ਮਾਰੀਸ਼ਸ ਦੀ ਰਾਸ਼ਟਰਪਤੀ ਅਮੀਨਾ ਫ਼ਾਕਿਮ ਵੱਲੋਂ ਅਸਤੀਫਾ


ਪੋਰਟ ਲੁਇਸ, 19 ਮਾਰਚ (ਪੋਸਟ ਬਿਊਰੋ)- ਵਿੱਤੀ ਘੋਟਾਲੇ ਦੇ ਦੋਸ਼ਾਂ ‘ਚ ਘਿਰੀ ਹੋਈ ਮਾਰੀਸ਼ਸ ਦੀ ਰਾਸ਼ਟਰਪਤੀ ਅਮੀਨਾ ਗੁਰੀਬ ਫ਼ਾਕਿਮ ਨੇ ਕੱਲ੍ਹ ਅਸਤੀਫਾ ਦੇ ਦਿੱਤਾ। ਉਨ੍ਹਾਂ ‘ਤੇ ਦੋਸ਼ ਸੀ ਕਿ ਉਨ੍ਹਾਂ ਨੇ ਇੱਕ ਇੰਟਰਨੈਸ਼ਨਲ ਐੱਨ ਜੀ ਓ ਵੱਲੋਂ ਦਿੱਤੇ ਗਏ ਬੈਂਕ ਕ੍ਰੈਡਿਟ ਕਾਰਡ ਦੀ ਵਰਤੋਂ ਆਪਣੀ ਨਿੱਜੀ ਖਰੀਦ ਲਈ ਕੀਤੀ ਸੀ।
ਵਰਨਣ ਯੋਗ ਹੈ ਕਿ ਇਸੇ ਸੰਸਥਾ ਵਿੱਚ ਰਾਸ਼ਟਰਪਤੀ ਫ਼ਾਕਿਮ ਅਨਪੇਡ ਡਾਇਰੈਕਟਰ ਰਹਿ ਚੁੱਕੀ ਹੈ। ਉਨ੍ਹਾਂ ਦੇ ਵਕੀਲ ਯੁਸੂਫ ਮੁਹੰਮਦ ਨੇ ਕਿਹਾ ਕਿ ਗੁਰੀਬ ਫ਼ਾਕਿਮ ਨੇ ਰਾਸ਼ਟਰ ਹਿੱਤ ਵਿੱਚ ਅਸਤੀਫਾ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਅਸਤੀਫਾ 23 ਮਾਰਚ ਤੋਂ ਲਾਗੂ ਮੰਨਿਆ ਜਾਵੇਗਾ। ਉਹ ਇਸ ਦੇਸ਼ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਹਨ। ਅਮੀਨਾ ਗੁਰੀਬ ਫ਼ਾਕਿਮ ਨੇ ਵਿੱਤੀ ਘੋਟਾਲੇ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਪਿਛਲੇ ਸ਼ੁੱਕਰਵਾਰ ਪ੍ਰਧਾਨ ਮਤਰੀ ਪ੍ਰਵਿੰਦ ਜਗਨਨਾਥ ਨੇ ਐਲਾਨ ਕੀਤਾ ਸੀ ਕਿ ਗੁਰਬੀ ਫ਼ਾਕਿਮ ਅਸਤੀਫੇ ਲਈ ਮੰਨ ਗਈ ਹੈ। ਉਨ੍ਹਾਂ ਦੇ ਵਕੀਲ ਮੁਹੰਮਦ ਯੁਸੂਫ ਨੇ ਦੱਸਿਆ ਕਿ ਅਮੀਨਾ ਗੁਰਬੀ ਨਹੀਂ ਚਾਹੁੰਦੀ ਸੀ ਕਿ ਉਨ੍ਹਾਂ ਉਪਰ ਲੱਗੇ ਦੋਸ਼ਾਂ ਕਾਰਨ ਦੇਸ਼ ਦੀ ਅਰਥ ਵਿਵਸਥਾ ਉਤੇ ਅਸਰ ਪਵੇ। ਇੱਕ ਅਖਬਾਰ ਨੇ ਬੀਤੇ ਦਿਨੀਂ ਇਹ ਪ੍ਰਗਟਾਵਾ ਕੀਤਾ ਸੀ ਕਿ ਰਾਸ਼ਟਰਤੀ ਨੇ ਇਟਲੀ ਅਤੇ ਦੁਬਈ ਵਿੱਚ ਸ਼ਾਪਿੰਗ ਲਈ ਪਲੈਨੇਟ ਅਰਥ ਇੰਸਟੀਚਿਊਟ ਦਾ ਕ੍ਰੈਡਿਟ ਕਾਰਡ ਵਰਤਿਆ ਸੀ। ਇਹ ਸੰਸਥਾ ਲੋੜਵੰਦ ਵਿਦਿਆਰਥੀਆਂ ਨੂੰ ਵਜ਼ੀਫੇ ਰਾਹੀਂ ਸਿਖਿਆ ਵਿੱਚ ਮਦਦ ਕਰਦੀ ਹੈ। ਕ੍ਰੈਡਿਟ ਕਾਰਡ ਰਾਹੀਂ ਇਹ ਸ਼ਾਪਿੰਗ ਇਟਲੀ ਅਤੇ ਦੁਬਈ ਵਿੱਚ ਕੁਝ ਕੀਮਤੀ ਸਾਮਾਨ ਖਰੀਦਣ ਲਈ ਕੀਤੀ ਗਈ ਸੀ।