‘ਮਾਉਲੀ’ ਵਿੱਚ ਰਿਤੇਸ਼ ਦੇਸ਼ਮੁਖ ਦੇ ਆਪੋਜ਼ਿਟ ਹੋਵੇਗੀ ਸਿਆਮੀ ਖੇਰ

‘ਮਿਰਜ਼ਿਆ’ ਨਾਲ ਬਾਲੀਵੁੱਡ ਡੈਬਿਊ ਕਰਨ ਵਾਲੀ ਅਭਿਨੇਤਰੀ ਸਿਆਮੀ ਖੇਰ ਇਸ ਫਿਲਮ ‘ਮਾਉਲੀ’ ਦੇ ਨਾਲ ਮਰਾਠੀ ਸਿਨੇਮਾ ਵਿੱਚ ਡੈਬਿਊ ਕਰੇਗੀ। ਚਾਰ ਦਿਨ ਪਹਿਲਾਂ ਅਭਿਨੇਤਾ-ਪ੍ਰੋਡਿਊਸਰ ਰਿਤੇਸ਼ ਦੇਸ਼ਮੁਖ ਨੇ ਆਪਣੀ ਦੂਸਰੀ ਮਰਾਠੀ ਫਿਲਮ ‘ਮਾਉਲੀ’ ਦੀ ਸ਼ੂਟਿੰਗ ਸ਼ੁਰੂ ਕੀਤੀ ਹੈ। ਆਦਿੱਤਯ ਸਪਰੋਤਦਾਰ ਦੇ ਨਿਰਦੇਸ਼ਨ ਵਿੱਚ ਬਣਨ ਵਾਲੀ ਇਸ ਫਿਲਮ ਵਿੱਚ ਰਿਤੇਸ਼ ਦੇਸ਼ਮੁਖ ਲੀਡ ਰੋਲ ਨਿਭਾ ਰਹੇ ਹਨ। ਫਿਲਮ ਦੇ ਮੇਕਰਜ਼ ਨੇ ਬਤੌਰ ਲੀਡ ਅਭਿਨੇਤਰੀ ਸਿਆਮੀ ਖੇਰ ਦਾ ਨਾਂਅ ਫਾਈਨਲ ਕੀਤਾ ਹੈ। ਇਸ ਖਬਰ ਦੀ ਪੁਸ਼ਟੀ ਕਰਦੇ ਹੋਏ ਰਿਤੇਸ਼ ਨੇ ਕਿਹਾ, ‘‘ਅਸੀਂ ਇਸ ਫਿਲਮ ਲਈ ਇੱਕ ਨਵੇਂ ਚਿਹਰੇ ਦੀ ਤਲਾਸ਼ ਕਰ ਰਹੇ ਸੀ ਅਤੇ ਸਾਨੂੰ ਸਿਆਮੀ ਮਿਲ ਗਈ। ਉਹ ਯੰਗ ਹੈ ਅਤੇ ਆਪਣੇ ਕਿਰਦਾਰ ‘ਚ ਫਿੱਟ ਬੈਠਦੀ ਹੈ। ਅਸੀਂ ਉਨ੍ਹਾਂ ਦੇ ਨਾਲ ਕੰਮ ਕਰਨ ਲਈ ਐਕਸਾਈਟਿਡ ਹਾਂ।” ਇਸ ਮਿਊਜ਼ੀਕਲ ਐਕਸ਼ਨ-ਡਰਾਮਾ ਫਿਲਮ ਨੂੰ ਰਿਤੇਸ਼ ਦੀ ਪਤਨੀ ਜੈਨੇਲੀਆ ਡਿਸੂਜਾ ਪ੍ਰੋਡਿਊਸ ਕਰ ਰਹੀ ਹੈ, ਜੋ ਇਸ ਤੋਂ ਪਹਿਲੀਂ ਰਿਤੇਸ਼ ਦੀ ਪਹਿਲੀ ਮਰਾਠੀ ਫਿਲਮ ‘ਲਯ ਬਾਰੀ’ ਵੀ ਪ੍ਰੋਡਿਊਸ ਕਰ ਚੁੱਕੀ ਹੈ।
ਆਪਣੀ ਪਹਿਲੀ ਮਰਾਠੀ ਫਿਲਮ ਦੇ ਬਾਰੇ ਗੱਲ ਕਰਦੇ ਹੋਏ ਸਿਆਮੀ ਨੇ ਕਿਹਾ, ‘‘ਮੈਨੂੰ ਖੁਸ਼ੀ ਹੈ ਕਿ ਮੈਂ ਮਰਾਠੀ ਭਾਸ਼ਾ ਵਿੱਚ ਕੰਮ ਕਰਨ ਜਾ ਰਹੀ ਹਾਂ ਅਤੇ ਉਹ ਵੀ ਰਿਤੇਸ਼ ਦੇ ਹੋਮ ਪ੍ਰੋਡਕਸ਼ਨ ਵਿੱਚ। ਉਨ੍ਹਾਂ ਨੇ ‘ਲਯ ਬਾਰੀ’ ਦੇ ਜ਼ਰੀਏ ਮਾਰਠੀ ਸਿਨੇਮਾ ਵਿੱਚ ਐਕਸ਼ਨ-ਡਰਾਮਾ ਜਾਨਰ ਇੰਟਰੋਡਿਊਸ ਕੀਤਾ ਹੈ।” ਸਿਆਮੀ ਦੀ ਦਾਦੀ ਊਸ਼ਾ ਕਿਰਨ ਮਰਾਠੀ ਸਿਨੇਮਾ ਦਾ ਵੱਡਾ ਨਾਂਅ ਸੀ। ਪੰਜ ਦਹਾਕੇ ਤੋਂ ਵੱਡੇ ਆਪਣੇ ਕਰੀਅਰ ਵਿੱਚ ਉਨ੍ਹਾਂ ਨੇ ‘ਦਾਗ’, ‘ਪਤਿਤਾ’ ਅਤੇ ‘ਚੁਪਕੇ ਚੁਪਕੇ’ ਵਰਗੀਆਂ ਹਿੱਟ ਫਿਲਮਾਂ ਵਿੱਚ ਕੰਮ ਕੀਤਾ ਅਤੇ ਕਈ ਐਵਾਰਡ ਵੀ ਆਪਣੇ ਨਾਂਅ ਕੀਤੇ ਸਨ। ਸਿਆਮੀ ਉਨ੍ਹਾਂ ਦੀ ਵਿਰਾਸਤ ਨੂੰ ਅੱਗੇ ਵਧਾਉਣ ਜਾ ਰਹੀ ਹੈ। ਖਾਸ ਗੱਲ ਇਹ ਹੈ ਕਿ ਸਿਆਮੀ ਦੀ ਆਂਟੀ ਤਨਵੀ ਆਜ਼ਮੀ ਨੇ ‘ਲਯ ਬਾਰੀ’ ਵਿੱਚ ਰਿਤੇਸ਼ ਦੀ ਮਾਂ ਦਾ ਕਿਰਦਾਰ ਨਿਭਾਇਆ ਸੀ। ਸਿਆਸੀ ਨੇ ਕਿਹਾ, ‘‘ਮੇਰੀ ਪਹਿਲੀ ਮਰਾਠੀ ਫਿਲਮ ‘ਮਾਉਲੀ’ ਹਮੇਸ਼ਾ ਮੇਰੇ ਦਿਲ ਦੇ ਕਰੀਬ ਰਹੇਗੀ ਕਿਉਂਕਿ ਇਹ ਫਿਲਮ ਮੈਨੂੰ ਮੇਰੇ ਮਹਾਰਾਸ਼ਟਰੀਅਨ ਵਿਰਾਸਤ ਨਾਲ ਜੋੋੜਦੀ ਹੈ। ਇਸ ਦੀ ਸ਼ੂਟਿੰਗ ਕਰਦੇ ਸਮੇਂ ਮੈਂ ਆਪਣੀ ਦਾਦੀ ਨੂੰ ਬਹੁਤ ਮਿਸ ਕਰਾਂਗੀ, ਕਿਉਂਕਿ ਜੇ ਉਹ ਹੁੰਦੀ ਤਾਂ ਮੇਰਾ ਮਰਾਠੀ ਡੈਬਿਊ ਦੇਖ ਕੇ ਬਹੁਤ ਖੁਸ਼ ਹੁੰਦੀ।”