ਮਿਸਰ ਵਿੱਚ ਸੇਂਟ ਕੈਥਰੀਨ ਮੋਨੈਸਟਰੀ ‘ਤੇ ਹਮਲੇ ਵਿੱਚ ਇਕ ਮੌਤ

palm sunday egypt
ਕਾਹਿਰਾ, 20 ਅਪ੍ਰੈਲ (ਪੋਸਟ ਬਿਊਰੋ)- ਮਿਸਰ ਵਿੱਚ ਪਾਮ ਸੰਡੇ ਦੀ ਤਿਆਰੀ ਦੌਰਾਨ ਦੋ ਚਰਚਾਂ ‘ਚ ਹੋਏ ਅੱਤਵਾਦੀ ਹਮਲਿਆਂ ਤੋਂ ਬਾਅਦ ਸੇਂਟ ਕੈਥਰੀਨ ਮੋਨੈਸਟਰੀ ਉੱਤੇ ਹਮਲੇ ਦੀ ਕੋਸ਼ਿਸ਼ ਹੋਈ ਹੈ। ਇਸ ਦੀ ਸੁਰੱਖਿਆ ਕਰਨ ਵਾਲੇ ਪੁਲਸ ਅਧਿਕਾਰੀ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਤੇ ਚਾਰ ਜ਼ਖਮੀ ਹੋ ਗਏ।
ਪਾਮ ਸੰਡੇ ਦੌਰਾਨ ਹੋਏ ਹਮਲਿਆਂ ਵਿੱਚ 45 ਲੋਕਾਂ ਦੇ ਮਾਰੇ ਜਾਣ ਮਗਰੋਂ ਰਾਸ਼ਟਰਪਤੀ ਨੇ ਸਾਰੇ ਦੇਸ਼ ਵਿੱਚ ਐਮਰਜੈਂਸੀ ਲਾਗੂ ਕਰ ਦਿੱਤੀ ਅਤੇ ਘੱਟ ਗਿਣਤੀ ਲੋਕਾਂ ਦੇ ਟਿਕਾਣਿਆਂ ਸਮੇਤ ਸਾਰੇ ਪ੍ਰਮੁੱਖ ਸਥਾਨਾਂ ਦੀ ਸੁਰੱਖਿਆ ਵਧਾ ਦਿੱਤੀ ਸੀ। ਇਸ ਪਿੱਛੋਂ ਸੇਂਟ ਕੈਥਰੀਨ ਮੋਨੈਸਟਰੀ ‘ਤੇ ਹੋਇਆ ਹਮਲਾ ਓਥੇ ਦੀ ਸਖਤ ਸੁਰੱਖਿਆ ਦੇ ਕਾਰਨ ਵੱਧ ਨੁਕਸਾਨ ਨਹੀਂ ਕਰ ਸਕਿਆ। ਮੋਨੈਸਟਰੀ ਤੋਂ ਅੱਠ ਸੌ ਮੀਟਰ ਦੂਰ ਹੋਏ ਇਸ ਹਮਲੇ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਆਈ ਐਸ ਆਈ ਐਸ ਨੇ ਲਈ ਹੈ।
ਮਿਸਰ ਦੀ ਇਹ ਮੋਨੈਸਟਰੀ ਦੁਨੀਆ ‘ਚ ਇਸਾਈਆਂ ਦੇ ਸਭ ਤੋਂ ਵੱਧ ਪਵਿੱਤਰ ਮੰਨੇ ਜਾਣ ਵਾਲੇ ਸਥਾਨਾਂ ‘ਚੋਂ ਇਕ ਗਿਣੀ ਜਾਂਦੀ ਹੈ। ਇਹ ਹਮਲਾ ਪੋਪ ਫਰਾਂਸਿਸ ਵੱਲੋਂ ਮਿਸਰ ਦਾ ਦੌਰਾ ਕਰਨ ਤੋਂ ਦਸ ਦਿਨ ਪਹਿਲਾਂ ਹੋਇਆ ਹੈ। ਸੇਂਟ ਕੈਥਰੀਨ ਮੋਨੈਸਟਰੀ ਦੀ ਸਥਾਪਨਾ ਛੇਵੀਂ ਸਦੀ ਵਿੱਚ ਹੋਈ ਸੀ। ਇਹ ਮਾਊਂਟ ਸਿਨਾਈ ਦੇ ਜੜ੍ਹਾਂ ਵਿੱਚ ਮੌਜੂਦ ਹੈ ਤੇ ਦੁਨੀਆ ਦੇ ਸਭ ਤੋਂ ਪੁਰਾਤਨ ਇਸਾਈ ਧਰਮ ਸਥਾਨਾਂ ਵਿੱਚੋਂ ਇਕ ਹੈ। ਯੂਨੈਸਕੋ ਨੇ ਇਸ ਨੂੰ ਵਿਸ਼ਵ ਵਿਰਾਸਤ ਦੀ ਇਮਾਰਤ ਐਲਾਨਿਆ ਹੋਇਆ ਹੈ। ਇਹ ਇਮਾਰਤ ਈਸਟਰਨ ਆਰਥੋਡਾਕਸ ਚਰਚ ਦੇ ਕੋਲ ਹੈ। ਮਿਸਰ ‘ਚ ਇਸਾਈ ਘੱਟ ਗਿਣਤੀ ਹਨ ਤੇ ਉਨ੍ਹਾਂ ਦੀ ਕਰੀਬ ਦਸ ਫੀਸਦੀ ਆਬਾਦੀ ਹੈ। ਪਿਛਲੇ ਸਾਲਾਂ ਵਿੱਚ ਉਨ੍ਹਾਂ ‘ਤੇ ਹਮਲੇ ਵਧੇ ਹਨ।