ਮਾਂ ਬੋਲੀ

-ਰਾਜਾ ਵੜੈਚ
ਇੱਕ ਮਿੱਤਰ ਦੇ ਘਰ ਬੈਠਾ ਸੀ। ਉਸ ਦਾ ਚਾਰ ਪੰਜ ਸਾਲ ਦਾ ਬੱਚਾ ਕਮਰੇ ਵਿਚੋਂ ਬਾਹਰ ਆਇਆ ਤੇ ਮੈਂ ਹੱਥ ਦੇ ਇਸ਼ਾਰੇ ਨਾਲ ਕੋਲ ਬੁਲਾ ਕੇ ਉਸ ਦਾ ਨਾਂਅ, ਸਕੂਲ ਤੇ ਹੋਰ ਦੋ-ਤਿੰਨ ਗੱਲਾਂ ਪੁੱਛੀਆਂ। ਲਗਭਗ ਹਰ ਗੱਲ ਦਾ ਜਵਾਬ ਉਸ ਬੱਚੇ ਨੇ ਹਿੰਦੀ ਜਾਂ ਥੋੜ੍ਹੀ ਬਹੁਤ ਅੰਗਰੇਜ਼ੀ ਵਿੱਚ ਦਿੱਤਾ। ਮੈਂ ਮਿੱਤਰ ਤੋਂ ਪੁੱਛਿਆ, ‘ਯਾਰ ਇਹ ਸਾਰੀ ਗੱਲ ਹਿੰਦੀ ਜਾਂ ਅੰਗਰੇਜ਼ੀ ਵਿੱਚ ਹੀ ਕਰਦਾ ਹੈ, ਪੰਜਾਬੀ ਕਿਉਂ ਨਹੀਂ ਬੋਲਦਾ?’
ਮਿੱਤਰ ਬੋਲਿਆ, ‘ਯਾਰ ਪੰਜਾਬੀ ਬੋਲਦਾ ਜਵਾਕ ਐਵੇਂ ਜਾਹਲ ਗਵਾਰ ਜਿਹਾ ਲੱਗਦੈ। ਹਿੰਦੀ ਮਿੱਠੀ ਜਿਹੀ ਬੋਲੀ ਹੈ ਤੇ ਜਦੋਂ ਬੋਲਦੈ ਤਾਂ ਬੱਚਾ ਸੋਹਣਾ ਲਗਦੈ।’
ਮੈਂ ਕਿਹਾ: ‘ਮਾਂ ਵੀ ਪੰਜਾਬੀ ਬੋਲਦੀ ਹੈ, ਕੀ ਉਹ ਵੀ ਗਵਾਰ ਲੱਗਦੀ ਹੈ?’
ਮੇਰੀ ਗੱਲ ਸੁਣ ਕੇ ਥੋੜ੍ਹਾ ਗੁੱਸੇ ਜਿਹੇ ਵਿੱਚ ਉਹ ਬੋਲਿਆ, ‘ਯਾਰ ਕੀ ਬੋਲ ਰਿਹੈਂ ਤੂੰ? ਮਾਤਾ ਸਾਡੀ ਤੇ ਹਰ ਇੱਕ ਨਾਲ ਨਿਮਰਤਾ ਤੇ ਪਿਆਰ ਨਾਲ ਬੋਲਦੀ ਏ ਤੇ ਤੂੰ ਗਵਾਰ ਕਹੀ ਜਾ ਰਿਹੈਂ? ਜ਼ੁਬਾਨ ਸੰਭਲ ਕੇ ਬੋਲ।”
ਫਿਰ ਮੈਂ ਬੋਲਿਆ, ‘‘ਯਾਰ ਮਾਤਾ ਜੀ ਪੰਜਾਬੀ ਬੋਲਦੇ ਹਨ ਤੇ ਇਹੀ ਬੋਲੀ ਸਿਖਾ ਕੇ ਤੈਨੂੰ ਪਾਲਿਆ ਤੇ ਕਾਬਲ ਇਨਸਾਨ ਬਣਾਇਆ ਤੇ ਫਿਰ ਤੂੰ ਆਪਣੀ ਮਿਹਨਤ ਨਾਲ ਹੋਰ ਭਾਸ਼ਵਾਂ ਸਿੱਖੀਆਂ ਤੇ ਇੱਕ ਚੰਗੇ ਅਹੁਦੇ ਉੱਤੇ ਲੱਗ ਗਿਆ। ਹੁਣ ਮੇਰੇ ਵੱਲੋਂ ਮਾਤਾ ਜੀ ਨੂੰ ਗਵਾਰ ਕਹਿਣ ਤੇ ਤੈਨੂੰ ਗੁੱਸਾ ਲੱਗਾ, ਜਦ ਕਿ ਥੋੜ੍ਹੀ ਦੇਰ ਪਹਿਲਾਂ ਤੂੰ ਪੰਜਾਬੀ ਮਾਂ ਬੋਲੀ ਬੋਲਣ ਵਾਲੇ ਦੀ ਤੁਲਨਾ ਗਵਾਰ ਨਾਲ ਕਰ ਰਿਹਾ ਸੀ। ਹੁਣ ਦੱਸ ਮਾਤਾ ਜੀ ਨੇ ਜੋ ਤੈਨੂੰ ਬੋਲੀ ਸਿਖਾਈ, ਤੂੰ ਜਿਸ ਬੋਲੀ ਵਿੱਚ ਬੋਲਣਾ ਸਿਖਿਆ, ਉਹ ਪੰਜਾਬੀ ਮਾਂ ਬੋਲੀ ਹੁਣ ਤੈਨੂੰ ਗਵਾਰ ਲੱਗਦੀ ਹੈ?”
ਦੋਸਤ ਹੁਣ ਚੁੱਪ ਸੀ ਤੇ ਸ਼ਰਮ ਨਾਲ ਉਸ ਦੀਆਂ ਅੱਖਾਂ ਝੁਕੀਆਂ ਹੋਈਆਂ ਸਨ। ਮੈਂ ਅੱਗੇ ਗੱਲ ਤੋਰੀ ਤੇ ਕਿਹਾ, ‘‘ਯਾਰ ਬੱਚੇ ਨੂੰ ਹੋਰ ਬੋਲੀਆਂ ਸਿਖਾਉਣਾ ਵਧੀਆ ਗੱਲ ਹੈ, ਪਰ ਮਾਂ-ਬੋਲੀ ਬੋਲਣੀ ਤੇ ਇਸ ਦੀ ਇੱਜ਼ਤ ਕਰਨੀ ਨਾ ਛੱਡੋ। ਜਿਸ ਤਰ੍ਹਾਂ ਮਾਂ ਦੀ ਥਾਂ ਕੋਈ ਚਾਚੀ ਤਾਈ ਨਹੀਂ ਲੈ ਸਕਦੀ, ਉਸੇ ਤਰ੍ਹਾਂ ਮਾਂ ਬੋਲੀ ਦੀ ਥਾਂ ਵੀ ਕੋਈ ਹੋਰ ਬੋਲੀ ਨਹੀਂ ਲੈ ਸਕਦੀ।”