ਮਾਲਟਨ ਤੋਂ ਰੈਕਸਡੇਲ ਨਗਰ ਕੀਰਤਨ, ਇੱਕ ਵਿੱਲਖਣ ਖਾਲਸਾਈ ਝਲਕ

 

ਮਾਲਟਨ/ਰੈਕਸਡੇਲ ਪੋਸਟ ਬਿਉਰੋ: ਗਰੇਟਰ ਟੋਰਾਂਟੋ ਏਰੀਆ ਵਿੱਚ ਕੱਢੇ ਜਾਂਦੇ ਨਗਰ ਕੀਰਤਨਾਂ ਵਿੱਚ ਸਿੱਖ ਸੰਗਤਾਂ ਦੀ ਸ਼ਮੂਲੀਅਤ ਦੇ ਮੱਦੇਨਜ਼ਰ ਪਿਛਲੇ ਸਾਲਾਂ ਤੋਂ ਇੱਕ ਰੀਤ ਬਣ ਗਈ ਹੈ ਕਿ ਹੈੱਡ ਲਾਈਨ ਵਿੱਚ ‘ਰਿਕਾਰਡ ਤੋੜ ਇੱਕਠ’ ਲਿਖਿਆ ਜਾਵੇ। ਮਾਲਟਨ ਗੁਰਦੁਆਰਾ ਸਾਹਿਬ ਤੋਂ ਰੈਕਸਡੇਲ ਗੁਰੁਦਆਰਾ ਸਾਹਿਬ ਤੱਕ 319ਵੇਂ ਖਾਲਸਾ ਸਾਜਨਾ ਦਿਵਸ ਨੂੰ ਸਮ੍ਰਪਿਤ ਆਯੋਜਿਤ ਨਗਰ ਕੀਰਤਨ ਵਿੱਚ ਸ਼ਰਤੀਆ ਹੀ ਰਿਕਾਰਡ ਤੋੜ ਇੱਕਤਰਤਾ ਵੇਖਣ ਨੂੰ ਮਿਲੀ ਲੇਕਿਨ ਇਸ ਵਿੱਚ ਕੁੱਝ ਵਿੱਲਖਣਤਾਵਾਂ ਸਨ। ਮਿਸਾਲ ਵਜੋਂ ਹਜ਼ਾਰਾਂ ਦੀ ਗਿਣਤੀ ਵਿੱਚ ਅੰਤਰਰਾਸ਼ਟਰੀ ਵਿੱਦਿਆਰਥੀਆਂ ਦਾ ਸ਼ਾਮਲ ਹੋਣਾ ਅਤੇ ਉਹਨਾਂ ਵਿੱਚੋਂ ਵੱਡੀ ਗਿਣਤੀ ਦਾ ਵਾਲੰਟੀਅਰਾਂ ਵਜੋਂ ਸ਼ਮੂਲੀਅਤ ਕਰਨਾ ਸਿੱਖ ਭਾਈਚਾਰੇ ਦੀ ਵੱਸੋਂ ਵਿੱਚ ਤਬਦੀਲੀ ਦੀ ਨਿਸ਼ਾਨੀ ਹੈ। ਉਂਟੇਰੀਓ ਗੁਰਦੁਵਾਰਾਜ਼ ਕਮੇਟੀ ਵੱਲੋਂ ਆਯੋਜਿਤ ਇਸ ਨਗਰ ਕੀਰਤਨ ਵਿੱਚ ਸੰਗਤਾਂ ਦੀ ਗਿਣਤੀ ਮਿਣਤੀ ਬੱਸਾਂ ਅੰਕਾਂ ਦੀ ਖੇਡ ਹੋ ਕੇ ਰਹਿ ਗਈ ਜਾਪਦੀ ਸੀ ਪਰ ਮੋਟੇ ਅੰਦਾਜ਼ੇ ਨਾਲ ਇਹ ਡੇਢ ਤੋਂ ਪੌਣੇ ਦੋ ਲੱਖ ਦੇ ਕਰੀਬ ਹੋ ਸਕਦੀ ਹੈ। ਰੁਕ ਰੁਕ ਕੇ ਮੀਂਹ ਪੈਣ ਦੇ ਬਾਵਜੂਦ ਚਾਰੇ ਪਾਸੇ ਸੰਗਤਾਂ ਦਾ ਹੜ ਆਇਆ ਹੋਇਆ ਸੀ।ਅੰਦਾਜ਼ਨ 50-60 ਹਜ਼ਾਰ ਦੇ ਕਰੀਬ ਸੰਗਤ ਨਗਰ ਕੀਰਤਨ ਦੇ ਰਵਾਨਗੀ ਸਥਾਨ ਮਾਲਟਨ ਗੁਰਦੁਆਰਾ ਸਾਹਿਬ ਵਿਖੇ ਹਾਜ਼ਰ ਸੀ ਅਤੇ ਐਨੀ ਹੀ ਗਿਣਤੀ ਵਿੱਚ ਨਗਰ ਕੀਰਤਨ ਦੇ ਸਮਾਪਤੀ ਸਥਾਨ ਰੈਕਸਡੇਲ ਗੁਦੁਆਰਾ ਸਾਹਿਬ ਵਿਖੇ ਸੰਗਤ ਹਾਜ਼ਰ ਸੀ। ਬਾਕੀ ਸੰਗਤ ਨਗਰ ਕੀਰਤਨ ਦੇ ਮਾਰਗ ਉੱਤੇ ਚੱਲ ਰਹੇ ਸਨ ਜਿਸਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਨਗਰ ਕੀਰਤਨ ਦੇ ਸੜਕ ਉੱਤੇ ਫੈਲਾਅ ਦਾ ਦਾਇਰਾ 1 ਘੰਟੇ ਦੀ ਦੂਰੀ ਦੇ ਬਰਾਬਰ ਸੀ।

ਇਸ ਮੌਕੇ ਜਾਰੀ ਪਰੈੱਸ ਰੀਲੀਜ਼ ਵਿੱਚ ਉਂਟੇਰੀਓ ਗੁਰਦੁਆਰਾਜ਼ ਕਮੇਟੀ ਨੇ 1978 ਵਿੱਚ ਵਿਸਾਖੀ ਦਿਹਾੜੇ ਅਮ੍ਰਤਿਸਰ ਵਿਖੇ ਮਾਰੇ ਗਏ 13 ਸਿੱਖਾਂ ਦੀ 40ਵੀਂ ਵਰ੍ਹੇ ਗੰਢ ਨੂੰ ਵਿਸ਼ੇਸ਼ ਕਰਕੇ ਚੇਤੇ ਕੀਤਾ। ਪਰੈੱਸ ਰੀਲੀਜ਼ ਵਿੱਚ ਸਰਕਾਰ ਤੋਂ ਕੋਈ ਸਿੱਧੀ ਮੰਗ ਨਹੀਂ ਕੀਤੀ ਗਈ ਲੇਕਿਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਦੌਰਾਨ ਭਾਰਤ ਸਰਕਾਰ ਦੀ ਦਖ਼ਲ ਅੰਦਾਜ਼ੀ ਅਤੇ ਬਰੈਂਪਟਨ ਵਿੱਚ ਪਿਛਲੇ ਸਾਲ ਪੰਜਾਬ ਪੈਵਲੀਅਨ ਵਿੱਚ ਭਾਰਤ ਸਰਕਾਰ ਦੀ ਦਖ਼ਲ ਅੰਦਾਜ਼ੀ ਬਾਰੇ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਹੈ। ਇਸ ਸਾਲ ਇੱਕ ਵਿੱਲਖਣ ਗੱਲ ਇਹ ਵੇਖਣ ਨੂੰ ਮਿਲੀ ਕਿ ਨਗਰ ਕੀਰਤਨ ਦੇ ਆਰੰਭ ਹੋਣ ਤੋਂzਪਹਿਲਾਂ ਦੋ ਮੂਲਵਾਸੀ ਔਰਤਾਂ ਨੇ ਆ ਕੇ ਕੈਨੇਡਾ ਦੀ ਧਰਤੀ ਦਾ ਮੂਲਵਾਸੀ ਵਿਰਾਸਤ ਹੋਣ ਬਾਰੇ ਪਰੇਅਰ ਭਾਵ ਅਰਦਾਸ ਕੀਤੀ ਜਿਸਤੋਂ ਬਾਅਦ ਸਿੱਖ ਅਰਦਾਸ ਕੀਤੀ ਗਈ।

ਮਾਲਟਨ ਗੁਰਦੁਆਰਾ ਸਾਹਿਬ ਵਿਖੇ ਪ੍ਰੀਮੀਅਰ ਕੈਥਲਿਨ ਵਿੱਨ ਆਪਣੇ ਸਾਥੀ ਐਮ ਪੀ ਪੀ ਹਰਿੰਦਰ ਮੱਲ੍ਹੀ (ਵਜ਼ਾਰਤ ਮੰਤਰੀ), ਵਿੱਕ ਢਿੱਲੋਂ ਸਮੇਤ ਕਈ ਲਿਬਰਲ ਉਮੀਦਵਾਰਾਂ ਨਾਲ ਪੁੱਜੇ ਹੋਏ ਸਨ। ਪ੍ਰੀਮੀਅਰ ਨੇ ਪਿਛਲੇ ਸਾਲਾਂ ਵਾਗੂੰ ਇਸ ਵਾਰ ਵੀ ਸੰਗਤ ਨੂੰ ਸੰਬੋਧਨ ਨਹੀਂ ਕੀਤਾ। ਮਾਲਟਨ ਗੁਰਦੁਆਰਾ ਸਾਹਿਬ ਵਿਖੇ ਸੰਗਤ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਬਰੈਂਪਟਨ ਦੀ ਮੇਅਰ ਲਿੰਡਾ ਜੈਫਰੀ ਅਤੇ ਮਿਸੀਸਾਗਾ ਦੀ ਕਾਉਂਸਲਰ ਕੈਰੋਲਿਨ ਪੈਰਿਸ਼ ਸ਼ਾਮਲ ਸਨ। ਇੱਥੇ ਸਟੇਜ ਤੋਂ ਜਰਨੈਲ ਸਿੰਘ ਭਿੰਡਰਾਵਾਲਿਆਂ ਦੇ ਪਰਸਨਲ ਅਸਿਸਟੈਂਟ ਰਹਿ ਚੁੱਕੇ ਭਾਈ ਰਸ਼ਪਾਲ ਸਿੰਘ ਦੀ ਪਤਨੀ ਪ੍ਰੀਤਮ ਕੌਰ ਨੇ ਵੀ ਸੰਬੋਧਨ ਕੀਤਾ। ਰੈਕਸਡੇਲ ਗੁਰਦੁਆਰਾ ਸਾਹਿਬ ਵਿਖੇ ਫੈਡਰਲ ਮੰਤਰੀ ਕ੍ਰਿਸਟੀ ਡੰਕਨ, ਐਨ ਡੀ ਪੀ ਲੀਡਰ ਜਗਮੀਤ ਸਿੰਘ ਅਤੇ ਪ੍ਰੋਵਿੰਸ਼ੀਅਲ ਪ੍ਰੋਗ੍ਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਆਗੂ ਡੱਗ ਫੋਰਡ ਨੇ ਹਾਜ਼ਰੀ ਭਰੀ।

ਡਾਊਨ ਟਾਊਨ ਟੋਰਾਂਟੋ ਵਾਲੇ ਨਗਰ ਕੀਰਤਨ ਵਿੱਚ ਸਿਆਸੀ ਆਗੂਆਂ ਨੂੰ ਸਿਰਫ਼ ਨਗਰ ਕੀਰਤਨ ਦੀ ਸਮਾਪਤੀ ਉੱਤੇ ਬੋਲਣ ਦੀ ਆਗਿਆ ਦੇਣ ਦੀ ਰਿਵਾਇਤ ਤੋਂ ਉਲਟ ਇਸ ਨਗਰ ਕੀਰਤਨ ਵਿੱਚ ਸਿਆਸੀ ਆਗੂ ਵੱਖ ਵੱਖ ਸਮੇਂ ਸੀਮਾਵਾਂ ਵਿੱਚ ਆ ਕੇ ਸਬੰਧਨ ਕਰਦੇ ਹਨ। ਇਸਦਾ ਇੱਕ ਪ੍ਰਭਾਵ ਇਹ ਰਹਿੰਦਾ ਹੈ ਕਿ ਸੰਗਤ ਨੂੰ ਸਪੱਸ਼ਟਤਾ ਨਹੀਂ ਹੁੰਦੀ ਕਿ ਨਗਰ ਕੀਰਤਨ ਦੇ ਕਿਸ ਮੁਕਾਮ ਤੱਕ ਮਾਹੌਲ ਧਾਰਮਿਕ ਰਹੇਗਾ ਅਤੇ ਕਿਸ ਥਾਂ ਜਾ ਕੇ ਸਿਆਸੀ ਤਕਰੀਰਾਂ ਆਰੰਭ ਹੋਣਗੀਆਂ। ਵੱਖ ਵੱਖ ਵਿਸਿ਼ਆਂ ਨੂੰ ਮੂਰਤੀਮਾਨ ਕਰਦੇ ਵੱਡੀ ਗਿਣਤੀ ਵਿੱਚ ਫਲੋਟ ਸ਼ਾਮਲ ਸਨ ਪਰ ਇੱਕ ਫਲੋਟ ਜਿਸਨੇ ਬਹੁਤ ਜਿ਼ਆਦਾ ਧਿਆਨ ਖਿੱਚਿਆ ਉਹ 1978 ਵਿੱਚ ਵਿਸਾਖੀ ਵਾਲੇ ਦਿਨ ਮਾਰੇ ਗਏ 13 ਸਿੱਖਾਂ ਨੂੰ ਸਮ੍ਰਪਿਤ ਫਲੋਟ ਸੀ। ਖਾਲਸਤਾਨ ਦੇ ਝੰਡੇ ਕਾਫੀ ਗਿਣਤੀ ਵਿੱਚ ਵੇਖਣ ਨੂੰ ਮਿਲੇ। ਰਸਤੇ ਵਿੱਚ ਵੱਖ 2 ਸੰਸਥਾਵਾਂ, ਜੱਥੇਬੰਦੀਆਂ ਅਤੇ ਗਰੁੱਪਾਂ ਵੱਲੋਂ ਅਨੇਕਾਂ ਕਿਸਮ ਦੀਆਂ ਆਈਟਮਾਂ ਵਾਲੇ ਲੰਗਰਾਂ ਦਾ ਇੰਤਜ਼ਾਮ ਕੀਤਾ ਗਿਆ ਸੀ ਜਿਸਦਾ ਸੰਗਤਾਂ ਨੇ ਵਿਸਾਖੀ ਦੀ ਖੁਸ਼ੀ ਦਾ ਤੋਹਫ਼ਾ ਸਮਝ ਕੇ ਖੂਬ ਆਨੰਦ ਮਾਣਿਆ। ਹਾਈਵੇਅ 427 ਅਤੇ ਹੰਬਰਲਾਈਨ ਉੱਤੇ ਸੰਗਤਾਂ ਦੀ ਸੇਵਾ ਲਈ ਵਿਸ਼ੇਸ਼ ਟੈਂਟ ਲਾਏ ਗਏ ਸਨ।

ਪੰਜਾਬ ਤੋਂ ਵੱਡੀ ਗਿਣਤੀ ਆਏ ਅੰਤਰਰਾਸ਼ਟਰੀ ਵਿੱਦਿਆਰਥੀ ਕਿਸ ਤਰੀਕੇ ਗਰੇਟਰ ਟੋਰਾਂਟੋ ਏਰੀਆ ਵਿੱਚ ਸਿੱਖ ਜਨਜੀਵਨ ਉੱਤੇ ਛਾਪ ਛੱਡ ਰਹੇ ਹਨ, ਇਸਦੀ ਇੱਕ ਮਿਸਾਲ ਸ਼ੈਰੀਡਾਨ ਕਾਲਜ ਦੇ ਵਿੱਦਿਆਰਥੀਆਂ ਵੱਲੋਂ ‘ਜੱਥਾ ਸ਼ੈਰੀਡਾਨ’ ਦੇ ਨਾਮ ਤਹਿਤ ਵਾਲੰਟੀਅਰ ਕੰਮ ਕਰਨਾ ਸੀ। ਇਹੋ ਜਿਹੀ ਹਾਜ਼ਰੀ ਪਿਛਲੇ ਦਿਨਾਂ ਵਿੱਚ ਪੰਜਾਬੀ ਕਮਿਉਨਿਟੀ ਵਿੱਚ ਅੰਤਰਰਾਸ਼ਟਰੀ ਵਿੱਦਿਆਰਥੀਆਂ ਬਾਰੇ ਵੱਲ ਰਹੀ ਚੁਣੌਤੀ ਭਰਪੂਰ ਚਰਚਾ ਦੇ ਮੱਦੇਨਜ਼ਰ ਖਾਸੀਅਤ ਰੱਖਦੀ ਹੈ। ਡੱਰਗ ਅਵੇਅਰਨੈੱਸ ਸੁਸਾਇਟੀ ਅਤੇ ਅਮਰ ਆਰਟਸ ਫਾਰ ਲਾਈਫ ਵੱਲੋਂ ਅੰਗਦਾਨ ਵਾਸਤੇ ਸਟਾਲ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਅੰਗਦਾਨ ਲਈ ਸੰਗਤਾਂ ਨੂੰ ਪ੍ਰੇਰਿਤ ਕਰਨ ਲਈ ਏਸ਼ੀਅਨ ਫੂਡ ਸੈਂਟਰ ਦੇ ਮੇਜਰ ਸਿੰਘ ਨੱਤ ਅਤੇ ਰੇਡੀਓ ਹੋਸਟ ਅਮਰਜੀਤ ਸਿੰਘ ਰਾਏ ਨੇ 50 ਵਾਲੰਟੀਅਰਾਂ ਦੀ ਇੱਕ ਟੀਮ ਬਣਾ ਕੇ 1100 ਲੋਕਾਂ ਨੂੰ ਅੰਗਦਾਨ ਕਰਨ ਲਈ ਰਜਿਸਟਰ ਕੀਤਾ।