ਮਾਰਟਿਨ ਸਿੰਘ ਨੇ ਬਰੈਂਪਟਨ ਸਿਟੀ ਕਾਊਂਸਲ ਚੋਣਾਂ ਲਈ ਵਾਰਡ ਨੰਬਰ 7-8 ਵਿਚੋਂ ਨਾਮਜ਼ਦਗੀ ਕਾਗਜ਼ ਦਾਖਲ਼ ਕੀਤੇ

ਬਰੈਂਪਟਨ, (ਡਾ. ਝੰਡ) -ਬਰੈਂਪਟਨ ਦੇ ਉੱਘੇ ਬਿਜ਼ਨੈੱਸਮੈਨ ਮਾਰਟਿਨ ਸਿੰਘ ਜਿਨ੍ਹਾਂ ਨੇ 2015 ਵਿਚ ਫ਼ੈੱਡਰਲ ਚੋਣਾਂ ਵਿਚ ਚੋਣ ਲੜੀ ਸੀ, ਨੇ ਬਰੈਂਪਟਨ ਸਿਟੀ ਕਾਊਂਸਲ ਦੀਆਂ 22 ਅਕਤੂਬਰ ਨੂੰ ਹੋਣ ਵਾਲੀਆਂ 2018-2022 ਚੋਣਾਂ ਲਈ ਵਾਰਡ ਨੰਬਰ 7-8 ਵਿੱਚੋਂ ਸਿਟੀ ਕਾਊਂਸਲਰ ਵਜੋਂ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ ਹਨ। ਉਨ੍ਹਾਂ ਨੁੰ ਇਸ ਵਾਰਡ ਵਿੱਚੋਂ ਪਿਛਲੇ ਕਾਊਂਸਲਰ ਪੈਟ ਫ਼ੋਰਟਿਨੀ ਦੀ ਹਮਾਇਤ ਹਾਸਲ ਹੈ ਜੋ ਇਸ ਵਾਰ ਰਿਜਨਲ ਕਾਊਂਸਲਰ ਦੇ ਅਹੁਦੇ ਲਈ ਇਹ ਚੋਣ ਲੜ ਰਹੇ ਹਨ।
ਇਸ ਸਬੰਧੀ ਆਪਣੇ ਵਿਚਾਰ ਪੇਸ਼ ਕਰਦਿਆਂ ਮਾਰਟਿਨ ਸਿੰਘ ਨੇ ਕਿਹਾ,”ਮੈਨੂੰ ਵਾਰਡ ਨੰਬਰ 7-8 ਵਿੱਚੋਂ ਸਿਟੀ ਕਾਊਂਸਲਰ ਦੇ ਉਮੀਦਵਾਰ ਵਜੋਂ ਆਪਣੀ ਨਾਮਜ਼ਦਗੀ ਦਾ ਐਲਾਨ ਕਰਦਿਆਂ ਬੜੀ ਖ਼ੁਸ਼ੀ ਹੋ ਰਹੀ ਹੈ ਅਤੇ ਮੈਂ ਪੈਟ ਫ਼ੋਰਟਿਨੀ ਨਾਲ ਮਿਲ ਕੇ ਇਸ ਵਾਰਡ ਦੀ ਭਲਾਈ ਲਈ ਕੰਮ ਕਰਨ ਦਾ ਇੱਛਕ ਹਾਂ। ਬਰੈਂਪਟਨ ਬਹੁਤ ਵਧੀਆ ਸ਼ਹਿਰ ਹੈ ਅਤੇ ਇਸ ਨੂੰ ਹੋਰ ਵੀ ਬੇਹਤਰ ਬਣਾਇਆ ਜਾ ਸਕਦਾ ਹੈ। ਇਸ ਟੱਰਮ ਵਿਚ ਵੇਖਣ ਵਿਚ ਆਇਆ ਹੈ ਕਿ ਇਸ ਵਾਰਡ ਦੇ ਦੋਵੇਂ ਨੁਮਾਇੰਦੇ ਕਈ ਮੁੱਦਿਆਂ ਉੱਪਰ ਆਪਸ ਵਿਚ ਅਕਸਰ ਲੜਦੇ-ਭਿੜਦੇ ਰਹੇ ਹਨ। ਅਜਿਹਾ ਨਹੀਂ ਹੋਣਾ ਚਾਹੀਦਾ। ਚੋਣ ਜਿੱਤਣ ਤੋਂ ਬਾਅਦ ਮੈਂ ਪੈਟ ਫ਼ੋਰਟਿਨੀ ਨਾਲ ਮਿਲ ਕੇ ਇਸ ਵਾਰਡ ਦੀ ਬੇਹਤਰੀ ਲਈ ਕੰਮ ਕਰਾਂਗਾ।”
ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆਂ ਪੈਟ ਫ਼ੋਰਟਿਨੀ ਨੇ ਕਿਹਾ,”ਮਾਰਟਿਨ ਸਿੰਘ ਇਸ ਵਾਰਡ 7-8 ਵਿੱਚੋਂ ਸਿਟੀ ਕਾਊਂਸਲ ਲਈ ਆਪਣਾ ਨਾਂ ਪੇਸ਼ ਕਰ ਰਹੇ ਹਨ। ਮਾਰਟਿਨ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਅਤੇ ਮੈਨੂੰ ਪਤਾ ਹੈ ਕਿ ਮੈਂ ਉਨ੍ਹਾਂ ਦੇ ਨਾਲ ਮਿਲ ਕੇ ਵਧੀਆ ਕੰਮ ਕਰ ਸਕਦਾ ਹਾਂ ਜਿਸ ਨਾਲ ਪੂਰੇ ਬਰੈਂਪਟਨ ਦੀ ਬੇਹਤਰੀ ਹੋਵੇਗੀ। ਉਨ੍ਹਾਂ ਕੋਲ ਜਾਣਕਾਰੀ ਅਤੇ ਕਮਾਲ ਦਾ ਸਕਿੱਲ ਹੈ ਅਤੇ ਮੇਰੇ ਕੋਲ ਕਾਊਂਸਲ ਵਿਚ ਕੰਮ ਕਰਨ ਦਾ ਤਜਰਬਾ ਹੈ। ਅਸੀਂ ਦੋਵੇਂ ਮਿਲ ਕੇ ਵਧੀਆ ਟੀਮ ਵਜੋਂ ਕੰਮ ਕਰ ਸਕਦੇ ਹਾਂ। ਪਿਛਲੇ ਚਾਰ ਸਾਲਾਂ ਵਿਚ ਰਿਜਨਲ ਕਾਊਂਸਲਰ ਕੋਲ ਆਪਣਾ ਹੀ ਏਜੰਡਾ ਸੀ ਜਿਸ ਨਾਲ ਵਾਰਡ 7-8 ਲਈ ਕੋਈ ਫ਼ਾਇਦਾ ਨਹੀਂ ਹੋ ਸਕਦਾ ਸੀ।”
ਇੱਥੇ ਜਿ਼ਕਰਯੋਗ ਹੈ ਕਿ ਮਾਰਟਿਨ ਸਿੰਘ ‘ਪ੍ਰੀਸਿਜ਼ਨ ਹੈੱਲਥ ਗਰੁੱਪ’ ਦੇ ਮਾਲਕ ਇਕ ਉੱਘੇ ਬਿਜ਼ਨੈੱਸਮੈਨ ਹਨ ਅਤੇ ਉਨ੍ਹਾਂ ਨੇ ‘ਸੇਵਾ ਫ਼ੂਡ’ ਅਤੇ ‘ਕੈਨੇਡੀਅਨ ਸਿੱਖ ਮਾਰਚਿੰਗ ਬੈਂਡ’ ਵਿਚ ਕਈ ਸਾਲ ਵਾਲੰਟੀਅਰ ਵਜੋਂ ਕੰਮ ਕੀਤਾ ਹੈ। ਉਨ੍ਹਾਂ 10 ਸਾਲ ਕੈਨੇਡੀਅਨ ਆਰਮਡ ਫ਼ੋਰਸਜ਼ ਰਿਜ਼ਰਵ ਵਿਚ ਆਫੀ਼ਸਰ ਵਜੋਂ ਸੇਵਾ ਕੀਤੀ ਹੈ ਅਤੇ ਅੱਜਕੱਲ੍ਹ 557 ਲੋਮ ਸਕਾਊਟਸ ਰਾਇਲ ਕੈਨੇਡੀਅਨ ਆਰਮੀ ਵਿਚ ਅਫ਼ਸਰ ਹਨ। ਉਨ੍ਹਾਂ ਕੋਲ ਕੈਮਿਸਟਰੀ, ਫ਼ਾਰਮੇਸੀ, ਕੈਮੀਕਲ ਇੰਜੀਨੀਅਰਿੰਗ ਅਤੇ ਐੱਮ.ਬੀ.ਏ. ਦੀਆਂ ਯੂਨੀਵਰਸਿਟੀ ਡਿਗਰੀਆਂ ਹਨ। ਅੱਜਕੱਲ ਉਹ ਆਪਣੀ ਪਤਨੀ ਦੀਪ ਅਤੇ ਤਿੰਨ ਬੱਚਿਆਂ ਨਾਲ ਬਰੈਂਪਟਨ ਵਿਚ ਰਹਿ ਰਹੇ ਹਨ। ਮਾਰਟਿਨ ਸਿੰਘ ਨੂੰ ਸੈੱਲ ਨੰਬਰ 416-937-4166 ਜਾਂ ਉਨ੍ਹਾਂ ਦੀ ਈ-ਮੇਲ martin@martinsingh.ca ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਪੈਟ ਫ਼ੋਰਟਿਨੀ ਦੀ ਆਪਣੀ ਕੰਸਟ੍ਰੱਕਸ਼ਨ ਕੰਪਸੀ ਜਿਸ ਨੂੰ ਉਹ ਆਪ ਚਲਾਉਂਦੇ ਸਨ। ਉਹ ਮਾਈਨਰ ਹਾਕੀ, ਬੇਸਬਾਲ ਅਤੇ ਰਾਇਲ ਕੈਨੇਡੀਅਨ ਲੈਗਿਓਨ ਬਰਾਂਚ 609 ਨਾਲ ਜੁੜੇ ਰਹੇ ਹਨ ਅਤੇ ਹੁਣ ਵੀ ਇਸ ਦੇ ਨਾਲ ਸਬੰਧਿਤ ਹਨ। ਉਹ ਵੀ ਆਪਣੀ ਪਤਨੀ ਅਤੇ ਬੇਟੀ ਨਾਲ ਬਰੈਂਪਟਨ ਵਿਚ ਰਹਿ ਰਹੇ ਹਨ। ਉਨ੍ਹਾਂ ਨੂੰ ਸੈੱਲ ਨੰਬਰ 416-804-2510 ਜਾਂ ਉਨ੍ਹਾਂ ਦੀ ਈ-ਮੇਲpatfortini@rogers.com ‘ਤੇ ਸੰਪਰਕ ਕੀਤਾ ਜਾ ਸਕਦਾ ਹੈ।