ਮਾਸ ਖਾਂਦੇ ਗਣੇਸ਼ ਦੇ ਇਸ਼ਤਿਹਾਰ ਤੋਂ ਆਸਟਰੇਲੀਆ ਵਿਚਲਾ ਵਿਵਾਦ ਹੋਰ ਭਖਿਆ

ganesha add australia
* ਭਾਰਤੀ ਹਾਈ ਕਮਿਸ਼ਨ ਨੇ ਵੀ ਰੋਸ ਜ਼ਾਹਰ ਕੀਤਾ
ਨਵੀਂ ਦਿੱਲੀ, 11 ਸਤੰਬਰ, (ਪੋਸਟ ਬਿਊਰੋ)- ਆਸਟਰੇਲੀਆ ਵਿੱਚ ਮਾਸ ਖਾਂਦੇ ਭਗਵਾਨ ਗਣੇਸ਼ ਵਾਲੇ ਵਿਗਿਆਪਨ ਦੇ ਜਾਰੀ ਕੀਤੇ ਜਾਣ ਉੱਤੇ ਭਾਰਤ ਸਰਕਾਰ ਨੇ ਕੂਟਨੀਤਕ ਵਿਰੋਧ ਦਰਜ ਕਰਵਾਇਆ ਹੈ।
ਵਰਨਣ ਯੋਗ ਹੈ ਕਿ ਚਰਚਾ ਦਾ ਵਿਸ਼ਾ ਬਣੇ ਇਸ ਟੈਲੀਵੀਜ਼ਨ ਵਿਗਿਆਪਨ ਵਿੱਚ ਆਸਟਰੇਲੀਆ ਦੇ ਇਕ ਮੀਟ ਪੈਦਾ ਕਰਨ ਵਾਲੇ ਗਰੁੱਪ ਨੇ ਭਗਵਾਨ ਗਣੇਸ਼ ਨੂੰ ਮਾਸ ਖਾਂਦੇ ਦਿਖਾਇਆ ਹੈ, ਹਾਲਾਂਕਿ ਇਸ ਵਿੱਚ ਹੋਰ ਧਰਮਾਂ ਦੇ ਪ੍ਰਤੀਕ ਵੀ ਖਾਣੇ ਦੀ ਮੇਜ਼ ਦੁਆਲੇ ਬੈਠੇ ਹੋਏ ਦਿਖਾਏ ਗਏ ਹਨ। ਇਸ ਵਿਗਿਆਪਨ ਦੇ ਨਾਲ ਆਸਟਰੇਲੀਆ ਵਿੱਚ ਰਹਿਣ ਵਾਲੇ ਹਿੰਦੂ ਭਾਈਚਾਰੇ ਵਿੱਚ ਬਹੁਤ ਨਾਰਾਜ਼ਗੀ ਦਾ ਮਾਹੌਲ ਹੈ। ਹਿੰਦੂ ਭਾਈਚਾਰੇ ਦੀ ਨਾਰਾਜ਼ਗੀ ਇਸ ਗੱਲ ਕਾਰਨ ਹੈ ਕਿ ਉਨ੍ਹਾਂ ਦੇ ਭਗਵਾਨ ਗਣੇਸ਼ ਕਦੇ ਮਾਸ ਨਹੀਂ ਖਾਂਦੇ ਹਨ।
ਕੈਨਬਰਾ ਵਿੱਚ ਭਾਰਤ ਦੇ ਹਾਈ ਕਮਿਸ਼ਨ ਨੇ ਆਸਟਰੇਲੀਆ ਸਰਕਾਰ ਦੇ ਕਰੀਬ ਤਿੰਨ ਵਿਭਾਗਾਂ ਨੂੰ ਇਸ ਮਾਮਲੇ ਵਿੱਚ ਕਾਰਵਾਈ ਕਰਨ ਲਈ ਕਿਹਾ ਅਤੇ ‘ਮੀਟ ਐਂਡ ਲਾਈਵ ਸਟਾਕ ਆਸਟਰੇਲੀਆ’ (ਐੱਮ ਐੱਲ ਏ) ਨੂੰ ਇਸ ਤਰ੍ਹਾਂ ਦੇ ਵਿਗਿਆਪਨਾਂ ਨੂੰ ਹਟਾਉਣ ਦੇ ਲਈ ਅਪੀਲ ਕੀਤੀ ਹੈ। ਹਾਈ ਕਮਿਸ਼ਨ ਨੇ ਕਿਹਾ ਹੈ ਕਿ ਇਸ ਨਾਲ ਕਈ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਲੱਗੀ ਹੈ ਅਤੇ “ਕਈ ਸਾਮਾਜਿਕ ਸੰਗਠਨਾਂ ਨੇ ਵੀ ਆਸਟਰੇਲੀਆਈ ਸਰਕਾਰ ਅਤੇ ‘ਮੀਟ ਐਂਡ ਲਾਈਵ ਸਟਾਕ ਆਸਟਰੇਲੀਆ’ ਕੋਲ ਵਿਰੋਧ ਪ੍ਰਗਟ ਕੀਤਾ ਹੈ।” ਵਿਵਾਦ ਵਾਲੇ ਵਿਗਿਆਪਨ ਵਿੱਚ ਈਸਾ ਮਸੀਹ, ਗੌਤਮ ਬੁੱਧ, ਸਾਇੰਟੋਲਾਜੀ ਧਰਮ ਦੇ ਸੰਸਥਾਪਕ ਐੱਲ. ਰਾਨ ਹਬਰਡ ਆਪਸ ਵਿੱਚ ਗੱਲਾਂ ਕਰਦੇ ਹੋਏ ਇਕੋ ਟੇਬਲ ਉੱਤੇ ਖਾਣਾ ਵੀ ਖਾ ਰਹੇ ਹਨ। ਇਸ ਵਿਗਿਆਪਨ ਵਿੱਚ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਹੈ ਕਿ ਹਜ਼ਰਤ ਮੁਹੰਮਦ ਇਸ ਮੌਕੇ ਸ਼ਾਮਲ ਨਹੀਂ ਹੋ ਸਕੇ।
ਆਸਟਰੇਲੀਆ ਦੀ ਵਿਗਿਆਪਨ ਰੈਗੂਲੇਟਰੀ ਸੰਸਥਾ ਐਡਵਰਟਾਈਜਿੰਗ ਸਟੈਂਡਰਡ ਬਿਊਰੋ ਨੇ ਕਿਹਾ ਹੈ ਕਿ ਇਸ ਵਿਗਿਆਪਨ ਬਾਰੇ 30 ਤੋਂ ਵੱਧ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਹਨ। ਆਸਟਰੇਲੀਆ ਦੀ ਹਿੰਦੂ ਪ੍ਰੀਸ਼ਦ ਨੇ ਭੇਡ ਦੇ ਮਾਸ ਦੀ ਸਪਲਾਈ ਵਧਾਉਣ ਲਈ ਭਗਵਾਨ ਗਣੇਸ਼ ਦੀ ਤਸਵੀਰ ਦੀ ਵਰਤੋਂ ਕਰਨ ਨੂੰ ਘਿਨਾਉਣੀ ਕੋਸ਼ਿਸ਼ ਕਿਹਾ ਹੈ। ਭਾਰਤੀ ਮੂਲ ਦੇ ਇੱਕ ਆਸਟਰੇਲਾਈ ਨਾਗਰਿਕ ਨੇ ਦੱਸਿਆ ਕਿ ਸੋਸ਼ਲ ਮੀਡੀਆ ਉੱਤੇ ਵਿਗਿਆਪਨ ਗਣੇਸ਼ ਚਤੁਰਥੀ ਦੇ ਕੁਝ ਦਿਨ ਪਿੱਛੋਂ ਜਾਰੀ ਕੀਤਾ ਗਿਆ। ਪਿਛਲੇ ਹਫਤੇ ‘ਮੀਟ ਐਂਡ ਲਾਈਵ ਸਟਾਕ ਆਸਟਰੇਲੀਆ’ ਨੇ ਇਸ ਵਿਗਿਆਪਨ ਦਾ ਇਹ ਕਹਿੰਦੇ ਹੋਏ ਬਚਾਅ ਕੀਤਾ ਕਿ ਉਨ੍ਹਾਂ ਦਾ ਇਰਾਦਾ ਸਾਰੇ ਲੋਕਾਂ ਏਕਤਾ ਨੂੰ ਉਤਸ਼ਾਹਤ ਕਰਨਾ ਸੀ।