ਮਾਰੂਤੀ ਝਗੜਾ ਕੇਸ ਵਿੱਚ 13 ਮਜ਼ਦੂਰਾਂ ਨੂੰ ਉਮਰ ਕੈਦ

maruti india
ਗੁਰੂਗਰਾਮ, 19 ਮਾਰਚ (ਪੋਸਟ ਬਿਊਰੋ)- ਬਹੁ ਚਰਚਿਤ ਮਾਰੂਤੀ ਕਾਂਡ ਵਿੱਚ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਆਰ ਪੀ ਗੋਇਲ ਦੀ ਅਦਾਲਤ ਨੇ ਬੀਤੇ ਦਿਨੀਂ ਸਜ਼ਾ ਸੁਣਾ ਦਿੱਤੀ ਹੈ। ਇਸ ਮਾਮਲੇ ਵਿੱਚ ਦੋਸ਼ੀ ਠਹਿਰਾਏ 31 ਮਜ਼ਦੂਰਾਂ ਵਿੱਚੋਂ 13 ਨੂੰ ਉਮਰ ਕੈਦ, ਚਾਰ ਨੂੰ ਪੰਜ-ਪੰਜ ਸਾਲ ਅਤੇ 14 ਨੂੰ ਤਿੰਨ-ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਹੈ। 14 ਮਜ਼ਦੂਰ ਕਿਉਂਕਿ ਤਿੰਨ-ਤਿੰਨ ਸਾਲ ਜੇਲ੍ਹ ਵਿੱਚ ਰਹਿ ਚੁੱਕੇ ਹਨ, ਇਸ ਲਈ ਉਨ੍ਹਾਂ ਨੂੰ ਜੁਰਮਾਨਾ ਰਾਸ਼ੀ ਜਮ੍ਹਾ ਹੁੰਦੇ ਹੀ ਛੱਡ ਦਿੱਤਾ ਜਾਵੇਗਾ।
18 ਜੁਲਾਈ 2012 ਨੂੰ ਮਾਰੂਤੀ ਸੁਜੂਕੀ ਇੰਡੀਆ ਦੇ ਮਾਨੇਸਰ ਪਲਾਂਟ ਵਿੱਚ ਮਜ਼ਦੂਰਾਂ ਨੇ ਹੰਗਾਮਾ ਕੀਤਾ ਸੀ। ਇਸ ਦੌਰਾਨ ਪਲਾਂਟ ਦੇ ਦੋ ਸੈਕਸ਼ਨਾਂ ਵਿੱਚ ਅੱਗ ਲੱਗ ਗਈ। ਇਸ ਵਿੱਚ ਕੰਪਨੀ ਦੇ ਉਸ ਵੇਲੇ ਦੇ ਜਨਰਲ ਮੈਨੇਜਰ ਅਵਨੀਸ਼ ਦੇਵ ਦੀ ਸੜਨ ਨਾਲ ਮੌਤ ਹੋ ਗਈ ਸੀ। ਮਜ਼ਦੂਰਾਂ ਨੇ ਮੈਨੇਜਮੈਂਟ ਧਿਰ ਦੇ 94 ਲੋਕਾਂ Ḕਤੇ ਹਮਲਾ ਬੋਲ ਦਿੱਤਾ ਸੀ। ਘਟਨਾ ਤੋਂ ਪਿੱਛੋਂ 213 ਮਜ਼ਦੂਰਾਂ ਖਿਲਾਫ ਕੇਸ ਦਰਜ ਕੀਤਾ ਗਿਆ ਸੀ। ਇਨ੍ਹਾਂ ਵਿੱਚੋਂ 150 ਮਜ਼ਦੂਰ ਗ੍ਰਿਫਤਾਰ ਕਰ ਲਏ ਗਏ ਸਨ। ਦੋ ਮਜ਼ਦੂਰਾਂ ਦੇ ਮਾਮਲੇ ਅਦਾਲਤ ਵਿੱਚ ਪੈਡਿੰਗ ਹਨ, ਜਦ ਕਿ 62 ਫਰਾਰ ਚੱਲ ਰਹੇ ਹਨ।
ਅਦਾਲਤ ਨੇ ਬੀਤੀ 10 ਮਾਰਚ ਨੂੰ ਫੈਸਲਾ ਦੇਂਦੇ ਹੋਏ 117 ਨੂੰ ਬਰੀ ਕਰ ਦਿੱਤਾ ਤੇ 31 ਦੋਸ਼ੀ ਠਹਿਰਾਇਆ ਸੀ। ਪਰਸੋਂ ਇਨ੍ਹਾਂ ਵਿੱਚੋਂ 13 ਮਜ਼ਦੂਰਾਂ ਨੂੰ ਅਵਨੀਸ਼ ਦੇਵ ਦੀ ਮੌਤ ਦਾ ਦੋਸ਼ੀ ਠਹਿਰਾਉਂਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ। ਹੋਰ 18 ਵਿੱਚੋਂ ਚਾਰ ਜਣਿਆਂ ਖਿਲਾਫ ਇਹ ਦੋਸ਼ ਸਾਬਤ ਹੋਇਆ ਕਿ ਇਨ੍ਹਾਂ ਲੋਕਾਂ ਨੇ ਪਲਾਂਟ ਦੇ ਪਾਬੰਦੀ ਸ਼ੁਦਾ ਇਲਾਕਿਆਂ ਵਿੱਚ ਜਾ ਕੇ ਹੰਗਾਮਾ ਕੀਤਾ। ਇਸ ਉੱਤੇ ਉਨ੍ਹਾਂ ਨੂੰ ਪੰਜ-ਪੰਜ ਸਾਲ ਦੀ ਸਜ਼ਾ ਹੋਈ। 14 ਨੂੰ ਕੁੱਟਮਾਰ ਦਾ ਦੋਸ਼ੀ ਮੰਨਦੇ ਹੋਏ ਤਿੰਨ-ਤਿੰਨ ਸਾਲ ਦੀ ਸਜ਼ਾ ਸੁਣਾਈ ਗਈ। ਇਸ ਤੋਂ ਇਲਾਵਾ ਉਮਰ ਕੈਦ ਦੀ ਸਜ਼ਾ ਪਾਉਣ ਵਾਲਿਆਂ ਨੂੰ ਪੰਜ-ਪੰਜ ਹਜ਼ਾਰ, ਪੰਜ ਸਾਲ ਦੀ ਸਜ਼ਾ ਪਾਉਣ ਵਾਲਿਆਂ ਨੂੰ 3850-3850 ਰੁਪਏ ਅਤੇ ਤਿੰਨ ਸਾਲ ਦੀ ਸਜ਼ਾ ਪਾਉਣ ਵਾਲਿਆਂ ਨੂੰ 2500-2500 ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।