ਮਾਨਸਾ ਜੇਲ੍ਹ ਦਾ ਸੁਪਰਡੈਂਟ ਬਠਿੰਡਾ ਦੀ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ


* ਹਾਈ ਕੋਰਟ ਤੋਂ ਜ਼ਮਾਨਤ ਅਰਜ਼ੀ ਰੱਦ ਹੋਣ ਪਿੱਛੋਂ ਕਾਰਵਾਈ
ਮਾਨਸਾ, 17 ਮਈ, (ਪੋਸਟ ਬਿਊਰੋ)- ਬਠਿੰਡਾ ਦੀ ਵਿਜੀਲੈਂਸ ਟੀਮ ਨੇ ਅੱਜ ਮਾਨਸਾ ਜੇਲ੍ਹ ਦੇ ਸੁਪਰਡੈਂਟ ਦਵਿੰਦਰ ਸਿੰਘ ਰੰਧਾਵਾ ਨੂੰ ਅਚਾਨਕ ਛਾਪਾ ਮਾਰ ਕੇ ਗ੍ਰਿਫ਼ਤਾਰ ਕਰ ਲਿਆ। ਉਸ ਨੂੰ ਰਿਸ਼ਵਤ ਦੇ ਇੱਕ ਪੰਜ ਮਹੀਨੇ ਪਹਿਲਾਂ ਦਰਜ ਹੋਏ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ। ਵਿਜੀਲੈਂਸ ਜਾਂਚ ਦੌਰਾਨ ਜੇਲ੍ਹ ਸੁਪਰਡੈਂਟ ਦੇ ਖ਼ਿਲਾਫ਼ ਸਬੂਤ ਮਿਲੇ ਹਨ। ਇਸ ਬਾਰੇ ਵਿਜੀਲੈਂਸ ਦੇ ਐੱਸ ਪੀ ਭੁਪਿੰਦਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਅੱਜ ਵਿਜੀਲੈਂਸ ਅਧਿਕਾਰੀ ਮਨਜੀਤ ਸਿੰਘ ਨੇ ਜੇਲ੍ਹ ਸੁਪਰਡੈਂਟ ਨੂੰ ਓਥੇ ਜਾ ਕੇ ਗ੍ਰਿਫ਼ਤਾਰ ਕਰ ਲਿਆ।
ਮਿਲ ਸਕੀ ਜਾਣਕਾਰੀ ਅਨੁਸਾਰ ਵਿਜੀਲੈਂਸ ਥਾਣਾ ਬਠਿੰਡਾ ਨੇ 17 ਦਸੰਬਰ 2017 ਨੂੰ ਮਾਨਸਾ ਦੇ ਡਿਪਟੀ ਜੇਲ੍ਹ ਸੁਪਰਡੈਂਟ ਗੁਰਜੀਤ ਸਿੰਘ ਬਰਾੜ, ਜੇਲ੍ਹ ਦੇ ਭਲਾਈ ਅਫ਼ਸਰ ਸਿਕੰਦਰ ਸਿੰਘ ਅਤੇ ਇੱਕ ਕੈਦੀ ਪਵਨ ਕੁਮਾਰ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਵਿਰੋਧੀ ਐਕਟ ਦਾ ਕੇਸ ਦਰਜ ਕੀਤਾ ਸੀ। ਉਸ ਕੇਸ ਵਿੱਚ ਜੇਲ੍ਹ ਸੁਪਰਡੈਂਟ ਨੂੰ ਨਾਮਜ਼ਦ ਕੀਤਾ ਗਿਆ ਸੀ। ਭਲਾਈ ਅਫ਼ਸਰ ਸਿਕੰਦਰ ਸਿੰਘ ਅਤੇ ਕੈਦੀ ਪਵਨ ਕੁਮਾਰ ਨੂੰ ਉਦੋਂ ਹੀ ਗ੍ਰਿਫ਼ਤਾਰ ਕਰ ਲਿਆ ਸੀ, ਜਦ ਕਿ ਡਿਪਟੀ ਜੇਲ੍ਹ ਸੁਪਰਡੈਂਟ ਗੁਰਜੀਤ ਸਿੰਘ ਬਰਾੜ ਨੂੰ ਭਗੌੜਾ ਕਰਾਰ ਦੇਣ ਦੀ ਕਾਰਵਾਈ ਚੱਲ ਰਹੀ ਹੈ। ਉਸ ਦੀ ਅਗਾਊਂ ਜ਼ਮਾਨਤ ਲਈ ਅਰਜ਼ੀ ਹਾਈ ਕੋਰਟ ਤੋਂ ਰੱਦ ਹੋ ਜਾਣ ਪਿੱਛੋਂ ਅਦਾਲਤ ਨੇ ਇਸ਼ਤਿਹਾਰੀ ਨੋਟਿਸ ਜਾਰੀ ਕੀਤਾ ਹੋਇਆ ਹੈ ਕਿ ਜੇ ਗੁਰਜੀਤ ਸਿੰਘ ਬਰਾੜ ਅਗਲੀ ਪੇਸ਼ੀ ਉੱਤੇ 19 ਮਈ ਨੂੰ ਅਦਾਲਤ ਪੇਸ਼ ਨਾ ਹੋਵੇ ਤਾਂ ਉਸ ਨੂੰ ਅਦਾਲਤ ਭਗੌੜਾ ਕਰਾਰ ਦੇ ਦੇਵੇਗੀ।
ਵਰਨਣ ਯੋਗ ਹੈ ਕਿ ਮਾਨਸਾ ਜੇਲ੍ਹ ਵਿੱਚ ਕੈਦੀਆਂ ਦੀ ਭਲਾਈ ਲਈ ਨੋਟ ਤਸਕਰੀ ਦਾ ਗੋਰਖਧੰਦਾ ਚੱਲਦਾ ਸੀ ਤੇ ਖ਼ਾਸ ਕੈਦੀਆਂ ਨਾਲ ਮਿਲ ਕੇ ਜੇਲ੍ਹ ਦੇ ਅਧਿਕਾਰੀ ਮੋਟੀ ਕਮਾਈ ਕਰਦੇ ਸਨ। ਵਿਜੀਲੈਂਸ ਨੇ ਕੈਦੀ ਪਵਨ ਕੁਮਾਰ ਨੂੰ ਉਦੋਂ ਫੜਿਆ ਸੀ, ਜਦੋਂ ਉਹ ਇੱਕ ਹੋਰ ਕੈਦੀ ਗੌਰਵ ਦੇ ਭਰਾ ਤੋਂ 50 ਹਜ਼ਾਰ ਰੁਪਏ ਰਿਸ਼ਵਤ ਦੀ ਰਕਮ ਲੈਣ ਵਾਸਤੇ ਜੇਲ੍ਹ ਤੋਂ ਬਾਹਰ ਆਇਆ ਸੀ। ਜੇਲ੍ਹ ਪ੍ਰਬੰਧਕਾਂ ਨੇ ਰਿਸ਼ਵਤ ਦੇ ਪੈਸੇ ਲੈਣ ਲਈ ਕੈਦੀ ਪਵਨ ਕੁਮਾਰ ਨੂੰ ਭਲਾਈ ਅਫ਼ਸਰ ਸਿਕੰਦਰ ਸਿੰਘ ਦੇ ਨਾਲ ਜੇਲ੍ਹ ਤੋਂ ਬਾਹਰ ਭੇਜਿਆ ਸੀ। ਪਵਨ ਕੁਮਾਰ ਹੋਰ ਕੈਦੀਆਂ ਨੂੰ ਸਹੂਲਤਾਂ ਦੇਣ ਬਦਲੇ ਕੈਦੀਆਂ ਦੇ ਪਰਿਵਾਰਾਂ ਤੋਂ ਆਪਣੇ ਬੈਂਕ ਖਾਤੇ ਵਿੱਚ ਪੈਸੇ ਪਵਾ ਲੈਂਦਾ ਸੀ। ਜਾਂਚ ਦੌਰਾਨ ਇਸ ਜੇਲ੍ਹ ਦੇ ਦਰਬਾਨ ਨੇ ਬਿਆਨ ਦਿੱਤੇ ਸਨ ਕਿ ਜੇਲ੍ਹ ਸੁਪਰਡੈਂਟ ਦੇ ਹੁਕਮਾਂ ਉੱਤੇ ਉਨ੍ਹਾਂ ਨੇ ਕੈਦੀ ਪਵਨ ਕੁਮਾਰ ਨੂੰ ਜੇਲ੍ਹ ਤੋਂ ਬਾਹਰ ਜਾਣ ਦਿੱਤਾ ਸੀ। ਹੋਰ ਸਬੂਤ ਵੀ ਵਿਜੀਲੈਂਸ ਦੇ ਹੱਥ ਲੱਗੇ ਹਨ, ਜਿਸ ਮਗਰੋਂ ਕੇਸ ਵਿੱਚ ਸੁਪਰਡੈਂਟ ਨੂੰ ਨਾਮਜ਼ਦ ਕੀਤਾ ਹੈ।