ਮਾਸੂਮ ਬੱਚੇ ਦਾ ਗਲਾ ਘੁੱਟ ਕੇ ਕਤਲ ਕਰਨ ਦੇ ਦੋਸ਼ ਹੇਠ ਮਤਰੇਈ ਮਾਂ ਗ੍ਰਿਫਤਾਰ


ਅੰਮ੍ਰਿਤਸਰ, 1 ਜੁਲਾਈ (ਪੋਸਟ ਬਿਊਰੋ)- ਅਜਨਾਲਾ ਸੈਕਟਰ ਦੇ ਸਰਹੱਦੀ ਪਿੰਡਕੋਟ ਰਜਾਦਾ ‘ਚ ਇੱਕ ਬੱਚੇ ਕਰਨਜੋਤ ਸਿੰਘ ਦੀ ਗਲਾ ਘੁੱਟ ਕੇ ਹੱਤਿਆ ਕਰਨ ਦੇ ਦੋਸ਼ ਵਿੱਚ ਪੁਲਸ ਨੇ ਮਤਰੇਈ ਮਾਂ ਨੂੰ ਗ੍ਰਿਫਤਾਰ ਕੀਤਾ ਹੈ।
ਜ਼ਿਲ੍ਹਾ ਪੁਲਸ ਮੁਖੀ (ਦਿਹਾਤੀ) ਪਰਮਪਾਲ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੀ ਔਰਤ ਦੀ ਪਛਾਣ ਮਨਜੀਤ ਕੌਰ ਪਤਨੀ ਹਰਦੀਪ ਸਿੰਘ ਪਿੰਡ ਕੋਟ ਰਜਾਦਾ ਵਜੋਂ ਹੋਈ ਹੈ। ਮੁੱਢਲੀ ਪੁੱਛਿਗਿੱਛ ਤੋਂ ਇਹ ਗੱਲ ਨਿਕਲੀ ਕਿ ਮ੍ਰਿਤਕ ਬੱਚੇ ਦੀ ਮਾਂ ਆਪਣੇ ਪਤੀ ਤੇ ਬੱਚੇ ਨੂੰ ਛੱਡ ਕੇ ਚਲੀ ਗਈ ਸੀ, ਜਿਸ ਪਿੱਛੋਂ ਉਸ ਦੇ ਪਤੀ ਨੇ ਮਨਜੀਤ ਕੌਰ, ਜਿਸ ਦੇ ਦੋ ਬੱਚੇ ਸਨ, ਨਾਲ ਵਿਆਹ ਕਰਵਾ ਲਿਆ ਸੀ। ਉਨ੍ਹਾਂ ਦੱਸਿਆ ਕਿ ਪੁਲਸ ਕੋਲ ਆਪਣਾ ਜੁਰਮ ਮੰਨਦੇ ਹੋਏ ਮਤਰੇਈ ਮਾਂ ਨੇ ਕਿਹਾ ਕਿ ਮਾਸੂਮ ਬੱਚੇ ਦੇ ਕਤਲ ਦੀ ਵਜ੍ਹਾ ਉਸ ਦੇ ਪਿਤਾ ਵੱਲੋਂ ਆਪਣੇ ਬੱਚੇ ਨੂੰ ਵੱਧ ਲਾਡ ਕਰਨਾ ਸੀ ਤੇ ਔਰਤ ਵੱਲੋਂ ਆਪਣੇ ਨਾਲ ਲਿਆਂਦੇ ਦੋਵੇਂ ਬੱਚਿਆਂ ਤੋਂ ਘਰ ਦਾ ਕੰਮ ਕਰਾਉਂਦਾ ਸੀ। ਉਸ ਦਾ ਪਤੀ ਸ਼ਰਾਬ ਦਾ ਆਦੀ ਸੀ ਤੇ ਨਿੱਕੀ-ਨਿੱਕੀ ਗੱਲੋਂ ਉਸ ਦੀ ਤੇ ਉਸ ਦੇ ਬੱਚਿਆਂ ਦੀ ਕੁੱਟਮਾਰ ਕਰਦਾ ਸੀ। ਔਰਤ ਸ਼ੱਕ ਕਰਦੀ ਸੀ ਕਿ ਉਹ ਆਪਣੇ ਪੁੱਤ ਦੇ ਕਹਿਣ ‘ਤੇ ਉਸ ਦੀ ਕੁੱਟਮਾਰ ਕਰਦਾ ਹੈ। ਘਟਨਾ ਵਾਲੀ ਰਾਤ ਵੀ ਉਨ੍ਹਾਂ ਦਾ ਝਗੜਾ ਹੋਇਆ ਤੇ ਉਸ ਦੇ ਪਤੀ ਨੇ ਉਸ ਨੂੰ ਕਿਹਾ ਕਿ ਉਹ ਦੋਵੇਂ ਬੱਚੇ ਲੈ ਕੇ ਚਲੀ ਜਾਵੇ। ਇਸ ਪਿੱਛੋਂ ਔਰਤ ਨੇ ਸੋਚਿਆ ਕਿ ਕਿਉਂ ਨਾ ਉਸ ਦੇ ਪੁੱਤਰ ਨੂੰ ਮਾਰ ਦਿੱਤਾ ਜਾਵੇ। ਉਸ ਨੇ ਸੁੱਤੇ ਪਏ ਦੇ ਗਲ ਵਿੱਚ ਪਰਨਾ ਪਾ ਕੇ ਕਰਨਜੋਤ ਸਿੰਘ ਦਾ ਗਲ ਘੁੱਟ ਕੇ ਸਾਹ ਬੰਦ ਕਰ ਦਿੱਤਾ ਤੇ ਲਾਸ਼ ਧੁੱਸੀ ਉਤੇ ਪਈ ਸਵਾਹ ਵਿੱਚ ਸੁੱਟ ਦਿੱਤੀ ਤੇ ਘਰ ਦੇ ਕੱਪੜੇ ਖਿਲਾਰ ਦਿੱਤੇ, ਤਾਂ ਕਿ ਪੁਲਸ ਇਹ ਸਮਝੇ ਕਿ ਵਾਰਦਾਤ ਚੋਰਾਂ ਨੇ ਕੀਤੀ ਹੈ।