ਮਿੱਟੀ ਦਾ ਮੁੱਲ

-ਸੁਖਦੇਵ ਸਿੰਘ ਮਾਨ
ਸਿਰਹਾਣੇ ਪਏ ਅਲਾਰਮ ਨੇ ਤਿੰਨ ਵਜਾ ਦਿੱਤੇ ਸਨ। ਭਗਤੂ ਨੇ ਅੱਭੜਵਾਹੇ ਸਿਰ ਚੁੱਕਿਆ ਅਤੇ ਵਾਲਾਂ ਦੀਆਂ ਜਟੂਰੀਆਂ ਨੂੰ ਕਸਣ ਲੱਗ ਪਿਆ। ਪਰ੍ਹੇ ਲੱਕਡ ਦੀ ਖੁਰਲੀ ‘ਤੇ ਖੜਾ ਉਸ ਦਾ ਖੱਚਰ ਵੀ ਕੰਨ ਛਿਨਕਣ ਲੱਗ ਪਿਆ। ਭਗਤੂ ਤਾਰਿਆਂ ਵੱਲ ਝਾਕਦਾ ਬੋਲਿਆ, ‘ਲੈ ਇਕੇਰਾਂ ਚਾਹ ਬਣਾ ਚੱਕਮੀਂ ਜੀ। ਮੈਂ ਐਨੇ ਖੱਚਰ ਨੂੰ ਰੇੜ੍ਹੇ ਜੋੜ ਲਵਾਂ।’
ਮੰਜਾ ਛੱਡਦੀ ਉਸ ਦੀ ਪਤਨੀ ਬਿਸ਼ਨੀ ਬੋਲੀ, ‘ਰਾਤ ਹਾਲੇ ਬਾਹਲੀ ਪਈ ਐ। ਤੂੰ ‘ਲਾਰਮ ਸਹੀ ਲਾਇਆ ਸੀ?’
ਭਗਤੂ ਨੇ ਤਸੱਲੀ ਲਈ ਫਿਰ ਸਮਾਂ ਦੇਖਿਆ। ‘ਵਕਤ ਸਹੀ ਐ। ਨੌਂ ਵਜਦੇ ਨੂੰ ਅੱਗ ਵਰ੍ਹਨ ਲੱਗ ਪੈਂਦੀ ਐ। ਆਹੀ ਵਕਤ ਹੁੰਦੇ ਕੰਮ ਖਿੱਚਣ ਦਾ’, ਖੱਚਰ ਨੂੰ ਰੇੜ੍ਹੇ ਨਾਲ ਜੋੜਦਾ ਭਗਤੂ ਆਖ ਰਿਹਾ ਸੀ। ਚਾਹ ਬਣਨ ਤੱਕ ਉਸ ਨੇ ਪਾਣੀ ਵਾਲੀ ਕੈਨੀ ਤੇ ਕਹੀ ਵੀ ਰੇੜ੍ਹੇ ਵਿੱਚ ਟੰਗ ਲਈ।
ਕੱਚੀਆਂ ਇੱਟਾਂ ਪੱਥਣ ਲਈ ਭਗਤੂ ਨੂੰ ਤਿੰਨ ਮੀਲ ਦੂਰ ਜਾਣਾ ਪੈਂਦਾ ਸੀ। ਉਸ ਦੇ ਨਾਲ ਕਈ ਬੰਦੇ ਕਿੱਤਾ ਬਦਲ ਗਏ ਸਨ। ਰਾਮਾ ਫੇਰੀ ਲਾ ਕੇ ਆਚਾਰ ਵੇਚਣ ਲੱਗਾ ਸੀ। ਸੀਤਾ ਗੁਰੂਘਰ ‘ਚ ਲੱਗਦੀ ਮੱਸਿਆ ਵਾਲੇ ਦਿਨ ਬੱਚਿਆਂ ਲਈ ਖਿਡੌਣੇ ਵੇਚਣ ਲੱਗ ਪਿਆ ਸੀ। ਭਗਤੂ ਦੇ ਚਾਚੇ ਦੇ ਪੁੱਤ ਸਰਵਣ ਨੇ ਸਬਜ਼ੀ ਵਾਲੀ ਰੇੜ੍ਹੀ ਲਾ ਲਈ ਸੀ, ਪਰ ਭਗਤੂ ਨੇ ਕੱਚੀਆਂ ਇੱਟਾਂ ਥੱਪਣ ਵਾਲਾ ਕੰਮ ਨਾ ਛੱਡਿਆ। ਕੰਮ ਔਖਾ ਸੀ। ਕਈ ਵਾਰੀ ਕੁਦਰਤ ਦੀ ਮਾਰ ਵੀ ਪੈ ਜਾਂਦੀ। ਭਗਤੂ ਦੀਆਂ ਥੱਪੀਆਂ ਇੱਟਾਂ ਨੂੰ ਵਾਛੜ ਲੱਗ ਜਾਂਦੀ ਤਾਂ ਕੱਚੀ ਇੱਟ ਨੂੰ ਦਾਗ ਪੈ ਜਾਂਦਾ। ਭਗਤੂ ਦੀ ਕੀਤੀ ਮਿਹਨਤ ਘੱਟੇ ਰੁਲ ਜਾਂਦੀ। ਸੋ ਉਹ ਕਰੁੱਤੇ ਘਿਰ ਆਏ ਬੱਦਲਾਂ ਨੂੰ ਦੇਖ ਕੇ ਅਰਦਾਸਾਂ ਕਰਦਾ। ਉਹ ਚਾਹੁੰਦਾ ਕਿ ਇਕ ਵਾਰ ਕੱਚੀ ਇੱਟ ਦੀਆਂ ਕੋੜੀਆਂ ਲੱਗ ਜਾਣ, ਫਿਰ ਇੱਟਾਂ ਦੀ ਮੁਣਸ਼ੀ ਗਿਣਤੀ ਕਰ ਲੈਂਦਾ। ਉਸ ਮਗਰੋਂ ਇੱਟ ਭੱਠਾ ਮਾਲਕਾਂ ਦੀ ਸਿਰਦਰਦੀ ਬਣ ਜਾਂਦੀ ਸੀ। ਸ਼ਾਹੂਕਾਰ ਤਾਂ ਸ਼ਾਹੂਕਾਰ ਸਨ, ਲੱਖਾਂ ਇੱਟਾਂ ਦਾ ਨੁਕਸਾਨ ਵੀ ਸਹਿ ਜਾਂਦੇ, ਪਰ ਭਗਤੂ ਖੁਰਦੀ ਮਿਹਨਤ ਦੇਖ ਕੇ ਦੁਖੀ ਹੁੰਦਾ। ‘ਕੀੜੀ ਨੂੰ ਤਾਂ ਤੱਕਲੇ ਦਾ ਦਾਗ ਈ ਬਥੇਰਾ ਹੁੰਦੈ,’ ਉਹ ਸੋਚਦਾ।
ਕਈ ਵਾਰ ਸਰਵਣ ਉਸ ਨੂੰ ਸੌਖਾ ਕੰਮ ਕਰਨ ਲਈ ਆਖਦਾ, ਪਰ ਭਗਤੂ ਹੱਸਣ ਲੱਗ ਪੈਂਦਾ। ਹੈਰਾਨ ਹੋਏ ਸਰਵਣ ਨੂੰ ਉਸ ਦੀਆਂ ਅੱਖਾਂ ਵਿੱਚ ਤੈਰਦਾ ਸੁਪਨਾ ਦਿਖਾਈ ਨਾ ਦਿੰਦਾ, ‘ਸਰਵਣਾ ਮੈਂ ਜਿਹੜੀ ਲੀਹ ‘ਤੇ ਚੱਲ ਰਿਹਾਂ, ਇਹ ਆਪ ਕੋ ਸਮਝ ਨਹੀਂ ਆਏਗੀ। ਉਸ ਦੀ ਜਲਾਲ ‘ਚ ਆ ਕੇ ਬੋਲੀ ਹਿੰਦੀ ਨੂੰ ਸਰਵਣ ਸਮਝ ਨਾ ਸਕਦਾ ਤੇ ਬਹਿਸ ਕਰਨ ਦੀ ਥਾਂ ਚੁੱਪ ਕਰ ਜਾਂਦਾ। ਭਗਤੂ ਦੀ ਇਸ ਜ਼ਿੱਦ ਪਿੱਛੇ ਇਕ ਕਾਰਨ ਸੀ। ਉਸ ਦਾ ਇਕਲੌਤਾ ਪੁੱਤਰ ਦਲਵੀਰ ਪੜ੍ਹਾਈ ਦੀ ਪੌੜੀ ਦੇ ਆਖਰੀ ਡੰਡੇ ਨੂੰ ਹੱਥ ਪਾ ਚੁੱਕਾ ਸੀ। ਪੜ੍ਹਾਈ ਵਿੱਚ ਸ਼ੁਰੂ ਤੋਂ ਹੁਸ਼ਿਆਰ ਦਲਵੀਰ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਐਮ ਏ ਔਨਰਜ਼ ਵਿੱਚ ਦਾਖਲੇ ਲਈ ਹੋਏ ਇਮਤਿਹਾਨ ਵਿੱਚ ਤੇਰ੍ਹਵਾਂ ਸਥਾਨ ਹਾਸਲ ਕੀਤਾ ਸੀ। ਜਦੋਂ ਭਗਤੂ ਨੂੰ ਦਲਵੀਰ ਨੇ ਤੇਰ੍ਹਵੇਂ ਸਥਾਨ ਦੇ ਅਰਥ ਸਾਧਾਰਨ ਭਾਸ਼ਾ ਵਿੱਚ ਸਮਝਾਏ ਤਾਂ ਭਗਤੂ ਜਿਵੇਂ ਨੱਚਣ ਹੀ ਲੱਗ ਪਿਆ। ਖਬਰ ਬੇਸ਼ੱਕ ਚਾਅ ਵਾਲੀ ਸੀ, ਪਰ ਦਲਵੀਰ ਨੂੰ ਭੋਲੇ ਸੁਭਾਅ ਵਾਲੇ ਆਪਣੇ ਬਾਪੂ ਉਤੇ ਤਰਸ ਵੀ ਆ ਰਿਹਾ ਸੀ, ਜਿਹੜਾ ਮਿੱਟੀ ਨਾਲ ਮਿੱਟੀ ਹੋ ਕੇ ਉਸ ਨੂੰ ਇਸ ਮੁਕਾਮ ‘ਤੇ ਲੈ ਆਇਆ ਸੀ।
‘ਦਲਵੀਰ, ਤੂੰ ਚੰਡੀਗੜ੍ਹ ਸਮਾਰ ਕੇ ਦੇਖੀਂ। ਬਾਹਲਾ ਸੋਹਣਾ ਸ਼ਹਿਰ ਦੱਸਦੇ ਐ। ਬਾਗਾਂ ‘ਚ ਤੁਰ ਕੇ ਦੇਖੀਂ,’ ਦਾਖਲਾ ਮਿਲਣ ਦੇ ਪੱਕ ਮਗਰੋਂ ਭਗਤੂ ਨੇ ਕਿਹਾ ਸੀ।
‘ਬਾਪੂ, ਮੈਂ ਤੈਨੂੰ ਵੀ ਸ਼ਹਿਰ ਦਿਖਾਉਂ।’
‘ਮੈਂ ਬਹਾਨੇ ਨਾਲ ਆਊਂ। ਬਿਸਕੁਟਾਂ ਦਾ ਪੀਪਾ ਲੈ ਕੇ। ਬਹਾਨਾ ਹੋਇਆ ਤਾਂ ਮੈਨੂੰ ਕਿਸੇ ਨੇ ਰੋਕਣਾ ਵੀ ਨਹੀਂ,’ ਭਗਤੂ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਤੈਰਨ ਲੱਗੇ। ਬੇਸ਼ੱਕ ਦਲਵੀਰ ਦੀ ਦੌੜ ਲੰਬੀ ਸੀ, ਪਰ ਮਿਆਰੀ ਯੂਨੀਵਰਸਿਟੀ ਵਿੱਚ ਦਾਖਲਾ ਮਿਲਣ ਦਾ ਉਸ ਨੂੰ ਮਾਣ ਵੀ ਸੀ। ਖਰਚ ਹੋਣ ਵਾਲੇ ਪੈਸਿਆਂ ਦੀ ਗੱਲ ਚੱਲੀ ਤੇ ਥੋੜ੍ਹੇ ਨਿਰਾਸ਼ ਦਿਸਦੇ ਮਾਂ ਪੁੱਤ ਦੇ ਮੂੰਹ ਉਤੇ ਹੱਥ ਧਰਦਿਆਂ ਭਗਤੂ ਨੇ ਝਿੜਕ ਦਿੱਤੀ, ‘ਹੇ ਖਾਂ, ਕਿਵੇਂ ਲਿੱਸੀਆਂ ਗੱਲਾਂ ਕਰਦੇ ਐ!’ ਭਗਤੂ ਹੋਰ ਕੋਈ ਗੱਲ ਸੁਣੇ ਬਿਨਾਂ ਸ਼ਾਹੂਕਾਰਾਂ ਵੱਲ ਭੱਜ ਪਿਆ। ਉਸਦੀ ਪੜਤ ਬਣੀ ਹੋਈ ਸੀ। ਸੋ ਇਕੋ ਵਾਰ ਮੰਗਣ ‘ਤੇ ਮਿਲੇ ਪੈਸੇ ਲਿਆ ਕੇ ਉਸ ਨੇ ਦਲਵੀਰ ਨੂੰ ਫੜਾਉਂਦਿਆਂ ਕਿਹਾ, ‘ਹੁਣ ਕੋਈ ਗੱਲ ਨਹੀਂ ਕਰਨੀ।’
ਉਸ ਦਿਨ ਤੋਂ ਬਾਅਦ ਭਗਤੂ ਵਿੱਚ ਜਿੰਨ ਜਿਹਾ ਜ਼ੋਰ ਆ ਗਿਆ। ਛਾਂਟਾ ਖਾ ਭਗਤੂ ਦੇ ਖੱਚਰ ਨੇ ਸੜਕ ਫੜ ਲਈ। ਸਾਹਮਣੇ ਸੂਏ ਦਾ ਮੋੜ ਪੈਂਦੀ ਸੀ। ਕੱਚੀ ਪਹੀ ਪੈ ਪਥੇਰ ਵਾਲੀ ਜ਼ਮੀਨ ਆ ਜਾਣੀ ਸੀ। ਖੱਚਰ ਰੇੜ੍ਹਾ ਹੌਲੀ ਹੋ ਗਿਆ। ਉਹ ਹਰ ਰੋਜ਼ ਇਸ ਥਾਂ ਰੇੜ੍ਹਾ ਰੋਕ ਕੇ ਖੱਚਰ ਨੂੰ ਸੂਏ ਵਿੱਚੋਂ ਪਾਣੀ ਪਿਆਉਂਦਾ ਸੀ। ਲਗਾਮ ਖੁੱਲ੍ਹੀ ਛੱਡ ਕੇ ਭਗਤੂ ਚੰਨ ਦੀ ਕਾਤਰ ਵੱਲ ਝਾਕਿਆ। ਚੰਨ ਦੋਸਾਂਗ ਕਿੱਕਰ ਦੇ ਵਿਚਕਾਰ ਦੀ ਥੱਲੇ ਲਹਿੰਦਾ ਜਾ ਰਿਹਾ ਸੀ। ਦਲਵੀਰ ਬਾਰੇ ਸੋਚਦਾ ਭਗਤੂ ਅਤੀਤ ਵਿੱਚ ਉਤਰ ਗਿਆ। ਪਿਛਲਖੁਰੂ ਪਰਤਦਿਆਂ ਉਸ ਨੂੰ ਆਪਣੀ ਸਿਆਣਪ ‘ਤੇ ਰਸ਼ਕ ਹੋ ਰਿਹਾ ਸੀ। ਦਰਅਸਲ, ਉਦੋਂ ਦਲਵੀਰ ਨੇ ਦਸਵੀਂ ਪਾਸ ਕੀਤੀ ਸੀ ਜਦੋਂ ਭਗਤੂ, ਸਰਦਾਰ ਕੌਰ ਸਿੰਘ ਨਾਲ ਸੀਰੀ ਸੀ। ਇਕ ਦਿਨ ਉਸ ਨਾਲ ਕੌਰ ਸਿੰਘ ਦੇ ਖੇਤ ਗਏ ਦਲਵੀਰ ਵੱਲ ਦੇਖ ਕੇ ਸਰਦਾਰ ਨੇ ਕਿਹਾ, ‘ਭਗਤੂ, ਮੁੰਡਾ ਤੇਰਾ ਗੱਭਰੂ ਹੋ ਗਿਆ।’
ਭਗਤੂ ਨੇ ਅਗਲੀ ਗੱਲ ਸੁਣਨ ਲਈ ਹਾਂ ਵਿੱਚ ਸਿਰ ਹਿਲਾਇਆ। ‘ਬੋਲ ਏਸ ਨੂੰ ਖੇਤੀਬਾੜੀ ਅਫਸਰ ਬਣਾਈਏ? ਆਪਣੇ ਕਿੰਨੂਆਂ ਦੇ ਬਾਗ ਦਾ ਕੰਮ ਸੰਭਾਲ ਦਿਆਂਗੇ। ਪੜ੍ਹਾਈਆਂ ਵਿੱਚ ਕੀ ਰੱਖਿਐ? ਆਹ ਸਾਡੀ ਪੱਤੀ ਦੇ ਸਾਰੇ ਜਵਾਕ ਡਿਗਰੀਆਂ ਚੁੱਕੀ ਫਿਰਦੇ ਐ। ਬੇਰੁਜ਼ਗਾਰੀ ਵਧੀ ਪਈ ਐ। ਦੋ ਮਕਾਨ ਛੱਤ ਲਈ। ਕੱਲ੍ਹ ਨੂੰ ਮੁੰਡਾ ਵਿਆਹੇਂਗਾ ਵੀ।’
‘ਇਹ ਤਾਂ ਜੀ ਪੜ੍ਹਾਈ ‘ਚ ਬੜਾ ਹੁਸ਼ਿਆਰ ਐ।’
‘ਉਏ ਪੜ੍ਹੀ ਵੀ ਜਾਊ। ਪ੍ਰਾਈਵੇਟ ਪਰਚੇ ਦੇ ਦਿਆ ਕਰੇਗਾ।’
ਭਗਤੂ ਨੂੰ ਅੰਦਰੋਂ ਖਿੱਝ ਤਾਂ ਆਈ, ਪਰ ਉਹ ਚੁੱਪ ਕਰ ਗਿਆ। ਘਰ ਆ ਕੇ ਉਸ ਨੇ ਸਰਦਾਰ ਬਾਰੇ ਬਿਸ਼ਨੀ ਕੋਲ ਹਿਰਖ ਕੀਤਾ। ਬਿਸ਼ਨੀ ਬੋਲੀ, ‘ਇਹ ਕਦੋਂ ਚਾਹੁੰਦੈ ਐ ਬਈ ਅਸੀਂ ਇਨ੍ਹਾਂ ਦੇ ਬਰਾਬਰ ਹੋ ਜਾਈਏ। ਸਰਦਾਰ ਨੂੰ ਆਵਦੇ ਹਿੱਤ ਪਿਆਰੇ ਐ। ਕਿਸੇ ਦੀ ਜ਼ਿੰਦਗੀ ਬਰਬਾਦ ਹੋ ਜਾਊ ਤਾਂ ਏਸ ਨੂੰ ਕੀ?’ ਬਿਸ਼ਨੀ ਨੇ ਅੱਗੇ ਦਲਵੀਰ ਨੂੰ ਕਿਹਾ, ‘ਪੁੱਤ, ਤੂੰ ਖੇਤ ਈ ਨਾ ਜਾਇਆ ਕਰ। ਪੜ੍ਹਾਈ ਵੱਲ ਧਿਆਨ ਰੱਖਿਆ ਕਰ।’
ਭਗਤੂ ਨੇ ਅਗਲੇ ਸਾਲ ਸਰਦਾਰ ਦਾ ਸੀਰ ਵੀ ਛੱਡ ਦਿੱਤਾ। ਉਸ ਨੇ ਨਗਦ ਅਦਾਇਗੀ ਵਾਲਾ ਪਥੇਰ ਦਾ ਕੰਮ ਸਾਂਭ ਲਿਆ। ਵੋਟਾਂ ਵੇਲੇ ਉਸ ਨੇ ਦਲਵੀਰ ਦੀਆਂ ਸਿਆਣੀਆਂ ਗੱਲਾਂ ਦੇ ਅਸਰ ਕਾਰਨ ਵੋਟਾਂ ਦੇ ਪੈਸੇ ਵੀ ਨਾ ਲਏ ਤੇ ਸ਼ਰਾਬ ਦੀ ਬੋਤਲ ਵੀ ਨਾ ਲਈ। ਜਦੋਂ ਸਰਦਾਰ ਦੇ ਬੰਦੇ ਜ਼ਿਆਦਾ ਜ਼ਿੱਦ ਕਰਨ ਲੱਗੇ ਤਾਂ ਉਹ ਬੋਲ ਹੀ ਪਿਆ, ‘ਬਾਈ ਜੇ ਤੁਸੀਂ ਜ਼ਿੱਦ ਕਰੋਗੇ ਤਾਂ ਅਸੀਂ ਕਿਸੇ ਨੂੰ ਵੋਟ ਨਹੀਂ ਪਾਉਣੀ। ‘ਨੋਟਾ’ ਵਾਲਾ ਬਟਨ ਦੱਬ ਦਿਆਂਗੇ।’
ਕਈ ਬੰਦੇ ਉਸ ਦੀ ਇਹ ਗੱਲ ਸੁਣ ਕੇ ਹੱਸਣ ਲੱਗੇ। ਸਰਦਾਰ ਦੇ ਮੋਹਰੀ ਬੰਦਿਆਂ ‘ਚੋਂ ਇਕ ਨੇ ਕਿਹਾ, ‘ਹੁਣ ਭਗਤੂ ਨਹੀਂ ਬੋਲਦਾ। ਏਹਦੇ ‘ਚੋਂ ਕੋਈ ਹੋਰ ਬੋਲਣ ਲੱਗ ਪਿਆ।’
ਗੱਲ ਸੱਚੀ ਵੀ ਸੀ ਕਿਉਂਕਿ ਦਲਵੀਰ ਨੇ ਉਸ ਨੂੰ ਕਿਹਾ ਸੀ, ‘ਬਾਪੂ, ਸਾਡਾ ਲੋਕ ਕਲਾਕਾਰ ਗਾਉਂਦਾ ਹੈ, ਭੇਡ ਵਿਕ ਗਈ ਸਤਾਰਾਂ ਸੌ ਨੂੰ ਪੂਰੀ, ਚਾਰ ਸੌ ਨੂੰ ਵੋਟ ਵਿਕ ਗਈ।’ ਉਸ ਨੇ ਦਲਵੀਰ ਦੀ ਗੱਲ ਪੱਲੇ ਬੰਨ੍ਹ ਲਈ ਸੀ।
ਮੀਂਹ ਦੀ ਰੁੱਤ ਆ ਗਈ। ਪਥੇਰ ਰੁਕ ਗਈ। ਭਗਤੂ ਵਿਹਲਾ ਸੀ। ਉਸ ਨੇ ਦਲਵੀਰ ਲਈ ਬਿਸਕੁਟ ਬਣਵਾ ਲਿਆਂਦੇ। ਬਹਾਨੇ ਨਾਲ ਉਹ ਚੰਡੀਗੜ੍ਹ ਵੀ ਦੇਖਣਾ ਚਾਹੁੰਦਾ ਸੀ। ਨਵੇਂ ਕੱਪੜੇ ਪਾ ਕੇ ਉਸ ਨੇ ਸੱਥ ਵਿਚ ਦੀ ਲੰਘਣ ਦੀ ਸੋਚੀ। ਅਸਲ ਵਿੱਚ ਉਹ ਕੌਰ ਸਿੰਘ ਨੂੰ ਦੱਸਣਾ ਚਾਹੁੰਦਾ ਸੀ ਕਿ ਸਾਡੇ ਧੀਆਂ ਪੁੱਤ ਵੀ ਸ਼ਹਿਰਾਂ ‘ਚ ਪੜ੍ਹ ਸਕਦੇ ਹਨ। ਇਕ ਛੋਟੇ ਕਿਸਾਨ ਨੇ ਸੱਥ ਵਿੱਚ ਪੈਰ ਮਲਦੇ ਭਗਤੂ ਵੱਲ ਦੇਖ ਕੇ ਕਿਹਾ, ‘ਅੱਜ ਤਾਂ ਬਈ ਭਗਤੂ, ਸਾਉਣ ਮਹੀਨੇ ‘ਚ ਬਗਲੇ ਵਾਂਗ ਫੱਬਿਆ ਫਿਰਦੈ।’
ਕਈ ਬੰਦੇ ਉਸ ਵੱਲ ਦੇਖਦੇ ਬੋਲੇ, ‘ਕਿੱਧਰ ਚੱਲਿਆ ਭਗਤੂ?’
‘ਸਾਡਾ ਦਲਵੀਰ ਚੰਡੀਗੜ੍ਹ ਪੜ੍ਹਾਈ ਕਰਦੈ। ਉਹਦੇ ਲਈ ਕੁਛ ਖਾਣ ਪੀਣ ਦਾ ਸਮਾਨ ਲੈ ਕੇ ਚੱਲਿਆਂ। ਨਾਲੇ ਏਸੇ ਬਹਾਨੇ ਨਾਲ ਸ਼ਹਿਰ ਦੇਖ ਲਵਾਂਗੇ। ਪਹਿਲੀ ਉਮਰ ਤਾਂ ਪੋਹਲੀ ਲਤੜਦਿਆਂ ਲੰਘ ਗਈ। ਚਾਰ ਦਿਨ ਸੈਰਾਂ ਕਰ ਲਈਏ।’
ਕੌਰ ਸਿੰਘ ਨੇ ਉਸ ਵੱਲੋਂ ਮੂੰਹ ਪਰ੍ਹੇ ਨੂੰ ਕਰ ਲਿਆ। ਜਦੋਂ ਉਹ ਤੁਰ ਗਿਆ ਤਾਂ ਕਈ ਬੰਦੇ ਬੋਲਣ ਲੱਗ ਪਏ, ‘ਦੇਖ ਲਉ ਬਈ, ਕੁਦਰਤ ਦੇ ਰੰਗ ਐ। ਗੋਦੜੀਆਂ ‘ਚ ਵੀ ਲਾਲ ਦਗਣ ਲੱਗ ਪੈਂਦੇ ਐ।’
ਕੌਰ ਸਿੰਘ ਨੇ ਨੱਕ ‘ਤੇ ਪਰਨਾ ਲਪੇਟਦਿਆਂ ਕਿਹਾ, ‘ਕਿਉਂ ਯਾਰ, ਗੱਲ ਚੁੱਕੀ ਜਾਨੇ ਓ। ਆਪਣੇ ਐਥੇ ਕਿੰਨੇ ਪੜ੍ਹੇ ਫਿਰਦੇ ਐ। ਉਹ ਨੌਕਰੀਆਂ ਲੱਗ ਗਏ? ਅਖੇ ਉਹ ਗੱਲ ਐ ਜਾਤ ਦੀ ਕੋਹੜ ਕਿਰਲੀ ਤੇ ਸ਼ਤੀਰਾਂ ਨਾਲ ਜੱਫੇ,’ ਸਰਦਾਰ ਵਾਹਵਾ ਚਿਰ ਅਜਿਹਾ ਕੁਝ ਬੋਲੀ ਗਿਆ।
ਚੰਡੀਗੜ੍ਹ ਦੇਖੇ ਦੀਆਂ ਗੱਲਾਂ ਭਗਤੂ ਕਈ ਦਿਨ ਬਿਸ਼ਨੀ ਨਾਲ ਵੀ ਕਰੀ ਗਿਆ। ਉਹ ਲੰਬੀ ਪੜ੍ਹਾਈ ‘ਚ ਉਲਝੇ ਦਲਵੀਰ ਨੂੰ ਉਡੀਕਦਾ ਰਹਿੰਦਾ। ਫੋਨ ਆਉਂਦਾ ਤਾਂ ਉਹ ਉਚੀ-ਉਚੀ ਗੱਲਾਂ ਕਰਦੇ ਵਿਹੜੇ ‘ਚ ਭੱਜਿਆ ਫਿਰਦਾ। ਇਕ ਦਿਨ ਦਲਵੀਰ ਛੁੱਟੀਆਂ ਕਾਰਨ ਘਰ ਆ ਗਿਆ। ਭਗਤੂ ਇੱਟਾਂ ਥੱਪ ਕਾਹਲੀ ਨਾਲ ਪਰਤਦਾ ਅਤੇ ਅੱਧੀ ਰਾਤ ਤੱਕ ਦਲਵੀਰ ਨਾਲ ਗੱਲੀਂ ਲੱਗਿਆ ਰਹਿੰਦਾ। ਛੁੱਟੀ ਖਤਮ ਹੋਣ ‘ਤੇ ਦਲਵੀਰ ਆਪਣਾ ਲੋੜੀਂਦਾ ਸਾਮਾਨ ਤਿਆਰ ਕਰ ਰਿਹਾ ਸੀ। ਭਗਤੂ ਖੱਚਰ ਨੂੰ ਧਲਿਆਰਾ ਪਾ ਪਥੇਰ ‘ਤੇ ਜਾਣ ਲਈ ਤਿਆਰ ਖੜਾ ਸੀ। ਉਸ ਵੱਲ ਦੇਖ ਕੇ ਇਕ ਵਾਰ ਤਾਂ ਦਲਵੀਰ ਦੀਆਂ ਅੱਖਾਂ ਭਰ ਆਈਆਂ। ਕਰੜੇ ਕੰਮ ਕਾਰਨ ਉਸ ਦੀਆਂ ਖੁੱਚਾਂ ਦੀਆਂ ਨਾੜਾਂ ਕਿਰਲੇ ਵਾਂਗ ਆਕੜੀਆਂ ਦਿਖਾਈ ਦਿੰਦੀਆਂ ਸਨ। ਉਸ ਨੇ ਉਦਾਸੀ ਨਾਲ ਕਿਹਾ, ‘ਬਾਪੂ, ਇਹ ਸਹੀ ਹੈ ਕਿ ਮੈਨੂੰ ਨੌਕਰੀ ਮਿਲ ਜਾਊ, ਪਰ ਵਕਤ ਬੜਾ ਲੱਗਣਾ ਏ। ਤੇਰਾ ਕੰਮ ਔਖਾ ਏ। ਏਨੀ ਕੀਮਤ ਤੂੰ ਕਿੰਨਾ ਚਿਰ ਤਾਰੇਂਗਾ?’
ਭਗਤੂ ਨੇ ਮੁੱਕਾ ਤਣਦਿਆਂ ਕਿਹਾ, ‘ਬੱਸ ਇਹੀ ਕਾਰਨ ਐ ਤੇਰੀ ਉਦਾਸੀ ਦਾ?’
ਦਲਵੀਰ ਨੇ ਹਾਂ ‘ਚ ਸਿਰ ਹਿਲਾਇਆ। ‘ਪੁੱਤ, ਲੋਕਾਂ ਦੀ ਅਣਸ ਚਾਰ ਦਮੜਿਆਂ ਖਾਤਰ ਵਿਦੇਸ਼ਾਂ ਵਿੱਚ ਰੁਲਦੀ ਫਿਰਦੀ ਐ, ਆਵਦੀਆਂ ਜੜ੍ਹਾਂ ਨਾਲੋਂ ਟੁੱਟੀ ਫਿਰਦੀ ਐ। ਜੇ ਮੇਰੀ ਥੱਲੀ ਮਿੱਟੀ ਨਾਲ ਤੈਨੂੰ ਇਥੇ ਨੌਕਰੀ ਮਿਲਦੀ ਐ ਤਾਂ ਉਨ੍ਹਾਂ ਨਾਲੋਂ ਆਪਾਂ ਬਾਹਲੇ ਚੰਗੇ ਆਂ। ਤੂੰ ਬੇਫਿਕਰ ਹੋ ਕੇ ਜਾਹ। ਮੈਂ ਬਹੁਤ ਖੁਸ਼ ਹਾਂ’, ਭਗਤੂ ਨੇ ਦਲਵੀਰ ਦਾ ਸਿਰ ਪਲੋਸਿਆ। ਫਿਰ ਉਹ ਛਾਲ ਮਾਰ ਕੇ ਰੇੜ੍ਹੇ ‘ਤੇ ਚੜ੍ਹ ਗਿਆ ਤੇ ਭਗਤੂ ਦਾ ਖਚਰਾ ਹਵਾ ਨਾਲ ਗੱਲਾਂ ਕਰ ਰਿਹਾ ਸੀ।