ਮੁਆਵਜ਼ਾ ਦੇਣ ਲਈ ਅਦਾਲਤ ਵੱਲੋਂ ਰੇਲਵੇ ਦੀ ਜਾਇਦਾਦ ਅਟੈਚ


ਜਲੰਧਰ, 2 ਫਰਵਰੀ (ਪੋਸਟ ਬਿਊਰੋ)- ਉਤਰੀ ਰੇਲਵੇ ਵੱਲੋਂ ਖੋਜੇਵਾਲ ਰੇਲਵੇ ਫਾਟਕ ਵਿਖੇ ਹੋਏ ਰੇਲ ਟਰੈਕਟਰ ਹਾਦਸੇ ਦੌਰਾਨ ਨੁਕਸਾਨੇ ਗਏ ਟਰੈਕਟਰ ਦਾ 1.15 ਲੱਖ ਰੁਪਏ ਮੁਆਵਜ਼ਾ ਦੇਣ ਲਈ ਜਲੰਧਰ ਰੇਲਵੇ ਸਟੇਸ਼ਨ ਦੀ ਰਿਜ਼ਰਵੇਸ਼ਨ ਅਤੇ ਟਿਕਟ ਬੁਕਿੰਗ ਸੈਕਸ਼ਨ ਅਤੇ ਜਨਰੇਟਰ ਆਦਿ ਜਾਇਦਾਦ ਅਟੈਚ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਵਰਨਣ ਯੋਗ ਹੈ ਕਿ 2015 ਵਿੱਚ ਉਸ ਸਮੇਂ ਰੇਲ ਅਤੇ ਟਰੈਕਟਰ ਟਰਾਲੀ ਹਾਦਸਾ ਹੋਇਆ ਸੀ, ਜਦੋਂ ਰੇਲਵੇ ਫਾਟਕ ਖੁੱਲ੍ਹਾ ਹੋਣ ‘ਤੇ ਟਰੈਕਟਰ ਟਰਾਲੀ ਨਿਕਲ ਰਹੀ ਸੀ ਤੇ ਫਿਰੋਜ਼ਪੁਰ ਤੋਂ ਤੇਜ਼ ਰਫਤਾਰ ਰੇਲ ਗੱਡੀ ਉਸ ਨਾਲ ਟਕਰਾ ਗਈ ਸੀ। ਇਸ ਦੌਰਾਨ ਟਰੈਕਟਰ ਚਾਲਕ ਅਤੇ ਰੇਲ ਚਾਲਕ ਦੌਵਾਂ ਦੀ ਮੌਤ ਹੋ ਗਈ ਸੀ। ਟਰੈਕਟਰ ਮਾਲਕ ਅਜੇ ਕੁਮਾਰ ਨੇ ਜੁਡੀਸ਼ਲ ਮੈਜਿਸਟਰੇਟ ਦੀ ਅਦਾਲਤ ਵਿੱਚ ਉਤਰੀ ਰੇਲਵੇ ਪ੍ਰਬੰਧਕਾਂ ‘ਤੇ ਜਨਵਰੀ 2016 ਨੂੰ ਮੁਆਵਜ਼ੇ ਦਾ ਕੇਸ ਕੀਤਾ ਸੀ, ਜਿਸ ਦਾ ਫੈਸਲਾ ਕਰਕੇ ਅਦਾਲਤ ਨੇ ਰੇਲਵੇ ਨੂੰ ਹੁਕਮ ਦਿੱਤਾ ਕਿ ਉਹ ਟਰੈਕਟਰ ਮਾਲਕ ਅਜੇ ਕੁਮਾਰ ਨੂੰ 1.15 ਲੱਖ ਰੁਪਏ ਦਾ ਮੁਆਵਜ਼ਾ ਅਤੇ ਉਸ ਸਮੇਂ ਅੱਠ ਫੀਸਦੀ ਵਿਆਜ ਦੇ ਹਿਸਾਬ ਨਾਲ 1.36 ਲੱਖ ਰੁਪਏ ਦੀ ਮੁਆਵਜ਼ੇ ਦੀ ਰਕਮ 19 ਫਰਵਰੀ ਤੱਕ ਅਦਾ ਕਰੇ। ਜੇ ਰੇਲ ਪ੍ਰਸ਼ਾਸਨ ਉਕਤ ਹੁਕਮਾਂ ਦੀ ਪਾਲਣਾ ਨਾ ਕਰਕੇ ਮੁਆਵਜ਼ੇ ਦੀ ਅਦਾਇਗੀ ਨਹੀਂ ਕਰਦਾ ਤਾਂ ਜਲੰਧਰ ਰੇਲਵੇ ਦੀ ਰਿਜ਼ਰਵੇਸ਼ਨ, ਟਿਕਟ ਬੁਕਿੰਗ ਤੇ ਭਾਰ ਤੋਲ ਮਸ਼ੀਨ ਅਤੇ ਜਨਰੇਟਰ ਨੂੰ ਅਟੈਚ ਕਰਕੇ ਉਸ ਦੀ ਕੁਰਕੀ ਕਰਕੇ ਰਕਮ ਵਸੂਲ ਕੀਤੀ ਜਾਏ। ਇਸ ਸਬੰਧ ਵਿੱਚ ਵਕੀਲ ਆਰ ਕੇ ਟੰਡਨ ਅਤੇ ਸ਼ਿਵ ਜੀ ਲਾਲ ਵੈਲਫ ਸਮੇਤ ਸਟੇਸ਼ਨ ਸੁਪਰਡੈਂਟ ਆਰ ਕੇ ਬਹਿਲ ਨੂੰ ਮਿਲੇ ਅਤੇ ਉਨ੍ਹਾਂ ਨੂੰ ਅਦਾਲਤ ਦੇ ਹੁਕਮ ਦਿੱਤੇ। ਇਸ ‘ਤੇ ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਉਚ ਅਧਿਕਾਰੀਆਂ ਨੂੰ ਸੂਚਿਤ ਕਰ ਰਹੇ ਹਨ ਅਤੇ ਜੋ ਹੁਕਮ ਹੋਣਗੇ ਉਸ ‘ਤੇ ਉਹ ਅਮਲ ਕਰਨਗੇ।