ਮਾਲਦੀਵ ਸੰਕਟ ਵਿੱਚ ਐਮਰਜੈਂਸੀ ਵਧਾਉਣ ਦੇ ਫੈਸਲੇ ਉੱਤੇ ਅਮਰੀਕਾ ਭੜਕਿਆ


ਵਾਸ਼ਿੰਗਟਨ, 22 ਫਰਵਰੀ (ਪੋਸਟ ਬਿਊਰੋ)- ਅਮਰੀਕਾ ਨੇ ਐਮਰਜੈਂਸੀ ਦੀ ਮਿਆਦ 30 ਦਿਨ ਵਧਾਉਣ ਦੇ ਮਾਲਦੀਵ ਸਰਕਾਰ ਦੇ ਫੈਸਲੇ ‘ਤੇ ਨਾਰਾਜ਼ਗੀ ਪ੍ਰਗਟਾਈ ਹੈ। ਉਸ ਨੇ ਰਾਸ਼ਟਰਪਤੀ ਅਬਦੁੱਲਾ ਯਾਮੀਨ ਨੂੰ ਆਪਣੇ ਦੇਸ਼ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਕਿਹਾ ਹੈ।
ਵਰਨਣ ਯੋਗ ਹੈ ਕਿ ਮਾਲਦੀਵ ਦੀ ਪਾਰਲੀਮੈਂਟ ਨੇ ਰਾਸ਼ਟਰਪਤੀ ਅਬਦੁੱਲਾ ਯਾਮੀਨ ਦੀਆਂ ਸਿਫਾਰਸ਼ਾਂ ਨੂੰ ਮਨਜ਼ੂਰ ਕਰਦਿਆਂ 20 ਫਰਵਰੀ ਨੂੰ ਦੇਸ਼ ਵਿੱਚ ਐਮਰਜੈਂਸੀ ਨੂੰ ਤੀਹ ਦਿਨਾਂ ਲਈ ਵਧਾ ਦਿੱਤਾ ਸੀ। ਅਮਰੀਕੀ ਵਿਦੇਸ਼ ਮੰਤਰਾਲਾ ਦੀ ਬੁਲਾਰਨ ਹੀਥਰ ਨੋਰਟ ਨੇ ਕਿਹਾ ਕਿ ਅਮਰੀਕਾ ਮਾਲਦੀਵ ਵਿੱਚ ਐਮਰਜੈਂਸੀ ਦੀ ਮਿਆਦ ਵਧਾਏ ਜਾਣ ਤੋਂ ਨਾਰਾਜ਼ ਹੈ। ਉਨ੍ਹਾਂ ਨੇ ਅਮਰੀਕਾ ਵੱਲੋਂ ਮਾਲਦੀਵ ਦੇ ਰਾਸ਼ਟਰਪਤੀ ਯਾਮੀਨ ਨੂੰ ਐਮਰਜੈਂਸੀ ਖਤਮ ਕਰਨ ਅਤੇ ਕਾਨੂੰਨ ਵਿਵਸਥਾ ਬਣਾਉਣ ਦੇ ਨਾਲ ਪਾਰਲੀਮੈਂਟ ਅਤੇ ਨਿਆਂ ਪਾਲਿਕਾ ਨੂੰ ਕੰਮ ਕਰਨ ਦੇਣ ਦੀ ਅਪੀਲ ਕੀਤੀ ਹੈ। ਐਮਰਜੈਂਸੀ ਨੂੰ ਵਿਰੋਧੀ ਪਾਰਟੀ ਨੇ ਵੀ ਗੈਰ-ਸੰਵਿਧਾਨਕ ਕਰਾਰ ਦਿੱਤਾ ਸੀ। ਇਸ ਨੂੰ ਹੋਰ ਤੀਹ ਦਿਨ ਹੋਰ ਵਧਾਉਣ ਦੇ ਮਤੇ ‘ਤੇ ਸੱਤਾਧਾਰੀ ਪ੍ਰੋਗਰੈਸਿਵ ਪਾਰਟੀ ਦੇ 38 ਪਾਰਲੀਮੈਂਟ ਮੈਂਬਰਾਂ ਨੇ ਵੋਟਿੰਗ ਕੀਤੀ, ਜਦ ਕਿ ਸੰਵਿਧਾਨ ਮੁਤਾਬਕ 43 ਪਾਰਲੀਮੈਂਟ ਮੈਂਬਰਾਂ ਦੀ ਮੌਜੂਦਗੀ ਜ਼ਰੂਰੀ ਸੀ। ਵਿਰੋਧੀ ਮੈਂਬਰਾਂ ਨੇ ਇਸ ਵੋਟਿੰਗ ਦਾ ਬਾਈਕਾਟ ਕੀਤਾ ਸੀ।