ਮਿਆਂਮਾਰ ਵਿੱਚ 28 ਹਿੰਦੂਆਂ ਦੀ ਸਮੂਹਿਕ ਕਬਰ ਮਿਲੀ

28 hindu graves
ਯੰਗੂਨ, 25 ਸਤੰਬਰ (ਪੋਸਟ ਬਿਊਰੋ)- ਮਿਆਂਮਾਰ ਦੀ ਫੌਜ ਨੇ ਕੱਲ੍ਹ ਕਿਹਾ ਕਿ ਹਿੰਸਾ ਪ੍ਰਭਾਵਤ ਰਖਾਇਨ ਪ੍ਰਾਂਤ ਵਿੱਚ 28 ਹਿੰਦੂਆਂ ਦੀ ਸਮੂਹਿਕ ਕਬਰ ਮਿਲੀ ਹੈ। ਇਸ ਦੇ ਲਈ ਉਸ ਨੇ ਮੁਸਲਿਮ ਰੋਹਿੰਗਿਆ ਅੱਤਵਾਦੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਸ ਦੀ ਆਜ਼ਾਦਾਨਾ ਪੁਸ਼ਟੀ ਨਹੀਂ ਹੋ ਸਕੀ।
ਫੌਜ ਦੇ ਮੁਖੀ ਦੀ ਵੈੱਬਸਾਈਟ ਉਤੇ ਪੋਸਟ ਕੀਤੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਸੁਰੱਖਿਆ ਮੈਂਬਰਾਂ ਨੂੰ 28 ਹਿੰਦੂਆਂ ਦੀਆਂ ਲਾਸ਼ਾਂ ਮਿਲੀਆਂ ਤੇ ਉਨ੍ਹਾਂ ਨੂੰ ਕੱਢਿਆ ਗਿਆ। ਰਖਾਇਨ ਪ੍ਰਾਂਤ ਵਿੱਚ ਏ ਆਰ ਐਸ ਏ ਅੱਤਵਾਦੀ ਬੰਗਾਲੀ ਅੱਤਵਾਦੀਆਂ ਵੱਲੋਂ ਇਨ੍ਹਾਂ ਦੀ ਹੱਤਿਆ ਕੀਤੀ ਗਈ। ਅਰਾਕਾਨ ਰੋਹਿੰਗਿਆ ਸਾਲਵੇਸ਼ਨ ਆਰਮੀ (ਏ ਆਰ ਐੱਮ ਏ) ਦੇ ਗਰੁੱਪ ਨੇ ਪੁਲਸ ਚੌਕੀਆਂ ‘ਤੇ ਹਮਲੇ ਕੀਤੇ, ਜਿਸ ਦੇ ਬਾਅਦ ਫੌਜ ਨੇ ਇੰਨੀ ਵੱਡੀ ਮੁਹਿੰਮ ਚਲਾਈ ਸੀ ਕਿ ਯੂ ਐੱਨ ਓ ਦਾ ਮੰਨਣਾ ਹੈ ਕਿ ਮੁਸਲਿਮ ਘੱਟਗਿਣਤੀਆਂ ਦਾ ਜਾਤੀ ਸਫਾਇਆ ਹੋਇਆ। ਇੱਕ ਮਹੀਨੇ ਦੇ ਅੰਦਰ ਹੀ ਇਸ ਇਲਾਕੇ ‘ਚੋਂ 4,30,000 ਤੋਂ ਵੱਧ ਰੋਹਿੰਗਿਆ ਭੱਜ ਕੇ ਬੰਗਲਾ ਦੇਸ਼ ਗਏ। ਇਸ ਇਲਾਕੇ ਵਿੱਚ ਰਹਿਣ ਵਾਲੇ ਕਰੀਬ 30,000 ਹਿੰਦੂ ਅਤੇ ਬੁੱਧ ਧਰਮ ਦੇ ਲੋਕ ਵੀ ਉੱਜੜ ਗਏ, ਜਿਨ੍ਹਾਂ ਵਿੱਚ ਕੁਝ ਦਾ ਕਹਿਣਾ ਹੈ ਕਿ ਰੋਹਿੰਗਿਆ ਅੱਤਵਾਦੀਆਂ ਨੇ ਉਨ੍ਹਾਂ ਨੂੰ ਡਰਾਇਆ ਸੀ। ਫੌਜ ਨੇ ਕਿਹਾ ਕਿ ਸੁਰੱਖਿਆ ਅਧਿਕਾਰੀਆਂ ਦੀਆਂ ਕਬਰਾਂ ਵਿੱਚ 20 ਔਰਤਾਂ ਅਤੇ ਅੱਠ ਮਰਦਾਂ ਦੀਆਂ ਲਾਸ਼ਾਂ ਮਿਲੀਆਂ, ਜਿਸ ਵਿੱਚ ਛੇ ਲੜਕੀਆਂ ਦੀ ਉਮਰ 10 ਸਾਲ ਵਿੱਚ ਘੱਟ ਸੀ। ਉਤਰੀ ਰਖਾਇਨ ਵਿੱਚ ਇੱਕ ਉਚ ਪੁਲਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਹਰ ਜਗ੍ਹਾ ‘ਤੇ 10 ਤੋਂ 15 ਲਾਸ਼ਾਂ ਨੂੰ ਦਫਨਾਇਆ ਹੋਇਆ ਸੀ। ਇਲਾਕੇ ਦੇ ਹਿੰਦੂਆਂ ਨੇ ਦੱਸਿਆ ਕਿ ਅੱਤਵਾਦੀ 25 ਅਗਸਤ ਨੂੰ ਉਨ੍ਹਾਂ ਦੇ ਪਿੰਡਾਂ ਵਿੱਚ ਆ ਗਏ ਅਤੇ ਅੱਗੇ ਆਉਣ ਵਾਲੇ ਕਈ ਲੋਕਾਂ ਦੀ ਹੱਤਿਆ ਕਰ ਦਿੱਤੀ ਅਤੇ ਕੁਝ ਹੋਰਾਂ ਨੂੰ ਆਪਣੇ ਨਾਲ ਜੰਗਲ ਵਿੱਚ ਲੈ ਗਏ।