ਮਿਸਰ ਵਿੱਚ ਰੇਲ ਹਾਦਸੇ ਕਾਰਨ 44 ਮੌਤਾਂ, 180 ਜਣੇ ਜ਼ਖਮੀ

kahira train accident
ਕਾਹਿਰਾ, 13 ਅਗਸਤ (ਪੋਸਟ ਬਿਊਰੋ)- ਮਿਸਰ ਵਿੱਚ ਸ਼ੁੱਕਰਵਾਰ ਦੋ ਪੈਸੰਜਰ ਰੇਲ ਗੱਡੀਆਂ ਦੀ ਆਪਸ ਵਿੱਚ ਟੱਕਰ ਹੋ ਜਾਣ ਕਾਰਨ ਮਰਨ ਵਾਲਿਆਂ ਦੀ ਗਿਣਤੀ 44 ਹੋ ਗਈ ਹੈ ਅਤੇ 180 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਹਨ। ਇਹ ਹਾਦਸਾ ਕਾਹਿਰਾ ਤੋਂ 25 ਕਿਲੋਮੀਟਰ ਦੂਰ ਕੋਸਟਲ ਸਿਟੀ ਅਲੈਗਜੈਂਡਰੀਆ ਵਿੱਚ ਹੋਇਆ ਸੀ।
ਮਿਸਰ ਦੇ ਮੰਤਰੀ ਮੰਡਲ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਮ੍ਰਿਤਕਾਂ ਦੀ ਗਿਣਤੀ ਵਿੱਚ ਵਾਧਾ ਹੋ ਸਕਦਾ ਹੈ ਤੇ ਅੰਤਿਮ ਅੰਕੜਾ ਦੋਵੇਂ ਰੇਲ ਗੱਡੀਆਂ ਦਾ ਮਲਬਾ ਸਾਫ ਕੀਤੇ ਜਾਣ ਪਿੱਛੋਂ ਜਾਰੀ ਕੀਤਾ ਜਾਵੇਗਾ। ਮਿਸਰ ਦੇ ਰੇਲ ਅਥਾਰਟੀ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਹਾਦਸਾ ਬੀਤੇ ਦਿਨੀਂ ਉਸ ਸਮੇਂ ਹੋਇਆ ਜਦ ਅਲੈਗਜੈਂਡਰੀਆ ਤੋਂ ਕਾਹਿਰਾ ਜਾ ਰਹੀ ਰੇਲ ਗੱਡੀ ਪੋਰਟ ਸਿਟੀ ਵੱਲੋਂ ਆ ਰਹੀ ਰੇਲ ਗੱਡੀ ਨਾਲ ਟਕਰਾ ਗਈ। ਮਿਸਰ ਦੇ ਜਨਰਲ ਨਸੀਬ ਸਾਦਿਕ ਨੇ ਜਾਂਚ ਦੇ ਹੁਕਮ ਦਿੱਤੇ ਹਨ। ਰਾਸ਼ਟਰਪਤੀ ਅਬਦੇਲ ਫਤਿਹ ਅਲ ਸੀਸੀ ਨੇ ਪੀੜਤਾਂ ਪ੍ਰਤੀ ਹਮਦਰਦੀ ਜ਼ਾਹਰ ਕੀਤੀ ਅਤੇ ਸਰਕਾਰੀ ਵਿਭਾਗਾਂ ਨੂੰ ਮਾਮਲੇ ਦੀ ਜਾਂਚ ਕਰਨ ਅਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਦੇ ਹੁਕਮ ਦਿੱਤੇ ਹਨ।