ਮਾਨਸਿਕ ਰੋਗ ਬਣਦੀ ਜਾ ਰਹੀ ਹੈ ‘ਸੈਲਫੀਬਾਜ਼ੀ’

selfie
-ਬਲਰਾਜ ਸਿੰਘ ਸਿੱਧੂ ਐਸ ਪੀ
30 ਅਪ੍ਰੈਲ ਨੂੰ ਇਕ ਦੁਖਦਾਈ ਘਟਨਾ ਹੈ ਕਿ ਮਹਾਰਾਸ਼ਟਰ ਦੇ ਪੁਣੇ ਜ਼ਿਲੇ ਵਿੱਚ ਸੈਲਫੀ ਲੈਣ ਦੇ ਚੱਕਰ ਵਿੱਚ ਚਾਰ ਡਾਕਟਰ ਝੀਲ ਵਿੱਚ ਡੁੱਬ ਕੇ ਅਣਿਆਈ ਮੌਤ ਮਾਰੇ ਗਏ। ਉਹ ਸੈਲਫੀ ਲੈਣ ਲਈ ਕਿਸ਼ਤੀ ਦੇ ਇਕ ਪਾਸੇ ਇਕੱਠੇ ਹੋ ਗਏ ਤਾਂ ਬੈਲੈਂਸ ਵਿਗੜਨ ਕਾਰਨ ਕਿਸ਼ਤੀ ਡੁੱਬ ਗਈ। ਕੁਝ ਸਾਲ ਪਹਿਲਾਂ ਸ਼ੌਕ ਦੇ ਰੂਪ ਵਿੱਚ ਸ਼ੁਰੂ ਹੋਈ ਸੈਲਫੀ ਦੀ ਆਦਤ ਹੁਣ ਇਕ ਗੰਭੀਰ ਮਾਨਸਿਕ ਰੋਗ ਦਾ ਰੂਪ ਧਾਰਨ ਕਰ ਗਈ ਹੈ। ਹਾਲਾਤ ਐਨੇ ਵਿਗੜ ਗਏ ਹਨ ਕਿ ਲੋਕ ਲਾਸ਼ਾਂ ਨਾਲ ਵੀ ਸੈਲਫੀ ਖਿੱਚ ਰਹੇ ਹਨ। ਪਿੱਛੇ ਜਿਹੇ ਅਜਿਹੇ ਇਕ ‘ਸਿਆਣੇ ਮੁੰਡੇ’ ਨੇ ਆਪਣੇ ਬਾਪ ਦੀ ਮੱਚ ਰਹੀ ਚਿਤਾ ਨਾਲ ਸੈਲਫੀ ਖਿੱਚ ਕੇ ਸਟੇਟਸ ਪਾਇਆ ਸੀ, ‘ਫੀਲਿੰਗ ਸੈਡ ਵਿਦ ਫਾਦਰ ਡੱੈਡ।’ ਹੈਰਾਨੀ ਦੀ ਗੱਲ ਹੈ ਕਿ ਉਸ ਦੇ ਇਸ ਮੂਰਖਾਨਾ ਸਟੇਟਸ ਨੂੰ ਅਨੇਕਾਂ ਨੇ ‘ਲਾਈਕ’ ਕੀਤਾ। ਕਈਆਂ ਨੇ ਸ਼ੇਰਾਂ-ਚੀਤੇ ਦੇ ਪਿੰਜਰੇ ਵਿੱਚ ਡਿੱਗ ਕੇ ਭੰਗ ਦੇ ਭਾੜੇ ਜਾਨ ਗਵਾ ਲਈ। ਕਿਸੇ ਧਾਰਮਿਕ ਸਥਾਨ ‘ਤੇ ਚਲੇ ਜਾਉ, ਲੋਕ ਬਿਨਾਂ ਸ਼ਰਮ ਤੋਂ ਸੈਲਫੀਆਂ ਖਿੱਚੀ ਜਾਂਦੇ ਹਨ। ਹਰਿਮੰਦਰ ਸਾਹਿਬ ਵਰਗੀ ਪਵਿੱਤਰ ਜਗ੍ਹਾ ਵੀ ਸੈਲਫੀ ਲੈਣੋਂ ਨਹੀਂ ਹਟਦੇ। ਸੱਚੇ ਸ਼ਰਧਾਲੂ ਇਨ੍ਹਾਂ ਸੈਲਫੀਬਾਜ਼ਾਂ ਦੀਆਂ ਹਰਕਤਾਂ ਤੋਂ ਪਰੇਸ਼ਾਨ ਹੋ ਜਾਂਦੇ ਹਨ। ਨਾ ਇਹ ਆਪ ਧਿਆਨ ਲਾਉਂਦੇ ਹਨ, ਨਾ ਕਿਸੇ ਨੂੰ ਲਾਉਣ ਦਿੰਦੇ ਹਨ।
ਸੈਲਫੀ ਦਾ ਕਰੇਜ਼ ਐਨਾ ਕੁ ਵਧ ਚੁੱਕਾ ਹੈ ਕਿ 2015 ਵਿੱਚ ਗੂਗਲ ਉੱਤੇ 240 ਕਰੋੜ ਸੈਲਫੀਆਂ ਪਾਈਆਂ ਸਨ, ਜੋ ਹੁਣ ਕਈ ਗੁਣਾਂ ਵਧ ਚੁੱਕੀਆਂ ਹੋਣਗੀਆਂ। 2016 ਵਿੱਚ ਇੰਦਰਪ੍ਰਸਥ ਇੰਸਟੀਚਿਊਟ ਆਫ ਇਨਫਰਮੇਸ਼ਨ, ਨਵੀਂ ਦਿੱਲੀ ਅਤੇ ਮੈਲਨ ਯੂਨੀਵਰਸਿਟੀ, ਯੂ ਐਸ ਏ ਵੱਲੋਂ ਕਰਵਾਏ ਗਏ ਸਰਵੇਖਣ ਮੁਤਾਬਕ ਭਾਰਤ ਵਿੱਚ ਸੰਸਾਰ ਦੇ ਕਿਸੇ ਵੀ ਹੋਰ ਦੇਸ਼ ਤੋਂ ਵੱਧ ਸੈਲਫੀ ਸਬੰਧੀ ਮੌਤਾਂ ਹੋ ਰਹੀਆਂ ਹਨ। ਮਾਰਚ 2014 ਤੋਂ ਲੈ ਕੇ ਕੁੱਲ ਦੁਨੀਆ ਵਿੱਚ ਹੋਈਆਂ 127 (ਜਿਨ੍ਹਾਂ ਦੀ ਰਿਪੋਰਟ ਕੀਤੀ ਗਈ) ਸੈਲਫੀ ਮੌਤਾਂ ਵਿੱਚੋਂ 80 ਇਕੱਲੇ ਭਾਰਤ ਵਿੱਚ ਹੋਈਆਂ ਹਨ, ਜਦੋਂ ਕਿ ਪਾਕਿਸਤਾਨ ਵਿੱਚ ਸਿਰਫ ਚਾਰ ਮੌਤਾਂ ਹੋਈਆਂ। ਚੀਨ ਦੀ ਆਬਾਦੀ 137 ਕਰੋੜ ਹੈ, ਪਰ ਉਥੇ ਹੁਣ ਤੱਕ ਸਿਰਫ ਚਾਰ ਲੋਕਾਂ ਦੀ ਮੌਤ ਹੋਈ ਹੈ। ਸੈਲਫੀ ਲੈਂਦੇ ਸਮੇਂ ਹੋ ਰਹੀਆਂ ਆਮ ਮੌਤਾਂ ਟਰੇਨ ਵੱਲੋਂ ਕੁਚਲੇ ਜਾਣ, ਸਮੁੰਦਰ, ਨਹਿਰ ਜਾਂ ਦਰਿਆ ਵਿੱਚ ਡੁੱਬਣ, ਖਤਰਨਾਕ ਪਹਾੜੀ ਢਲਾਣ ਤੋਂ ਖੱਡ ਵਿੱਚ ਡਿੱਗ ਪੈਣ, ਕਿਸ਼ਤੀ ਉਲਟ ਜਾਣ ਅਤੇ ਵਾਹਨ ਚਲਾਉਂਦੇ ਸਮੇਂ ਹੁੰਦੀਆਂ ਹਨ। ਸਭ ਤੋਂ ਵੱਧ ਮੌਤਾਂ ਉਚਾਈ ਤੋਂ ਡਿੱਗਣ ਅਤੇ ਪਾਣੀ ਵਿੱਚ ਡੁੱਬਣ ਨਾਲ ਹੁੰਦੀਆਂ ਹਨ।
ਸਰਵੇਖਣ ਵਿੱਚ ਇਹ ਗੱਲ ਵੀ ਸਾਹਮਣੇ ਆਈ ਕਿ ਔਰਤਾਂ ਮਰਦਾਂ ਤੋਂ ਵੱਧ ਸੈਲਫੀਆਂ ਖਿੱਚਦੀਆਂ ਹਨ, ਪਰ ਮੌਤ ਦਰ ਮਰਦਾਂ ਵਿੱਚ ਵੱਧ ਹੈ। ਇਸ ਦਾ ਕਾਰਨ ਇਹ ਪਤਾ ਲੱਗਾ ਕਿ ਮਰਦ ਸੈਲਫੀ ਲੈਣ ਲੱਗਿਆਂ ਔਰਤਾਂ ਤੋਂ ਵੱਧ ਖਤਰਾ ਉਠਾਉਂਦੇ ਹਨ। ਇਸ ਤੋਂ ਇਲਾਵਾ 30 ਸਾਲ ਤੋਂ ਘੱਟ ਉਮਰ ਵਾਲੇ ਨੌਜਵਾਨਾਂ ਦੀ ਮਰਨ ਗਿਣਤੀ ਸਭ ਤੋਂ ਵੱਧ ਹੈ, ਕਿਉਂਕਿ ਉਨ੍ਹਾਂ ਨੂੰ ਵਹਿਮ ਹੈ ਕਿ ਖਤਰਨਾਕ ਸੈਲਫੀ ਸੋਸ਼ਲ ਮੀਡੀਆ ‘ਤੇ ਪਾਉਣ ਨਾਲ ਲੜਕੀਆਂ ਉਨ੍ਹਾਂ ਵੱਲ ਵੱਧ ਆਕਰਸ਼ਿਤ ਹੁੰਦੀਆਂ ਹਨ। ਫੇਸਬੁੱਕ ‘ਤੇ ਬਾਕੀਆਂ ਤੋਂ ਵੱਧ ‘ਲਾਈਕ’ ਅਤੇ ਫੂਕ ਛਕਾਉਣ ਵਾਲੇ ਕੁਮੈਂਟ ਹਾਸਲ ਕਰਨ ਲਈ ਜਾਨ ਖਤਰੇ ਵਿੱਚ ਪਾਈ ਜਾਂਦੀ ਹੈ। ਸੈਲਫੀ ਖਿੱਚਣ ਦੀ ਲੱਤ ਨੌਜਵਾਨਾਂ ਨੂੰ ਅਫੀਮ ਦੇ ਨਸ਼ੇ ਵਾਂਗ ਲੱਗ ਗਈ ਹੈ। ਕਈਆਂ ਦਾ ਇਹ ਹਾਲ ਹੈ ਕਿ ਉਨ੍ਹਾਂ ਨੂੰ ਰੋਜ਼ ਇਕ ਨਿਸ਼ਚਿਤ ਗਿਣਤੀ ਵਿੱਚ ਸੈਲਫੀਆਂ ਖਿੱਚਣੀਆਂ ਪੈਂਦੀਆਂ ਹਨ। ਜੇ ਉਹ ਸੈਲਫੀਆਂ ਨਾ ਲੈਣ ਤਾਂ ਉਨ੍ਹਾਂ ਦੇ ਸਰੀਰ ਉਪਰ ਨਸ਼ਾ ਟੁੱਟਣ ਵਰਗੇ ਲੱਛਣ ਦਿਖਾਈ ਦੇਣ ਲੱਗਦੇ ਹਨ।
ਪਿਛਲੇ ਕੁਝ ਸਾਲਾਂ ਵਿੱਚ ਮਾਰਕੀਟ ਵਿੱਚ ਸਮਾਰਟਫੋਨਾਂ ਦੀ ਆਮਦ ਤੋਂ ਬਾਅਦ ਸੈਲਫੀਆਂ ਖਿੱਚਣ ਦੀ ਖਬਤ ਬਹੁਤ ਵਧ ਗਈ ਹੈ। ਪੱਤਰਕਾਰਾਂ ਤੱਕ ਨੂੰ ਧੱਕਾ ਮਾਰ ਕੇ ਪਰ੍ਹਾਂ ਕਰ ਦੇਣ ਵਾਲੇ ਬਦ-ਦਿਮਾਗ ਲੀਡਰ ਤੇ ਅਫਸਰ ਵੀ ਅਸੀਲ ਗਾਂ ਵਾਂਗ ਝੱਟ ਤੇਰਾਂ ਇੰਚੀ ਮੁਸਕਾਨ ਬਿਖੇਰ ਕੇ ਸੈਲਫੀ ਖਿਚਾਉਣ ਨੂੰ ਤਿਆਰ ਹੋ ਜਾਂਦੇ ਹਨ। ਇਹ ਵੀ ਨਹੀਂ ਸੋਚਦੇ ਕਿ ਸੁਰੱਖਿਆ ਨੂੰ ਖਤਰਾ ਪੈਦਾ ਹੁੰਦਾ ਹੈ। ਕਈ ਅਹਿਮਕ ਤਾਂ ਗੱਡੀ ਚਲਾਉਂਦੇ ਸਮੇਂ ਆਪਣੇ ਆਪ ਦੀ ਵੀਡੀਓ ਬਣਾਈ ਜਾਂਦੇ ਹਨ। ਹੁਣ ਇਕ ਨਵਾਂ ਰੁਝਾਨ ਚੱਲ ਪਿਆ ਹੈ ਕਿ ਆਤਮ ਹੱਤਿਆ ਦੀ ਸੈਲਫ ਵੀਡੀਓ ਬਣਾਉਣੀ ਹੈ। ਮਰਨ ਵਾਲਾ ਪਹਿਲਾਂ ਕਈ ਬੇਗੁਨਾਹਾਂ ਦੇ ਨਾਮ ਲੈਂਦਾ ਹੈ ਤੇ ਫਿਰ ਇਹ ਦੱਸਦਾ ਹੈ ਕਿ ਫਲਾਣਾ-ਫਲਾਣਾ ਮੇਰੀ ਮੌਤ ਦਾ ਜ਼ਿੰਮੇਵਾਰ ਹੈ। ਫਿਰ ਬਾਕਾਇਦਾ ਕੈਮਰਾ ਫਿੱਟ ਕਰਕੇ ਫਾਂਸੀ ਲਾਉਂਦਾ ਹੈ। ਜਿਸ ਦਾ ਨਾਮ ਵੀਡੀਓ ਵਿੱਚ ਆ ਜਾਂਦਾ ਹੈ, ਉਹ ਬਿਨਾਂ ਕਿਸੇ ਕਸੂਰ ਤੋਂ ਵੀ ਕਾਨੂੰਨੀ ਪਚੜੇ ਵਿੱਚ ਫਸ ਜਾਂਦਾ ਹੈ। ਕਿਤੇ ਹਾਦਸਾ ਹੋਇਆ ਹੋਵੇ, ਹੜ੍ਹ ਆਵੇ, ਕਿਸੇ ਦਾ ਕਤਲ ਜਾਂ ਸੱਟਾਂ ਲੱਗੀਆਂ ਹੋਣ, ਕੋਈ ਦਰਦ ਨਾਲ ਤੜਫਦਾ ਹੋਵੇ, ਵਿਹਲੜਾਂ ਨੂੰ ਮਦਦ ਦੀ ਬਜਾਏ ਸੈਲਫੀ ਖਿੱਚ ਕੇ ਫੇਸਬੁੱਕ ‘ਤੇ ਪਾਉਣ ਦਾ ਜ਼ਿਆਦਾ ਫਿਕਰ ਹੁੰਦਾ ਹੈ। ਫਿਰ ਨਾਲ ਦੀ ਨਾਲ ‘ਲਾਈਕ’ ਗਿਣਨ ਲੱਗ ਜਾਂਦੇ ਹਨ।
ਹੁਣ ਸਰਕਾਰ ਸੈਲਫੀਆਂ ਦੇ ਖਿਲਾਫ ਸਖਤ ਹੋ ਰਹੀ ਹੈ। ਖਤਰੇ ਵਾਲੀਆਂ ਥਾਵਾਂ ‘ਤੇ ‘ਨੋ ਸੈਲਫੀ ਜ਼ੋਨ’ ਬਣਾਏ ਜਾ ਰਹੇ ਹਨ। ਪਿਛਲੇ ਕੁੰਭ ਮੇਲੇ ਵਿੱਚ ਭਾਰੀ ਭੀੜ ਕਾਰਨ ਕਈ ਥਾਵਾਂ ‘ਨੋ ਸੈਲਫੀ ਜ਼ੋਨ’ ਐਲਾਨੀਆਂ ਗਈਆਂ ਹਨ। ਕੇਂਦਰੀ ਸੈਰ ਸਪਾਟਾ ਮੰਤਰਾਲੇ ਨੇ ਸੂਬੇ ਸਰਕਾਰਾਂ ਨੂੰ ਖਤਰਨਾਕ ਥਾਵਾਂ ਸ਼ਨਾਖਤ ਕਰਕੇ ‘ਨੋ ਸੈਲਫੀ ਜ਼ੋਨ’ ਬਣਾਉਣ ਦੇ ਆਦੇਸ਼ ਦਿੱਤੇ ਹਨ। ਮੁੰਬਈ ਦੇ ਅਨੇਕਾਂ ਲੋਕ ਸੈਲਫੀ ਲੈਂਦੇ ਸਮੇਂ ਅਰਬ ਸਾਗਰ ਵਿੱਚ ਡੁੱਬ ਚੁੱਕੇ ਹਨ। ਇਸ ਲਈ ਹੁਣ ਮੁੰਬਈ ਦੀਆਂ ਬੀਚਾਂ ‘ਤੇ ਦਰਜਨ ਤੋਂ ਵੱਧ ‘ਨੋ ਸੈਲਫੀ ਜ਼ੋਨ’ ਬਣਾਏ ਗਏ ਹਨ।
ਸੈਲਫੀ ਦਾ ਸ਼ੌਕ ਜਿਸ ਰਫਤਾਰ ਨਾਲ ਵਧ ਰਿਹਾ ਹੈ, ਇਸ ਨੂੰ ਰੋਕਣਾ ਹੁਣ ਸੰਭਵ ਨਹੀਂ, ਫਿਰ ਵੀ ਸੈਲਫੀ ਲੈਣ ਲੱਗਿਆਂ ਆਪਣੀ ਅਤੇ ਦੂਸਰਿਆਂ ਦੀ ਸੁਰੱਖਿਆ ਨੂੰ ਖਤਰੇ ਵਿੱਚ ਨਹੀਂ ਪਾਉਣਾ ਚਾਹੀਦਾ। ਸੈਲਫੀ ਖਿੱਚਣ ਨਾਲ ਸਿਰਫ ਥੋੜ੍ਹੇ ਜਿਹੇ ਲਾਈਕ ਤੇ ਕਮੈਂਟ ਹੀ ਮਿਲਣੇ ਹਨ, ਪਰ ਜੇ ਕੋਈ ਹਾਦਸਾ ਹੋ ਗਿਆ ਤਾਂ ਕਿਸੇ ਨੇ ਖਬਰ ਲੈਣ ਵੀ ਨਹੀਂ ਆਉਣਾ। ਨੌਜਵਾਨ ਪੀੜ੍ਹੀ ਨੂੰ ਸੈਲਫੀਆਂ ਖਿੱਚਣ ਦੇ ਫਜ਼ੂਲ ਸ਼ੌਕ ਛੱਡ ਕੇ ਪੜ੍ਹਾਈ ਤੇ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਜੇ ਕੋਈ ਵਿਅਕਤੀ ਲਾਇਕ ਹੈ ਤਾਂ ਲੋਕ ਆਪਣੇ ਆਪ ਉਸ ਦੀ ਕਦਰ ਕਰਦੇ ਹਨ। ਬਹੁਤ ਘੱਟ ਆਈ ਏ ਐਸ, ਆਈ ਪੀ ਐਸ, ਮੰਤਰੀ ਅਤੇ ਪਾਰਲੀਮੈਂਟ ਮੈਂਬਰ ਆਦਿ ਸੈਲਫੀਆਂ ਸੋਸ਼ਲ ਮੀਡੀਆ ‘ਤੇ ਪਾਉਂਦੇ ਹਨ, ਪਰ ਲੋਕ ਉਨ੍ਹਾਂ ਦੀ ਯੋਗਤਾ ਤੇ ਅਹੁਦੇ ਕਾਰਨ ਪਿੱਛੇ-ਪਿੱਛੇ ਤੁਰੇ ਫਿਰਦੇ ਹਨ। ਕਾਮਯਾਬ ਵਿਅਕਤੀ ਨੂੰ ਸਸਤੀ ਸ਼ੋਹਰਤ ਹਾਸਲ ਕਰਨ ਦੀ ਜ਼ਰੂਰਤ ਨਹੀਂ ਹੈ, ਇਹ ਹਕੀਕਤ ਸਾਡੀ ‘ਸੈਲਫੀਬਾਜ਼’ ਨੌਜਵਾਨੀ ਨੂੰ ਪਛਾਨਣੀ ਚਾਹੀਦੀ ਹੈ।