ਮਿਸੀਸਾਗਾ ਦੀ ਕੰਸਟ੍ਰਕਸ਼ਨ ਕੰਪਨੀ ਨੂੰ 90,000 ਡਾਲਰ ਜੁਰਮਾਨਾ


ਕੰਮ ਵਾਲੀ ਥਾਂ ਉੱਤੇ ਵਰਕਰ ਨਾਲ ਪੇਸ਼ ਆਏ ਹਾਦਸੇ ਕਾਰਨ ਹੋਇਆ ਜੁਰਮਾਨਾ
ਮਿਸੀਸਾਗਾ, 5 ਅਪਰੈਲ (ਪੋਸਟ ਬਿਊਰੋ) : ਮਿਸੀਸਾਗਾ ਦੀ ਇੱਕ ਵੱਡੀ ਕੰਸਟ੍ਰਕਸ਼ਨ ਕੰਪਨੀ ਨੂੰ ਆਕਿਊਪੇਸ਼ਨਲ ਹੈਲਥ ਐਂਡ ਸੇਫਟੀ ਐਕਟ ਦੀ ਉਲੰਘਣਾਂ ਕਰਨ ਦੇ ਸਬੰਧ ਵਿੱਚ ਦੋਸ਼ੀ ਮੰਨਦਿਆਂ ਹੋਇਆਂ 90,000 ਡਾਲਰ ਦਾ ਜੁਰਮਾਨਾ ਕੀਤਾ ਗਿਆ ਹੈ। ਮਾਮਲਾ ਇੱਕ ਵਰਕਰ ਦੇ ਕੰਮ ਦੌਰਾਨ ਪੌੜੀ ਤੋਂ ਡਿੱਗ ਜਾਣ ਤੇ ਸਿਰ ਦੀ ਗੰਭੀਰ ਸੱਟ ਨਾਲ ਜੁੜਿਆ ਹੈ।
ਸੈਨਟੋਰੋ ਕੰਸਟ੍ਰਕਸ਼ਨ, ਜਿਸ ਦਾ ਹੈੱਡਕੁਆਰਟਰ ਅਮੈਰੀਕੀਨ ਡਰੇਲ ਉੱਤੇ ਸਥਿਤ ਹੈ, ਨੂੰ 3 ਅਪਰੈਲ ਨੂੰ ਜਸਟਿਸ ਆਫ ਦ ਪੀਸ ਰੋਜ਼ੇਨ ਗਿਊਲਿਏਟੀ ਦੀ ਅਦਾਲਤ ਵੱਲੋਂ 90,000 ਡਾਲਰ ਦਾ ਜੁਰਮਾਨਾ ਲਾਇਆ ਗਿਆ। ਜਿ਼ਕਰਯੋਗ ਹੈ ਕਿ 10 ਮਈ, 2016 ਨੂੰ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਦੇ ਨੇੜੇ ਫਾਸਕਨ ਡਰੇਲ ਉੱਤੇ ਸਥਿਤ ਸਨਵਿੰਗ ਆਫਿਸ ਬਿਲਡਿੰਗ ਉੱਤੇ ਪੌੜੀ ਲਾ ਕੇ ਕੰਮ ਕਰਦੇ ਸਮੇਂ ਇੱਕ ਵਰਕਰ ਹੇਠਾਂ ਡਿੱਗ ਗਿਆ। ਇਸ ਥਾਂ ਉੱਤੇ ਕੰਸਟ੍ਰਕਸ਼ਨ ਕੰਪਨੀ ਵੱਲੋਂ ਨਵੀਂ ਆਫਿਸ ਬਿਲਡਿੰਗ ਦੀ ਉਸਾਰੀ ਚੱਲ ਰਹੀ ਸੀ ਤੇ ਇਸ ਦੇ ਨਾਲ ਹੀ ਪਹਿਲਾਂ ਤੋਂ ਹੀ ਮੌਜੂਦ ਇਮਾਰਤ ਦੀ ਮੁਰੰਮਤ ਦਾ ਕੰਮ ਵੀ ਚੱਲ ਰਿਹਾ ਸੀ।
ਸੈਨਟੋਰੋ ਕੰਸਟ੍ਰਕਸ਼ਨ ਲਿਮਟਿਡ ਹੀ ਇਸ ਪ੍ਰੋਜੈਕਟ ਦੀ ਕੰਸਟ੍ਰਕਟਰ ਸੀ ਤੇ ਉਸ ਦਾ ਜੀਐਮਜੇ ਇਲੈਕਟ੍ਰਿਕ ਇਨਕਾਰਪੋਰੇਸ਼ਨ, ਜਿਹੜੀ ਹਾਦਸੇ ਦਾ ਸਿਕਾਰ ਵਰਕਰ ਦੀ ਇੰਪਲਾਇਰ ਸੀ, ਦੇ ਨਾਲ ਕਾਂਟਰੈਕਟ ਸੀ। ਅਦਾਲਤ ਵਿੱਚ ਦੱਸਿਆ ਗਿਆ ਕਿ ਹਾਦਸੇ ਦਾ ਸਿ਼ਕਾਰ ਵਰਕਰ ਤੇ ਉਸ ਦੇ ਸਾਥੀ ਮੁਰੰਮਤ ਕੀਤੇ ਜਾਣ ਵਾਲੇ ਆਫਿਸ ਏਰੀਆ ਦੀ ਛੱਤ ਵਿੱਚ ਬਿਜਲੀ ਦੀ ਤਾਰ ਫਿੱਟ ਕਰ ਰਹੇ ਸਨ। ਲੇਬਰ ਮੰਤਰਾਲੇ ਅਨੁਸਾਰ ਵਰਕਰ ਦਸ ਡੰਡਿਆਂ ਵਾਲੀ ਪੌੜੀ ਦੇ ਉੱਪਰ ਚੜ੍ਹ ਕੇ ਡਰੌਪ ਸੀਲਿੰਗ ਦੇ ਗਰਿੱਡ ਦੀਆਂ ਤਾਰਾਂ ਠੀਕ ਕਰ ਰਿਹਾ ਸੀ ਜਦੋਂ ਉਹ ਜ਼ਮੀਨ ਉੱਤੇ ਆ ਡਿੱਗਿਆ ਤੇ ਗੰਭੀਰ ਜ਼ਖਮੀ ਹੋ ਗਿਆ।
ਸੈਨਟੋਰੋ ਕੰਸਟ੍ਰਕਸ਼ਨ ਆਪਣੇ ਵਰਕਰ ਨੂੰ ਢੁਕਵਾਂ ਸਾਜ਼ੋ ਸਮਾਨ ਮੁਹੱਈਆ ਕਰਵਾਉਣ ਤੋਂ ਅਸਮਰੱਥ ਰਹੀ। ਅਜਿਹੇ ਸਾਜੋ਼ ਸਮਾਨ ਤੋਂ ਬਿਨਾਂ ਕੰਮ ਕਰਨਾ ਸੰਭਵ ਨਹੀਂ। ਇਹ ਆਕਿਊਪੇਸਨਲ ਹੈਲਥ ਐਂਡ ਸੇਫਟੀ ਐਕਟ ਦੀ ਉਲੰਘਣਾਂ ਹੈ। ਐਕਟ ਅਨੁਸਾਰ ਕਰਮਚਾਰੀ ਨੂੰ ਅਜਿਹਾ ਕੰਮ ਕਰਨ ਲਈ ਕੰਪਨੀ ਵੱਲੋਂ ਇੱਕ ਪਲੇਟਫਾਰਮ, ਬੋਟਸਵੇਨਜ਼ ਚੇਅਰ ਤੇ ਹੋਰ ਜ਼ਰੂਰੀ ਸੰਦ ਮੁਹੱਈਆ ਕਰਵਾਉਣੇ ਚਾਹੀਦੇ ਸਨ। ਇੱਥੇ ਦੱਸਣਾ ਬਣਦਾ ਹੈ ਕਿ ਜੀਐਮਜੇ ਲਈ ਵੱਖਰੀ ਸੁਣਵਾਈ ਜੁਲਾਈ ਵਿੱਚ ਹੋਵੇਗੀ। ਅਦਾਲਤ ਵੱਲੋਂ ਪ੍ਰੋਵਿੰਸ਼ੀਅਲ ਅਫੈਂਸਿਜ਼ ਐਕਟ ਤਹਿਤ ਸੈਨਟੋਰੋ ਕੰਸਟ੍ਰਕਸ਼ਨ ਉੱਤੇ 25 ਫੀ ਸਦੀ ਵਾਧੂ ਜੁਰਮਾਨਾ ਵੀ ਲਾਇਆ ਗਿਆ ਹੈ।