‘ਮਾਛੀਕੇ’ ਦੇ ਐੱਨ. ਆਰ. ਆਈ. ਗਰੁੱਪ ਨੇ ਨਵੇਂ ਸਾਲ ਮੌਕੇ ਧਾਰਮਿਕ ਸਮਾਗ਼ਮ ਕਰਾਇਆ

ਬਰੈਂਪਟਨ, (ਡਾ. ਝੰਡ) – ਚਮਕੌਰ ਸਿੰਘ ਮਾਛੀਕੇ ਤੋਂ ਪ੍ਰਾਪਤ ਸੂਚਨਾ ਅਨੁਸਾਰ ਮੋਗਾ ਜਿ਼ਲ੍ਹੇ ਨਾਲ ਸਬੰਧਿਤ ਪਿੰਡ ‘ਮਾਛੀਕੇ’ ਦੇ ਐੱਨ.ਆਰ.ਆਈ. ਗਰੁੱਪ ਵੱਲੋਂ ਨਵੇਂ ਸਾਲ 2018 ਨੂੰ ‘ਜੀ ਆਇਆਂ’ ਕਹਿਣ ਲਈ ਦੂਸਰਾ ਸਲਾਨਾ ਸਮਾਗ਼ਮ ਕਰਾਇਆ ਗਿਆ। ਇਸ ਧਾਰਮਿਕ ਸਮਾਗ਼ਮ ਵਿਚ ‘ਬਾਬਾ ਨਾਨਕ ਗੁਰੂਘਰ’ 79 ਬਰੈਮਸਟੀਲ ਰੋਡ ਵਿਚ ਸੰਗਤ ਵੱਲੋਂ ਮਿਲ ਕੇ ਅੰਮ੍ਰਿਤ-ਮਈ ਬਾਣੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਗਏ। ਉਪਰੰਤ, ਰਾਗੀ ਸਿੰਘਾਂ ਵੱਲੋਂ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ ਗਿਆ ਅਤੇ ਗੁਰਮਤਿ-ਕਥਾ ਦਾ ਪ੍ਰਵਾਹ ਚੱਲਿਆ। ਇਸ ਮੌਕੇ ਕੁਝ ਬੁਲਾਰਿਆਂ ਵੱਲੋਂ ਸੰਗਤਾਂ ਨਾਲ ਨਵੇਂ ਸਾਲ ਦੀਆਂ ਵਧਾਈਆਂ ਵੀ ਸਾਂਝੀਆਂ ਕੀਤੀਆਂ ਗਈਆਂ।
ਇਹ ਧਾਰਮਿਕ ਸਮਾਗ਼ਮ ਸਵੇਰੇ 10.00 ਵਜੇ ਤੋਂ ਸ਼ੁਰੂ ਹੋ ਕੇ ਬਾਅਦ ਦੁਪਹਿਰ 2.00 ਵਜੇ ਤੱਕ ਚੱਲਦਾ ਰਿਹਾ ਅਤੇ ਇਸ ਵਿਚ ਬਰੈਂਪਟਨ ਅਤੇ ਮਿਸੀਸਾਗਾ ਤੋਂ ਇਲਾਵਾ ਜੀ.ਟੀ.ਏ. ਦੇ ਹੋਰ ਸ਼ਹਿਰਾਂ ਕਿਚਨਰ, ਹੈਮਿਲਟਨ ਆਦਿ ਸ਼ਹਿਰਾਂ ਵਿਚ ਵੱਸਦੇ ਮਾਛੀਕੇ ਦੇ ਪਿਛੋਕੜ ਵਾਲੇ ਲੋਕਾਂ ਨੇ ਪਰਿਵਾਰਾਂ ਸਮੇਤ ਸਿ਼ਰਕਤ ਕੀਤੀ। ਇਹ ਇਸ ਗਰੁੱਪ ਵੱਲੋਂ ਮਨਾਇਆ ਗਿਆ ਦੂਸਰਾ ਸਲਾਨਾ ਧਾਰਮਿਕ ਸਮਾਗ਼ਮ ਸੀ ਜਿਸ ਵਿਚ ਸੰਗਤਾਂ ਨੇ ਆਪਣੀ ਭਰਪੂਰ ਹਾਜ਼ਰੀ ਲੁਆਈ ਜਿਸ ਤੋਂ ਉਤਸ਼ਾਹਿਤ ਹੋ ਕੇ ਪ੍ਰਬੰਧਕਾਂ ਵੱਲੋਂ ਇਹ ਸਮਾਗ਼ਮ ਹਰ ਸਾਲ ਇੰਜ ਹੀ ਕਰਾਉਣ ਦਾ ਫ਼ੈਸਲਾ ਕੀਤਾ ਗਿਆ। ਸਮਾਗ਼ਮ ਦੇ ਅਖ਼ੀਰ ਵਿਚ ਪ੍ਰਬੰਧਕੀ ਗਰੁੱਪ ਦੇ ਬੁਲਾਰੇ ਚਮਕੌਰ ਸਿੰਘ ਮਾਛੀਕੇ ਨੇ ਹਾਜ਼ਰ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਗਰੁੱਪ ਵੱਲੋਂ ਕੀਤੇ ਜਾ ਰਹੇ ਚੈਰਿਟੀ ਕੰਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਪਰੰਤ, ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।