ਮਾਡਲ ਕੁੜੀ ਨੂੰ ਏਅਰ ਪੋਰਟ ਸਕਿਓਰਟੀ ਮੌਕੇ ਬੰਬ ਹੋਣ ਦਾ ਮਜ਼ਾਕ ਕਰਨਾ ਮਹਿੰਗਾ ਪੈ ਗਿਆ

kanchan thakur
ਮੁੰਬਈ, 4 ਮਾਰਚ (ਪੋਸਟ ਬਿਊਰੋ)- ਅੱਜ ਕੱਲ੍ਹ ਫਰੈਂਕ ਬਣਨ ਦਾ ਕਰੇਜ਼ ਕੁਝ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ, ਪਰ ਕਈ ਵਾਰ ਅਜਿਹੇ ਫਰੈਂਕ ਟੋਟਕੇ ਕਈ ਲੋਕਾਂ ਨੂੰ ਮਹਿੰਗੇ ਪੈ ਜਾਂਦੇ ਹਨ। ਮੁੰਬਈ ਏਅਰਪੋਰਟ ਉੱਤੇ ਇਕ ਮਾਡਲ ਕੁੜੀ ਨਾਲ ਕੁਝ ਅਜਿਹਾ ਹੀ ਹੋਇਆ ਤੇ ਉਸ ਨੂੰ ਇਸ ਕਾਰਨ ਜੇਲ ਜਾਣਾ ਪਿਆ ਹੈ।
ਵੀਰਵਾਰ ਦੀ ਰਾਤ 8 ਵਜੇ ਮੁੰਬਈ ਏਅਰਪੋਰਟ ਦੇ ਟੀ-2 ਟਰਮੀਨਲ ਉੱਤੋਂ ਮਾਡਲ ਕੰਚਨ ਠਾਕੁਰ ਆਪਣੇ ਤਿੰਨ ਦੋਸਤਾਂ ਨਾਲ ਏਅਰ ਇੰਡੀਆ ਦੀ ਫਲਾਈਟ ਵਿੱਚ ਦਿੱਲੀ ਨੂੰ ਜਾਣ ਵਾਲੀ ਸੀ। ਜਦੋਂ ਉਹ ਏਅਰ ਇੰਡੀਆ ਦੇ ਸਕਿਊਰਿਟੀ ਚੈੱਕ ਕਾਊਂਟਰ ਉੱਤੇ ਪੁੱਜੀ ਤਾਂ ਉਸ ਨੇ ਆਪਣੀ ਦੋਸਤ ਦੇ ਹੈਂਡ-ਬੈਗ ਅੰਦਰ ਬੰਬ ਹੋਣ ਦੀ ਗੱਲ ਬੋਲ ਸਕਿਊਰਿਟੀ ਨੂੰ ਇਸ ਦੀ ਜਾਂਚ ਲਈ ਕਹਿ ਦਿੱਤਾ। ਕੰਚਨ ਦੀ ਇਸ ਗੱਲ ਕਾਰਨ ਪੂਰੇ ਏਅਰਪੋਰਟ ਉੱਤੇ ਭੱਜ-ਦੌੜ ਮੱਚ ਗਈ। ਇਸ ਅਜੀਬ ਘਟਨਾ ਕਾਰਨ ਦਿੱਲੀ ਜਾਣ ਵਾਲੀ ਏਅਰ ਇੰਡੀਆ ਫਲਾਈਟ ਨੂੰ ਇਕ ਘੰਟੇ ਤੋਂ ਵਧ ਦੇਰ ਹੋ ਗਈ ਅਤੇ ਸਕਿਓਰਟੀ ਚੈੱਕ ਤੋਂ ਬਾਅਦ ਕੰਚਨ ਨੂੰ ਗ੍ਰਿਫਤਾਰ ਕਰ ਲਿਆ ਗਿਆ। ਬਾਅਦ ਵਿੱਚ ਉਸ ਨੂੰ ਜ਼ਮਾਨਤ ਮਿਲ ਗਈ। ਪੁਲਸ ਦਾ ਕਹਿਣਾ ਹੈ ਕਿ ਲੋਕਾਂ ਵਿੱਚ ਬੰਬ ਦੀ ਝੂਠੀ ਖਬਰ ਨਾਲ ਭੱਜ-ਦੌੜ ਮਚਾਉਣ ਅਤੇ ਦੂਜਿਆਂ ਦੀ ਜ਼ਿੰਦਗੀ ਖਤਰੇ ਵਿੱਚ ਪਾਉਣ ਲਈ ਇਸ ਔਰਤ ਨੂੰ 3 ਸਾਲ ਤੋਂ ਵਧ ਦੀ ਜੇਲ ਹੋ ਸਕਦੀ ਸੀ।