ਮਾਲੀ ਵਿੱਚ ਕੈਨੇਡਾ ਦੀ ਸ਼ਮੂਲੀਅਤ ਵਧਾਉਣ ਦੀ ਤਿਆਰੀ ਕਰ ਰਹੀ ਹੈ ਫੈਡਰਲ ਸਰਕਾਰ


ਓਟਵਾ, 5 ਜੁਲਾਈ (ਪੋਸਟ ਬਿਊਰੋ) : ਫੈਡਰਲ ਸਰਕਾਰ ਵੱਲੋਂ ਮਾਲੀ ਵਿੱਚ ਕੈਨੇਡਾ ਦੀ ਸ਼ਮੂਲੀਅਤ ਵਧਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸਰਕਾਰ ਇਸ ਪੱਛਮੀ ਅਫਰੀਕੀ ਮੁਲਕ ਵਿੱਚ ਲੋਕਲ ਸਕਿਊਰਿਟੀ ਫੋਰਸਿਜ਼ ਨੂੰ ਸਿਖਲਾਈ ਦੇਣ ਵਿੱਚ ਮਦਦ ਕਰਨ ਲਈ 20 ਪੁਲਿਸ ਅਧਿਕਾਰੀ ਹੋਰ ਭੇਜਣ ਤੇ ਆਉਣ ਵਾਲੇ ਸਾਲਾਂ ਵਿੱਚ ਕਈ ਮਿਲੀਅਨ ਡਾਲਰ ਦਾ ਨਿਵੇਸ਼ ਕਰਨ ਦਾ ਮਨ ਬਣਾ ਚੁੱਕੀ ਹੈ।
ਸਰਕਾਰ ਦੀ ਇਸ ਤਾਜ਼ਾ ਪਹਿਲਕਦਮੀ ਬਾਰੇ ਵੀਰਵਾਰ ਨੂੰ ਪਤਾ ਲੱਗਿਆ। ਪਹਿਲੀਆਂ ਕੈਨੇਡੀਅਨ ਸੈਨਾਵਾਂ ਨੂੰ ਲੈ ਕੇ ਹੈਲੀਕਾਪਟਰ ਤੇ ਫੌਜੀ ਕਰਮਚਾਰੀਆਂ ਦਾ ਇੱਕ ਹੋਰ ਗਰੁੱਪ ਐਟਲਾਂਟਿਕ ਪਾਰ ਕਰਕੇ ਜਦੋਂ ਆਪਣੀਆਂ ਨਵੀਆਂ ਭੂਮਿਕਾਵਾਂ ਨਿਭਾਉਣ ਲਈ ਮਾਲੀ ਰਵਾਨਾ ਹੋਇਆ। ਇਸ ਨੂੰ ਦੁਨੀਆ ਦਾ ਸੱਭ ਤੋਂ ਖਤਰਨਾਕ ਪੀਸਕੀਪਿੰਗ ਮਿਸ਼ਨ ਮੰਨਿਆ ਜਾਂਦਾ ਹੈ।
ਕੈਨੇਡਾ ਪਹਿਲਾਂ ਹੀ ਅੱਠ ਹੈਲੀਕਾਪਟਰਜ਼ ਲਈ ਹਾਮੀ ਭਰ ਚੁੱਕਿਆ ਹੈ ਤੇ ਇਸ ਦੇ ਨਾਲ ਹੀ ਮੈਡੀਕਲ ਇਵੈਕੁਏਸ਼ਨਜ਼ ਲਈ ਤੇ ਮਾਲੀ ਵਿੱਚ ਸੰਯੁਕਤ ਰਾਸ਼ਟਰ ਦੀ ਮਦਦ ਲਈ ਅਗਲੇ 12 ਮਹੀਨੇ ਵਾਸਤੇ 250 ਸਰਵਿਸ ਮੈਂਬਰਜ਼ ਵੀ ਮੁਹੱਈਆ ਕਰਵਾਏ ਜਾਣਗੇ। ਜਿ਼ਕਰਯੋਗ ਹੈ ਕਿ ਮਾਲੀ ਵਿੱਚ 2012 ਤੋਂ ਹੀ ਸੰਘਰਸ਼ ਚੱਲ ਰਿਹਾ ਹੈ। ਕੈਨੇਡੀਅਨ ਰਸਮੀ ਤੌਰ ਉੱਤੇ ਅਗਲੇ ਹਫਤੇ ਜਰਮਨੀ ਤੇ ਬੈਲਜੀਅਮ ਦੀਆਂ ਸੈਨਾਵਾਂ ਤੋਂ ਚਾਰਜ ਹਾਸਲ ਕਰਨਗੇ। ਪਹਿਲੀ ਅਗਸਤ ਤੋਂ ਮਾਲੀ ਦੇ ਉੱਤਰੀ ਸ਼ਹਿਰ ਗਾਓ ਵਿੱਚ ਸੰਯੁਕਤ ਰਾਸ਼ਟਰ ਦੇ ਟਿਕਾਣੇ ਤੋਂ ਫਲਾਇੰਗ ਮਿਸ਼ਨ ਸ਼ੁਰੂ ਕਰਨਗੇ।