ਮਾਕਪਾ ਖੁਦ ਨੂੰ ਹਾਸ਼ੀਏ ਉੱਤੇ ਜਾਣ ਤੋਂ ਬਚਾਵੇ

– ਐੱਮ ਕੇ ਭੱਦਰਕੁਮਾਰ
ਜਦੋਂ ਕਿਸੇ ਪਾਰਟੀ ਦੇ ਬੁਰੇ ਦਿਨ ਆਉਂਦੇ ਹਨ ਤਾਂ ਉਹ ਅਢੁੱਕਵੀਂ ਨਜ਼ਰ ਆਉਣ ਲੱਗਦੀ ਹੈ। ਹੁਣੇ ਜਿਹੇ ਉੱਤਰ ਪ੍ਰਦੇਸ਼ ਵਿੱਚ ਸਮਾਜਵਾਦੀ ਪਾਰਟੀ ਦਾ ਸ਼ਰਮਨਾਕ ਪਤਨ ਇਸ ਦੀ ਮਿਸਾਲ ਹੈ। ਭਾਰਤ ਦੀਆਂ ਸਿਆਸੀ ਪਾਰਟੀਆਂ ਕਾਫੀ ਹੱਦ ਤੱਕ ਅਜਿਹੀ ਸਥਿਤੀ ਟਾਲਦੀਆਂ ਹਨ। ਇਸੇ ਕਾਰਨ ਹੁਣ ਪੂਰੇ ਭਾਰਤ ਵਿੱਚ ਖੱਬੇ ਪੱਖੀ ਅੰਦੋਲਨ ਦੇ ਸਾਥੀਆਂ ਅਤੇ ਸਮਰਥਕਾਂ ਦੇ ਮਨ ਵਿੱਚ ਖੱਬੇ ਪੱਖੀ ਲੀਡਰਸ਼ਿਪ ਪ੍ਰਤੀ ਰੋਹ ਭਰਿਆ ਹੋਇਆ ਹੈ।
ਇਹ ਇੱਕ ਅਸਲੀਅਤ ਹੈ ਕਿ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਭਾਵ ਸੀ ਪੀ ਐੱਮ ਖੱਬੇ ਪੱਖੀ ਅੰਦੋਲਨ ਦਾ ਮੋਹਰੀ ਸੰਗਠਨ ਹੈ ਤੇ ਜਦੋਂ ਇਹ ਪਾਰਟੀ ਲਗਾਤਾਰ ਵਧਦੇ ਅਢੁਕਵੇਂਪਣ ਦਾ ਅਹਿਸਾਸ ਕਰਾਉਂਦੀ ਹੈ ਤਾਂ ਨਾ ਸਿਰਫ ਇੱਕ ਦੁਖਦਾਈ ਦਿ੍ਰਸ਼ ਪੇਸ਼ ਕਰਦੀ ਹੈ, ਸਗੋਂ ਪੂਰੇ ਖੱਬੇ ਪੱਖੀਆਂ ਨੂੰ ਅਪਮਾਨਿਤ ਕਰ ਰਹੀ ਹੈ। ਭਾਰਤੀ ਸਿਆਸਤ ਵਿੱਚ ਖੱਬੇ ਪੱਖੀਆਂ ਦਾ ਅਕਸ ਹਮੇਸ਼ਾ ਆਪਣੀ ਔਕਾਤ ਤੋਂ ਵੱਧ ਰਿਹਾ ਹੈ। ਜੋ ਦੇਸ਼ ਘੋਰ ਬੇਇਨਸਾਫੀ, ਗਰੀਬੀ ਤੇ ਸ਼ੋਸ਼ਣ ਨਾਲ ਭਰਿਆ ਹੋਵੇ ਤੇ ਜਿੱਥੇ ਹਰ ਤਰ੍ਹਾਂ ਦੀ ਆਸ ਗੁਆ ਚੁੱਕੇ ਲੋਕਾਂ ਨੂੰ ਸਿਰਫ ਜ਼ਿੰਦਾ ਰਹਿਣ ਲਈ ਸਖਤ ਸੰਘਰਸ਼ ਕਰਨਾ ਪੈਂਦਾ ਹੋਵੇ, ਉਥੇ ਅਜਿਹਾ ਹੋਣਾ ਸੁਭਾਵਿਕ ਹੈ। ਇਸ ਸਥਿਤੀ ਵਿੱਚ ਹਰ ਖੱਬੇ ਪੱਖੀ ਸੰਗਠਨ ਇੱਕ ਪਾਰਟੀ ਤੋਂ ਵਧ ਕੇ ਹੋਰ ਵੀ ਬਹੁਤ ਕੁਝ ਹੈ। ਇਸ ਸਥਿਤੀ ਵਿੱਚ ਸੀ ਪੀ ਐੱਮ ਉਤੇ ਵੱਧ ਜ਼ਿੰਮੇਵਾਰੀ ਆਉਂਦੀ ਹੈ, ਇਹ ਸਿਰਫ ਸਿਆਸੀ ਪਾਰਟੀ ਨਹੀਂ, ਸਗੋਂ ਵਿਕਾਸ ਦੀ ਦੌੜ ਵਿੱਚ ਪਿੱਛੇ ਰਹਿ ਗਏ ਸ਼ੋਸ਼ਿਤ ਲੋਕਾਂ ਦੀ ਆਵਾਜ਼ ਵੀ ਹੈ।
ਇਸ ਦੌਰਾਨ ਸੀ ਪੀ ਐੱਮ ਜਦੋਂ ਬੁਰਜੁਆ (ਭਾਵ ਪੂੰਜੀਵਾਦੀ) ਸਿਆਸਤ ਕਰਦੀ ਹੈ, ਚੋਣ ਗਠਜੋੜ ਤੇ ਸੀਟਾਂ ਦੀ ਸੌਦੇਬਾਜ਼ੀ ਕਰਦੀ ਹੈ (ਜੋ ਇਸ ਦੀਆਂ ਸਰਗਰਮੀਆਂਅਅਤੇ ਦਿਸ਼ਾ ਬੋਧ ਦਾ ਕੇਂਦਰ ਬਿੰਦੂ ਬਣ ਚੁੱਕੀ ਹੈ) ਤਾਂ ਇਹ ਦੇਸ਼ ਦੇ ਇਹਿਤਾਸ ਅਤੇ ਸਿਆਸਤ ਨਾਲ ਬਹੁਤ ਅਹਿਮ ਮੋੜ ‘ਤੇ ਪ੍ਰਗਤੀਵਾਦੀ ਤਾਕਤਾਂ ਨੂੰ ਬੁਰੀ ਤਰ੍ਹਾਂ ਅਪਮਾਨਿਤ ਕਰਦੀ ਹੈ। ਜੇ ਅਖਬਾਰਾਂ ਦੀਆਂ ਰਿਪੋਰਟਾਂ ਮੁਤਾਬਕ ਸੀ ਪੀ ਐੱਮ ਪੋਲਿਟ ਬਿਊਰੋ (ਜਿਸ ਵਿੱਚ ਲਗਭਗ ਇੱਕ ਦਰਜਨ ਬੁੱਧੀਜੀਵੀ ਹਨ) ਦਿੱਲੀ ਵਿੱਚ ਦੋ ਦਿਨਾਂ ਦੇ ਚਿੰਤਨ ਕੈਂਪ ਲਈ ਮਿਲ ਕੇ ਬੈਠਾ ਤਾਂ ਕਿ ਹੇਠ ਲਿਖੇ ਮੁੱਦਿਆਂ ‘ਤੇ ਫੈਸਲੇ ਲਏ ਜਾ ਸਕਣ :
* ਕੀ ਸੀ ਪੀ ਐੱਮ ਨੂੰ ਕਾਂਗਰਸ ਨਾਲ ਗਠਜੋੜ ਕਰਨਾ ਚਾਹੀਦਾ ਹੈ? ਕੀ ਸੀ ਪੀ ਐੱਮ ਕਾਂਗਰਸ ਨਾਲ ਮੋਰਚਾ ਬਣਾ ਸਕਦੀ ਹੈ? ਕੀ ਸੀ ਪੀ ਐੱਮ ਕਾਂਗਰਸ ਨਾਲ ਸਿਆਸੀ ਸੂਝਬੂਝ ਬਣਾਈ ਰੱਖ ਸਕਦੀ ਹੈ? ਕੀ ਕਾਂਗਰਸ ਨਾਲ ਸੀ ਪੀ ਐੱਮ ਚੋਣਾਂ ਵਿੱਚ ਸੀਟਾਂ ਦਾ ਲੈਣ-ਦੇਣ ਕਰ ਸਕਦੀ ਹੈ ਜਾਂ ਸਥਾਨਕ ਪੱਧਰ ਉੱਤੇ ਉਸ ਨਾਲ ਸੀਟਾਂ ਦੀ ਐਡਜਸਟਮੈਂਟ ਕਰ ਸਕਦੀ ਹੈ?
ਇਨ੍ਹਾਂ ਵਿਸ਼ਿਆਂ ਨੂੰ ਦੇਖ ਕੇ ਹਾਸਾ ਆਵੇ ਤਾਂ ਇਸ ਦੇ ਲਈ ਸੀ ਪੀ ਐੱਮ ਪਾਰਟੀ ਪੋਲਿਟ ਬਿਊਰੋ ਜ਼ਿੰਮੇਵਾਰ ਹੈ। ਕੀ ਇਹ ਗੱਲ ਆਪਣੇ ਆਪ ਵਿੱਚ ਹਾਸੋਹੀਣੀ ਨਹੀਂ ਕਿ ਸੀ ਪੀ ਐੱਮ ਪਾਰਟੀ ਮੌਜੂਦਾ ਹਾਲਾਤ ਵਿੱਚ ਭਾਜਪਾ ਬਾਰੇ ਵਿਚਾਰ ਕਰਨ ਦੀ ਥਾਂ ਕਾਂਗਰਸ ਬਾਰੇ ਰੌਲਾ ਪਾ ਰਹੀ ਹੈ? ਕੀ ਸੀ ਪੀ ਐੱਮ ਪਾਰਟੀ ਨੇਤਾ ਨਹੀਂ ਜਾਣਦੇ ਕਿ ਗੁਜਰਾਤ ਦੀਆਂ ਚੋਣਾਂ (ਜੋ ਹੁਣੇ ਹੁਣੇ ਹੋਈਆਂ ਹਨ) ਅੱਜ ਦੀ ਭਾਰਤੀ ਸਿਆਸਤ ਦਾ ਉਦੇਸ਼ ਵਾਕ ਹੋ ਗਈਆਂ ਹਨ? ਗੁਜਰਾਤ ਵਿੱਚ ਸੀ ਪੀ ਐੱਮ ਦੇ ਪੋਲਿਟ ਬਿਊਰੋ ਦਾ ਇੱਕ ਵੀ ਮੈਂਬਰ ਪ੍ਰਚਾਰ ਕਰਨ ਕਿਉਂ ਨਾ ਗਿਆ?
ਸਭ ਜਾਣਦੇ ਹਨ ਕਿ ਦੇਸ਼ ਇੰਚ-ਇੰਚ ਕਰ ਕੇ 2019 ਦੀਆਂ ਆਮ ਚੋਣਾਂ ਦੇ ਨੇੜੇ ਪਹੁੰਚ ਰਿਹਾ ਹੈ ਤੇ ਗੁਜਰਾਤ ਦੀਆਂ ਚੋਣਾਂ ਦੇ ਨਤੀਜੇ ਆਉਣ ਵਾਲੇ ਸਮੇਂ ‘ਚ ਭਾਰਤੀ ਸਿਆਸਤ ਲਈ ਅਹਿਮ ਸਨ। ਗੁਜਰਾਤ ਦੇ ਚੋਣ ਨਤੀਜਿਆਂ ਨੇ ਰਾਹੁਲ ਗਾਂਧੀ ਦਾ ਵਿਰੋਧ ਕਰਨ ਵਾਲਿਆਂ ਦੇ ਮੂੰਹ ਬੰਦ ਕਰ ਦਿੱਤੇ ਤੇ ਇੱਕ ਅਨੋਖਾ ਦਿ੍ਰਸ਼ ਦੇਖਣ ਨੂੰ ਮਿਲਿਆ ਕਿ ਜਦੋਂ ਸੱਚਮੁੱਚ ਇੱਕ ਅਨਾੜੀ ਕਿਹਾ ਜਾਣ ਵਾਲਾ ਵਿਅਕਤੀ ਕੌਮੀ ਹਸਤੀ ਵਜੋਂ ਉਭਰਦਾ ਹੈ ਤਾਂ ਉਹ ਦੇਸ਼ ਦੇ ਲੋਕਾਂ ਤੇ ਉਨ੍ਹਾਂ ਦੇ ਦੁੱਖਾਂ-ਸੁੱਖਾਂ ਨਾਲ ਤਾਲਮੇਲ ਪੈਦਾ ਕਰ ਲੈਂਦਾ ਹੈ। ਇਹ ਇੱਕ ਇਤਿਹਾਸਕ ਪਲ ਸੀ। ਕੀ ਸੀ ਪੀ ਐੱਮ ਪਾਰਟੀ ਨੇਤਾਵਾਂ ਨੂੰ ਆਪਣੀ ਐਨਕ ਵਿੱਚੋਂ ਦਿੱਲੀ ਤੋਂ ਦੂਰ ਦਾ ਇਹ ਦਿ੍ਰਸ਼ ਨਜ਼ਰ ਨਹੀਂ ਆਇਆ?
ਮੇਰੇ ਕਹਿਣ ਦਾ ਭਾਵ ਇਹ ਹੈ ਕਿ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਸਿਆਸੀ ਵੰਨਗੀ ਨਾਲ ਟੱਕਰ ਲੈਣ ਲਈ ਗੁਜਰਾਤ ਵਿੱਚ ਪਹੁੰਚ ਗਏ ਤੇ ਉਹ ਵੀ ਆਪਣੇ ਦਮ ਉਤੇ, ਸੀ ਪੀ ਐੱਮ ਪਾਰਟੀ ਨੇ ਉਨ੍ਹਾਂ ਦੀ ਕੋਈ ਸਹਾਇਤਾ ਨਹੀਂ ਕੀਤੀ। ਯਕੀਨੀ ਤੌਰ ‘ਤੇ ਰਾਹੁਲ ਗਾਂਧੀ ਸੀ ਪੀ ਐੱਮ ਪਾਰਟੀ ਤੋਂ ਬਿਨਾਂ ਗੁਜ਼ਾਰਾ ਕਰ ਸਕਦੇ ਹਨ ਤੇ ਉਨ੍ਹਾਂ ਨੰ ਕਰਨਾ ਵੀ ਚਾਹੀਦਾ ਹੈ, ਪਰ ਇਹ ਸੀ ਪੀ ਐੱਮ ਪਾਰਟੀ ਦੇ ਹਿੱਤ ‘ਚ ਹੋਵੇਗਾ ਕਿ ਉਹ ਖੁਦ ਨੂੰ ਹਾਸ਼ੀਏ ‘ਤੇ ਜਾਣ ਤੋਂ ਬਚਾਵੇ। ਅਜਿਹਾ ਕਰਨਾ ਸਮੁੱਚੇ ਖੱਬੇ ਪੱਖੀ ਅੰਦੋਲਨ ਲਈ ਫਾਇਦੇਮੰਦ ਹੋਵੇਗਾ ਕਿ ਸੀ ਪੀ ਐੱਮ ਰਾਹੁਲ ਗਾਂਧੀ ਦੇ ਸਿਆਸੀ ਏਜੰਡੇ ਵਿੱਚ ਯੋਗਦਾਨ ਪਾਉਣ ਦੀ ਸਮਰੱਥਾ ਰੱਖਦੀ ਹੈ।
ਕੇਰਲਾ ਜਿੱਥੇ ਵੀ ਹੈ, ਉਸ ਨੂੰ ਉਥੇ ਹੀ ਛੱਡ ਦਿਓ, ਕਿਉਂਕਿ ਬੁਰਜੁਆ ਸਿਆਸੀ ਸਭਿਆਚਾਰ ਦੇ ਦੌਰ ਵਿੱਚ ਜਦੋਂ ਫਰਕ ਦੀਆਂ ਰੇਖਾਵਾਂ ਲਗਾਤਾਰ ਧੁੰਦਲੀਆਂ ਹੋ ਰਹੀਆਂ ਹਨ ਤਾਂ ਸੀ ਪੀ ਐੱਮ ਪਾਰਟੀ ਲਈ ਕੇਰਲਾ ਵਿੱਚ ਆਪਣੇ ਆਪ ਨੂੰ ਕਾਂਗਰਸ ਤੋਂ ਵੱਖਰਾ ਦਿਖਾਉਣਾ ਬੇਹੱਦ ਜ਼ਰੂਰੀ ਹੈ, ਪਰ ਪੱਛਮੀ ਬੰਗਾਲ ਸਮੇਤ ਬਾਕੀ ਭਾਰਤ ਵਿੱਚ ਸੀ ਪੀ ਐੱਮ ਸਾਹਮਣੇ ਇਹ ਸਵਾਲ ਮੂੰਹ-ਅੱਡੀ ਖੜ੍ਹਾ ਹੈ ਕਿ ਇੱਕ-ਇੱਕ ਦਿਨ ਲਈ ਆਪਣਾ ਸਿਆਸੀ ਢੁੱਕਵਾਂਪਣ ਬਣਾਈ ਰੱਖਣ ਲਈ ਇਸ ਕੋਲ ਡੁੱਬਦੇ ਨੂੰ ਤਿਣਕੇ ਦਾ ਸਹਾਰਾ ਤੋਂ ਇਲਾਵਾ ਹੋਰ ਕੀ ਬਦਲ ਹੈ?
ਫਿਲਹਾਲ ਸੀ ਪੀ ਐੱਮ ਪੋਲਿਟ ਬਿਊਰੋ ਦੇ ਘਾਗਾਂ ਨੂੰ ਇਹ ਮਹਿਸੂਸ ਹੋ ਜਾਣਾ ਚਾਹੀਦਾ ਹੈ ਕਿ ਕਾਂਗਰਸ ਦਾ ਪੱਲਾ ਛੱਡ ਕੇ ਉਹ ਨਾ ਸਿਰਫ ਖੁਦ ਨੂੰ ਸਗੋਂ ਸਮੁੱਚੇ ਖੱਬੇ ਪੱਖੀ ਅੰਦੋਲਨ ਨੂੰ ਦੇਸ਼ ਦੀ ਸਿਆਸਤ ਦੇ ਮੌਜੂਦਾ ਇਤਿਹਾਸ ਬਿੰਦੂ ‘ਤੇ ਅਢੁੱਕਵੇਂ ਬਣਾ ਰਹੇ ਹੋਣਗੇ। ਗੱਲਾਂ ਦੀ ਗੱਲ ਇਹ ਹੈ ਕਿ ਗੁਜਰਾਤ ਦੀਆਂ ਚੋਣਾਂ ਦੇ ਦੌੜ-ਭੱਜ ਵਾਲੇ ਦਿਨਾਂ ਤੋਂ ਬਾਅਦ ਦੇਸ਼ ਦਾ ਸਿਆਸੀ ਦਿ੍ਰਸ਼ ਨਾਟਕੀ ਢੰਗ ਨਾਲ ਬਦਲ ਗਿਆ ਜਾਪਦਾ ਹੈ। ਮੋਦੀ ਦੀ ਪ੍ਰਚਾਰ ਸ਼ੈਲੀ ਇਸ ਦਾ ਸਬੂਤ ਹੈ ਕਿ ਉਹ ਵਿਕਾਸਵਾਦ ਤੋਂ ਸ਼ੁਰੂ ਹੋ ਕੇ ਜਾਤਵਾਦ ਦੀ ਸਿਆਸਤ ਤੱਕ ਆ ਪਹੁੰਚੇ ਹਨ। ਰਾਹੁਲ ਗਾਂਧੀ ਐਨ ਉਸੇ ਜਗ੍ਹਾ ਵਾਰ ਕਰ ਰਹੇ ਹਨ, ਜਿੱਥੇ ਭਾਜਪਾ ਨੂੰ ਸਭ ਤੋਂ ਜ਼ਿਆਦਾ ਪੀੜ ਹੋਵੇ। ਹੁਣ ਤੋਂ ਅੱਗੇ ਇਹ ਵਿਵਾਦ ਦਾ ਬਿੰਦੂ ਨਹੀਂ ਕਿ ਗੁਜਰਾਤ ਵਿੱਚ ਕੌਣ ਜਿੱਤਿਆ ਤੇ ਕੌਣ ਹਾਰਿਆ? ਮੇਰੇ ਵਿਚਾਰ ਅਨੁਸਾਰ ਅਹਿਮ ਕੋਈ ਹੋਰ ਹੈ, ਸਰਲ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਇੱਕ ਨਵੀਂ ਆਸ ਜਾਗੀ ਹੈ ਤੇ ਇਹ ਆਸ ਹੈ ‘ਹਮ ਹੋਂਗੇ ਕਾਮਯਾਬ’, ਭਾਵ ਵਿਰੋਧੀ ਧਿਰ ਦੀਆਂ ਤਾਕਤਾਂ ਭਾਜਪਾ ਤੇ ਮੋਦੀ ਦੇ ਵਿਰੁੱਧ ਇੱਕਮੁੱਠ ਹੋ ਜਾਣ ਤਾਂ ਸਫਲ ਹੋ ਸਕਦੀਆਂ ਹਨ।