ਮਾਤਾ ਚਿੰਤਪੂਰਨੀ ਵੱਲ ਜਾਂਦੇ ਪਰਵਾਰ ਨੂੰ ਹਾਦਸੇ ਵਿੱਚ ਤਿੰਨ ਮੌਤਾਂ


ਆਦਮਪੁਰ, 12 ਮਾਰਚ (ਪੋਸਟ ਬਿਊਰੋ)- ਹੁਸ਼ਿਆਰਪੁਰ-ਜਲੰਧਰ ਰੋਡ ਉੱਤੇ ਤਾਰਗਾੜ੍ਹ ਹਲਟੀ ਮੋੜ ਨੇੜੇ ਇੱਕ ਕਾਰ ਤੇ ਐਕਟਿਵਾ ਵਿਚਾਲੇ ਟੱਕਰ ਵਿੱਚ ਇੱਕੋ ਪਰਵਾਰ ਦੇ ਤਿੰਨ ਜੀਆਂ ਦੀ ਮੌਤ ਹੋਣ ਦੀ ਖਬਰ ਹੈ।
ਚੌਕੀ ਮੰਡਿਆਲਾ ਦੇ ਐੱਸ ਆਈ ਹਰਜਿੰਦਰ ਸਿੰਘ ਨੇ ਦੱਸਿਆ ਕਿ ਹਾਦਸਾ ਉਦੋਂ ਵਾਪਰਿਆ ਜਦੋਂ ਆਦਮਪੁਰ ਤੋਂ ਚੱਲੇ ਇੱਕੋ ਪਰਵਾਰ ਦੇ ਤਿੰਨ ਮੈਂਬਰ ਮੋਹਿਤ ਕੁਮਾਰ (35) ਪੁੱਤਰ ਬਲਦੇਵ ਸਿੰਘ, ਉਸ ਦੀ ਪਤਨੀ ਡਿੰਪਲ (32) ਅਤੇ ਉਨ੍ਹਾਂ ਦੀ ਚਾਰ ਸਾਲਾ ਲੜਕੀ (ਮਾਨਿਆ) ਮਾਤਾ ਚਿੰਤਪੂਰਨੀ ਜੀ ਦੇ ਦਰਸ਼ਨਾਂ ਲਈ ਆਪਣੀ ਐਕਟਿਵਾ ‘ਤੇ ਹੁਸ਼ਿਆਰਪੁਰ ਸਾਈਡ ਨੂੰ ਜਾ ਰਹੇ ਸਨ ਕਿ ਸਾਹਮਣਿਓਂ ਆ ਰਹੀ ਇੱਕ ਕਾਰ ਨਾਲ ਉਨ੍ਹਾਂ ਦੀ ਬੁਰੀ ਤਰ੍ਹਾਂ ਟੱਕਰ ਹੋ ਗਈ। ਇਸ ਨਾਲ ਕਾਰ ਅਤੇ ਐਕਟਿਵਾ ਖਤਾਨਾਂ ਵਿੱਚ ਦਰੱਖਤਾਂ ਵਿੱਚ ਜਾ ਡਿੱਗੀਆਂ। ਬੱਚੀ ਮਾਨਿਆ ਹਾਦਸੇ ਵਾਲੀ ਥਾਂ ਹੀ ਦਮ ਤੋੜ ਗਈ, ਜਦ ਕਿ ਉਸ ਦੇ ਮੰਮੀ-ਪਾਪਾ ਸਿਰ ਵਿੱਚ ਸੱਟਾਂ ਲੱਗਣ ਕਾਰਨ ਹਸਪਤਾਲ ਜਾਂਦਿਆਂ ਦਮ ਤੋੜ ਗਏ। ਪੁਲਸ ਸੂਤਰਾਂ ਨੇ ਦੱਸਿਆ ਕਿ ਉਕਤ ਕਾਰ ਆਨੰਦਪੁਰ ਸਾਹਿਬ ਤੋਂ ਅੰਮ੍ਰਿਤਸਰ ਜਾ ਰਹੀ ਸੀ, ਜਿਸ ਵਿੱਚ ਦੋ ਔਰਤਾਂ, ਦੋ ਵਿਅਕਤੀ ਅਤੇ ਇੱਕ ਬੱਚਾ ਸੀ, ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਮ੍ਰਿਤਕ ਮੋਹਿਤ ਕੁਮਾਰ ਆਦਮਪੁਰ ਦਾ ਨਿਊਜ਼ ਪੇਪਰ ਏਜੰਟ ਸੀ।