ਮਾਸਕੋ ਵਿੱਚ ਉਡਾਨ ਭਰਨ ਤੋਂ ਕੁੱਝ ਮਿੰਟ ਬਾਅਦ ਹੀ ਜਹਾਜ਼ ਹਾਦਸਾਗ੍ਰਸਤ, 71 ਹਲਾਕ


ਮਾਸਕੋ, 11 ਫਰਵਰੀ (ਪੋਸਟ ਬਿਊਰੋ) : ਐਤਵਾਰ ਨੂੰ ਦੇਸ਼ ਦੇ ਦੂਜੇ ਸੱਭ ਤੋਂ ਮਸ਼ਰੂਫ ਏਅਰਪੋਰਟ ਤੋਂ ਉਡਾਨ ਭਰਨ ਤੋਂ ਕੁੱਝ ਸਮੇਂ ਬਾਅਦ ਹੀ ਰੂਸੀ ਏਅਰਲਾਈਨ ਦਾ ਜਹਾਜ਼ ਹਾਦਸਾਗ੍ਰਸਤ ਹੋ ਗਿਆ ਤੇ ਉਸ ਵਿੱਚ ਸਵਾਰ ਸਾਰੇ ਦੇ ਸਾਰੇ 71 ਲੋਕ ਮਾਰੇ ਗਏ। ਜਹਾਜ਼ ਦਾ ਮਲਬਾ ਮਾਸਕੋ ਦੇ ਬਾਹਰਵਾਰ ਇੱਕ ਖੇਤ ਵਿੱਚੋਂ ਮਿਲਿਆ।
ਅਧਿਕਾਰੀਆਂ ਨੇ ਦੱਸਿਆ ਕਿ ਦੋਮੋਦੇਦੋਵੋ ਏਅਰਪੋਰਟ ਤੋਂ 40 ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਖੇਤਾਂ ਵਿੱਚ ਜਾ ਡਿੱਗਣ ਵਾਲੇ ਇਸ ਦੋਹਰੇ ਇੰਜਣ ਵਾਲੇ ਜਹਾਜ਼ ਵਿੱਚ ਕਿਸੇ ਕਿਸਮ ਦਾ ਨੁਕਸ ਹੋਣ ਦੀ ਕੋਈ ਰਿਪੋਰਟ ਐਨ-148 ਰੀਜਨਲ ਜੈੱਟ ਦੇ ਪਾਇਲਟਸ ਵੱਲੋਂ ਨਹੀਂ ਕੀਤੀ ਗਈ। ਸਾਰਾਤੋਵ ਏਅਰਲਾਈਨਜ਼ ਦਾ ਇਹ ਜਹਾਜ਼ ਦੱਖਣਪੂਰਬ ਵਿੱਚ ਸਥਿਤ ਓਰਸਕ ਸਿਟੀ ਲਈ ਰਵਾਨਾ ਹੋਣ ਤੋਂ ਕੁੱਝ ਮਿੰਟ ਬਾਅਦ ਹੀ ਰਡਾਰ ਤੋਂ ਗਾਇਬ ਹੋ ਗਿਆ।
ਟਰਾਂਸਪੋਰਟ ਮੰਤਰੀ ਮੈਕਸਿਮ ਸੋਕੋਲੋਵ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਇਸ ਹਾਦਸੇ ਵਿੱਚ ਕੋਈ ਵੀ ਜਿਊਂਦਾ ਨਹੀਂ ਬਚਿਆ ਹੈ। ਰੂਸ ਦੇ ਐਮਰਜੰਸੀ ਮੰਤਰਾਲੇ ਅਨੁਸਾਰ ਜਹਾਜ਼ ਵਿੱਚ 5 ਤੋਂ 79 ਸਾਲਾਂ ਦੇ 65 ਯਾਤਰੀ ਸਵਾਰ ਸਨ। ਇਨ੍ਹਾਂ ਵਿੱਚੋਂ ਕਿਸੇ ਵੀ ਵਿਅਕਤੀ ਦੀ ਨਾਗਰਿਕਤਾ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਅਮਲੇ ਦੇ ਛੇ ਮੈਂਬਰ ਵੀ ਜਹਾਜ਼ ਵਿੱਚ ਮੌਜੂਦ ਸਨ। ਐਮਰਜੰਸੀ ਵਰਕਰਜ਼ ਵੱਲੋਂ ਜਹਾਜ਼ ਦੇ ਮਲਬੇ ਨੂੰ ਚੰਗੀ ਤਰ੍ਹਾਂ ਜਾਂਚਿਆ ਜਾ ਰਿਹਾ ਹੈ ਤੇ ਜਾਂਚਕਾਰ ਇਹ ਪਤਾ ਲਾਉਣ ਦੀ ਕੋਸਿ਼ਸ਼ ਕਰ ਰਹੇ ਹਨ ਕਿ ਆਖਿਰਕਾਰ ਜਹਾਜ਼ ਨੂੰ ਹਾਦਸਾ ਕਿਉਂ ਪੇਸ਼ ਆਇਆ। ਜਹਾਜ਼ ਦਾ ਇੱਕ ਫਲਾਈਟ ਰਿਕਾਰਡਰ ਮਿਲ ਗਿਆ ਹੈ ਪਰ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਡਾਟਾ ਜਾਂ ਵੁਆਇਸ ਰਿਕਾਰਡਰ ਵਿੱਚੋਂ ਕੀ ਹੈ।
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਅਤੀਤ ਵਿੱਚ ਵੀ ਇੱਥੇ ਸਕਿਊਰਿਟੀ ਨੂੰ ਲੈ ਕੇ ਗੜਬੜ ਹੁੰਦੀ ਰਹੀ ਹੈ। 2004 ਵਿੱਚ ਵੀ ਉਦੋਂ ਸਕਿਊਰਿਟੀ ਸਬੰਧੀ ਗੜਬੜੀ ਦੀ ਖੂਭ ਆਲੋਚਨਾ ਹੋਈ ਸੀ ਜਦੋਂ ਚੇਚਨ ਆਤਮਘਾਤੀ ਬੌਂਬਰਜ਼ ਨੇ ਇੱਕੋ ਸ਼ਾਮ ਏਅਰਪੋਰਟ ਤੋਂ ਉਡਾਨ ਭਰਨ ਵਾਲੇ ਦੋ ਜਹਾਜ਼ਾਂ ਨੂੰ ਫੁੰਡ ਦਿੱਤਾ ਸੀ ਤੇ ਇਸ ਕਾਰਨ 90 ਲੋਕ ਮਾਰੇ ਗਏ ਸਨ। 2011 ਵਿੱਚ ਜਹਾਜ਼ ਉਤਰਨ ਵਾਲੀ ਥਾਂ ਉੱਤੇ ਹੋਏ ਬੰਬ ਧਮਾਕੇ ਕਾਰਨ 37 ਲੋਕ ਮਾਰੇ ਗਏ ਸਨ। ਰਿਪੋਰਟਾਂ ਅਨੁਸਾਰ ਜਾਂਚਕਾਰਾਂ ਵੱਲੋਂ ਏਅਰਲਾਈਨ ਦੇ ਸਾਰਾਤੋਵ ਸਥਿਤ ਮੁੱਖ ਆਫਿਸ ਦੀ ਵੀ ਜਾਂਚ ਕੀਤੀ ਗਈ।