਾਂ ਦੇਸ਼ਾਂ ਨੂੰ ਆਪਣੇ ਵੱਖ ਵੱਖ ਸਿਸਟਮਜ਼ ਕਾਰਨ ਕਾਫੀ ਕੰਮ ਕਰਨਾ ਪਵੇਗਾ। ਸਾਨੂੰ ਇਹ ਵੀ ਧਿਆਨ ਰੱਖਣਾ ਹੋਵੇਗਾ ਕਿ ਕਿਹੜੀ ਗੱਲ ਦੋਵਾਂ ਧਿਰਾਂ ਲਈ ਫਾਇਦੇਮੰਦ ਹੈ। ਇੰਟਰਨੈਸ਼ਨਲ ਟਰੇਡ ਮੰਤਰੀ ਫਰੈਂਕੌਇਸ-ਫਿਲਿਪ ਸੈ਼ਂਪੇਨ ਗੱਲਬਾਤ ਨੂੰ ਜਾਰੀ ਰੱਖਣ ਲਈ ਆਖਰੀ ਦੋ ਦਿਨ ਬੀਜਿੰਗ ਵਿੱਚ ਹੀ ਰੁਕ ਗਏ ਜਦਕਿ ਟਰੂਡੋ ਚੀਨੀ ਸਨਅਤ ਦੇ ਗੜ੍ਹ ਫੌਰਚਿਊਨ ਗਲੋਬਲ ਫੋਰਮ, ਜਿੱਥੇ ਕੌਮਾਂਤਰੀ ਚੀਫ ਐਗਜੈ਼ਕਟਿਵਜ਼ ਆਏ ਹੋਏ ਸਨ, ਵਿੱਚ ਹਿੱਸਾ ਲੈਣ ਲਈ ਗਏ। ਕਾਰੋਬਾਰੀ ਗੱਲਬਾਤ ਠੱਪ ਹੋ ਜਾਣ ਕਾਰਨ ਸ਼ੈਂਪੇਨ ਵੀ ਹੁਣ ਟਰੂਡੋ ਦੇ ਨਾਲ ਵੀਰਵਾਰ ਨੂੰ ਵਾਪਿਸ ਆ ਜਾਣਗੇ।
ਬੁਲਾਰੇ ਜੋਈ ਪਿੱਕਰਿਲ ਨੇ ਦੱਸਿਆ ਕਿ ਇਸ ਪਾਸੇ ਉਸਾਰੂ ਗੱਲਬਾਤ ਹੋਈ ਹੈ ਤੇ ਸਾਨੂੰ ਆਸ ਹੈ ਕਿ ਆਉਣ ਵਾਲੇ ਹਫਤਿਆਂ ਵਿੱਚ ਕੰਮ ਸ਼ੁਰੂ ਹੋ ਜਾਵੇਗਾ।