ਮਾਊਂਟ ਹੋਪ ਹੈ ਬ੍ਰਿਟੇਨ ਅੰਟਰਾਕਟਿਕ ਖੇਤਰ ਦੀ ਸਭ ਤੋਂ ਉਚੀ ਚੋਟੀ


ਲੰਡਨ, 12 ਦਸੰਬਰ (ਪੋਸਟ ਬਿਊਰੋ)- ਬ੍ਰਿਟੇਨ ਦੇ ਅੰਟਾਰਕਟਿਕ ਖੇਤਰ ਵਿੱਚ ਹੁਣ ਮਾਊਂਟ ਹੋਪ ਨੂੰ ਸਭ ਤੋਂ ਉਚੀ ਚੋਟੀ ਐਲਾਨ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 10,446 ਫੁੱਟ ਉਚੇ ਮਾਊਂਟ ਜੈਕਸਨ ਨੂੰ ਇਸ ਇਲਾਕੇ ਦੀ ਸਭ ਤੋਂ ਉਚੀ ਚੋਟੀ ਮੰਨਿਆ ਜਾਂਦਾ ਸੀ। ਬ੍ਰਿਟਿਸ਼ ਅੰਟਾਰਕਟਿਕ ਸਰਵੇ (ਬੀ ਏ ਐਸ) ਵਿੱਚ ਸਾਹਮਣੇ ਆਇਆ ਕਿ ਮਾਊਂਟ ਜੈਕਸਨ ਤੋਂ 160 ਫੁੱਟ ਉਚੀ ਮਾਊਂਟ ਹੋਪ ਹੈ। ਇਸ ਦੀ ਉਚਾਈ 10,626 ਫੁੱਟ ਹੈ।
ਬੀ ਏ ਐਸ ਨੇ ਇਹ ਸਰਵੇ ਪਾਇਲਟਾਂ ਦੀ ਸੁਰੱਖਿਆ ਦੇ ਲਿਹਾਜ਼ ਨਾਲ ਕਰਵਾਇਆ ਸੀ। ਪੀਟਰ ਫ੍ਰੇਟ ਵੈਲ ਨੇ ਦੱਸਿਆ ਕਿ ਅੰਟਰਾਕਟਿਕ ਖੇਤਰ ‘ਚ ਇਕ ਸਥਾਨ ਤੋਂ ਦੂਜੇ ਸਥਾਨ ‘ਤੇ ਜਾਣ ਲਈ ਜਹਾਜ਼ ਦੀ ਵਰਤੋਂ ਕਰਨੀ ਪੈਂਦੀ ਹੈ। ਪੁਰਾਣੇ ਨਕਸ਼ੇ ‘ਚ ਇਥੋਂ ਦੇ ਪਹਾੜ ਅਤੇ ਉਨ੍ਹਾਂ ਦੀਆਂ ਚੋਟੀਆਂ ਦੀ ਉਚਾਈ ਬਾਰੇ ਕਈ ਗਲਤ ਜਾਣਕਾਰੀਆਂ ਸਨ। ਇਸ ਕਾਰਨ ਅਕਸਰ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਰਹੇ ਸਨ। ਸਰਵੇ ‘ਚ ਸਭ ਤੋਂ ਉਚੀ ਚੋਟੀ ਦੀ ਖੋਜ ਨਾਲ ਕਈ ਪਰਬਤ ਮਾਲਾ ਤੇ ਚੋਟੀਆਂ ਦੀ ਵੀ ਜਾਣਕਾਰੀ ਮਿਲੀ ਹੈ। ਬੀ ਏ ਐਸ ਵਿੱਚ ਮੈਂਪਿੰਗ ਤੇ ਜਿਓਗ੍ਰਾਫਿਕ ਇਨਫਾਰਮੇਸ਼ਨ ਦੇ ਮੁਖੀ ਐਡਰਾਇਨ ਫਾਕਸ ਨੇ ਕਿਹਾ, ਜਹਾਜ਼ ਉਡਾਉਂਦੇ ਸਮੇਂ ਪਰਬਤ ਸ਼ਿਖਰਾਂ ਦੀ ਉਚਿਤ ਜਾਣਕਾਰੀ ਪਾਇਲਟਾਂ ਦੀ ਸੁਰੱਖਿਆ ਲਈ ਅਹਿਮ ਹੈ। ਨਵੇਂ ਡਾਟਾ ਦੀ ਮਦਦ ਨਾਲ ਪਾਇਲਟ ਇਸ ਖੇਤਰ ‘ਚ ਆਸਾਨੀ ਨਾਲ ਜਹਾਜ਼ ਉਡਾ ਸਕਣਗੇ।