ਮਾਂ ਬੋਲੀ ਨੂੰ ਆਪਣੇ ਕਲਮਾਂ ਵਾਲਿਆਂ ਤੋਂ ਵੱਧ ਖਤਰਾ

-ਰਮੇਸ਼ਵਰ ਸਿੰਘ
ਮੈਂ ਮਰਚੈਂਟ ਨੇਵੀ ਵਿੱਚ ਆਪਣੀ ਨੌਕਰੀ ਵਿੱਚ ਵੇਖਿਆ ਕਿ ‘ਆਲੂ ਤੇ ਪੰਜਾਬੀ ਸਾਰੀ ਦੁਨੀਆ ਵਿੱਚ’ ਦੀ ਕਹਾਵਤ ਸੱਚ ਹੈ। ਜੋ ਸਾਡੀ ਮਾਂ ਬੋਲੀ ਦੇ ਨਿਘਾਰ ਦਾ ਜ਼ਿਕਰ ਕਰਦੇ ਹਨ, ਕੀ ਉਨ੍ਹਾਂ ਨੇ ਰਿਪੋਰਟ ਪੂਰੀ ਦੁਨੀਆ ਘੁੰਮ ਕੇ ਤਿਆਰ ਕੀਤੀ ਹੈ? ਜਿਥੇ ਵੀ ਦੋ ਚਾਰ ਪੰਜਾਬੀ ਬੈਠੇ ਹਨ, ਪੰਜਾਬੀ ਬੋਲੀ, ਪੰਜਾਬੀ ਪਹਿਰਾਵਾ ਤੇ ਪੰਜਾਬੀ ਖਾਣਾ ਆਪਣੇ ਅਸਲ ਰੂਪ ਵਿੱਚ ਮੌਜੂਦ ਹੈ। ਯੂਰਪ ਵਿੱਚ ‘ਨਾਨੀ ਦੀ ਦੁਕਾਨ’ ਮੌਜੂਦ ਹੈ। ਨਾਨੀ ਨਾ ਰਹੀ, ਪਰ ਉਸ ਦਾ ਪੰਜਾਬੀ ਵਿਰਸਾ ਜ਼ਿੰਦਾ ਹੈ। ਗੋਰੇ ਵੀ ਉਸ ਨੂੰ ਨਾਨੀ ਦੀ ਦੁਕਾਨ ਕਹਿੰਦੇ ਹਨ। ਆਪਣੀ ਮਰਜ਼ੀ ਤੇ ਸੌਖ ਲਈ ਜਿਵੇਂ ਉਨ੍ਹਾਂ ਨੇ ਭਾਰਤ ਨੂੰ ਇੰਡੀਆ ਬਣਾ ਦਿੱਤਾ ਤੇ ਅਸੀਂ ਮਨਜ਼ੂਰ ਕਰ ਲਿਆ, ਉਸੇ ਤਰ੍ਹਾਂ ਉਹ ‘ਨਾਨੀ ਦੀ ਦੁਕਾਨ’ ਦਾ ਤਰਜਮਾ ਕਰਕੇ ਇਸ ਨੂੰ ਆਪਣਾ ਕੋਈ ਨਾਂਅ ਕਿਉਂ ਨਹੀਂ ਦੇ ਦਿੰਦੇ? ਉਨ੍ਹਾਂ ਨੇ ਨਹੀਂ ਦਿੱਤਾ। ਦੇ ਵੀ ਸਕਦੇ। ਪੰਜਾਬੀ ਜ਼ੁਬਾਨ ਹੀ ਅਜਿਹੀ ਹੈ।
ਇਕ ਖਾਸ ਉਦਾਹਰਣ ਹੈ, ਆਪਣੀ ਇਕ ਪੰਜਾਬੀ ਭੈਣ ਨੇ ਘਰ ਵਿੱਚ ਖਾਣ ਲਈ ਕੜਾਹ ਬਣਾ ਲਿਆ। ਥੋੜ੍ਹਾ ਚੜ੍ਹ ਗਿਆ, ਸੁਆਦ ਵਿੱਚ ਫਰਕ ਆਉਣਾ ਹੀ ਸੀ। ਘਰ ਵਾਲਿਆਂ ਨੇ ਖਾਣ ਤੋਂ ਨਾਂਹ ਕਰ ਦਿੱਤੀ। ਉਨ੍ਹਾਂ ਦੀ ਯੂਰਪੀਨ ਖਾਣੇ ਦੀ ਦੁਕਾਨ ਸੀ। ਉਸ ਬੀਬੀ ਨੇ ਦੁਕਾਨ ‘ਤੇ ਵੇਚਣ ਲਈ ਰੱਖ ਦਿੱਤਾ। ਗੋਰਿਆਂ ਨੂੰ ਇਹ ਏਨਾ ਸੁਆਦ ਲੱਗਾ ਕਿ ਚਾਰ ਪੰਜ ਦਹਾਕਿਆਂ ਤੋਂ ਉਸ ਭੈਣ ਦਾ ਪਰਵਾਰ ਕੜਾਹ ਨੂੰ ਚੜ੍ਹਾ ਕੇ (ਥੋੜ੍ਹਾ ਕੌੜਾ ਕਰਕੇ) ਬਣਾ ਰਿਹਾ ਹੈ। ਕੀ ਇਹ ਕਮਾਲ ਨਹੀਂ ਪੰਜਾਬੀ ਖਾਣੇ ਦਾ। ਮੇਰੇ ਨਾਲ ਕੰਮ ਕਰਦੇ ਰੂਸੀ, ਚੀਨੀ, ਬਰਮੀ, ਫਿਲਪੀਨੋ, ਸ੍ਰੀਲੰਕਾ ਤੇ ਹੋਰ ਦੇਸ਼ਾਂ ਦੇ ਲੋਕ ਮੈਥੋਂ ਪੰਜਾਬੀ ਬੋਲਣਾ ਸਿੱਖਦੇ ਹਨ, ਖਾਸ ਤੌਰ ‘ਤੇ ਗੀਤ ਅਤੇ ਪੰਜਾਬੀ ਗਾਲਾਂ। ਇਕ ਵਾਰ ਪੰਜਾਬੀ ਬੋਲੀ ਦੇ ਕਿਸੇ ਵੀ ਰੂਪ ਦਾ ਉਨ੍ਹਾਂ ਨੂੰ ਅੰਗਰੇਜ਼ੀ ਵਿੱਚ ਮਤਲਬ ਸਮਝਾ ਦੇਵੋ, ਦੂਸਰੇ ਦਿਨ ਅਸਲੀ ਰੂਪ ਵਿੱਚ ਸੁਣ ਲਵੋ। ਵਿਦੇਸ਼ੀਆਂ ਦਾ ਕਹਿਣਾ ਹੈ ਕਿ ਪੰਜਾਬੀ ਬੋਲੀ ਸਿੱਖਣੀ ਬਹੁਤ ਆਸਾਨ ਹੈ। ਕਿੱਥੇ ਹੈ ਖਤਰਾ?
ਸਮੁੰਦਰੀ ਜਹਾਜ਼ ਵਿੱਚ ਆਪਣੇ ਦੱਖਣੀ ਤੇ ਵਿਦੇਸ਼ੀ ਭੈਣ ਭਰਾ ਮੈਨੂੰ ਪੰਜਾਬੀ ਖਾਣਾ ਬਣਾਉਣ ਲਈ ਕਹਿੰਦੇ ਹਨ। ਕਿਉਂ? ਕਿਉਂਕਿ ਇਹ ਸੁਆਦਲਾ ਹੁੰਦਾ ਹੈ। ਸੈਂਕੜੇ ਵਿਦੇਸ਼ੀ ਭੈਣਾਂ ਨੇ ਮੇਰੇ ਕੋਲੋਂ ਪੰਜਾਬੀ ਸੂਟ ਖਾਸ ਤੌਰ ‘ਤੇ ਪਟਿਆਲਾ ਸੂਟਾਂ ਦੀ ਮੰਗ ਪੂਰੀ ਕਰਵਾਈ ਹੈ। ਇਹ ਕੁਝ ਹਾਲਾਤ ਮੈਂ ਖੁਦ ਵੇਖੇ ਤੇ ਹੰਢਾਏ ਹਨ। ਜਦੋਂ ਤੱਕ ਪੰਜਾਬ ਅਤੇ ਪੰਜਾਬੀ ਸੱਭਿਅਤਾ ਦੀ ਅਜਿਹੀ ਖਿੱਚ ਬਰਕਰਾਰ ਹੈ, ਪੰਜਾਬੀ ਨੂੰ ਕੋਈ ਖਤਰਾ ਨਹੀਂ।
ਸਾਹਿਤਕਾਰ ਪੰਜਾਬੀ ਮਾਂ ਬੋਲੀ ਦੇ ਜੇਠੇ ਪੁੱਤਰ ਹਨ। ਰੱਬ ਨੇ ਉਨ੍ਹਾਂ ਦੇ ਹੱਥ ਵਿੱਚ ਕਲਮ ਅਤੇ ਮਹਾਨ ਕਲਪਨਾ ਸ਼ਕਤੀ ਦਿੱਤੀ ਹੈ, ਪਰ ਕੀ ਉਹ ਉਸ ਨੂੰ ਸਹੀ ਵਰਤਦੇ ਹਨ? ਹਰ ਪਿੰਡ ਜਾਂ ਸ਼ਹਿਰ ਵਿੱਚ ਇਕ ਸਾਹਿਤ ਸਭਾ ਚਾਹੀਦੀ ਹੈ, ਪਰ ਨਹੀਂ, ਇਥੇ ਵੀ ਰਾਜਨੀਤੀ ਘਰ ਕਰ ਗਈ ਹੈ। ਮੇਰਾ ਦੋ ਵੱਡੇ ਸ਼ਹਿਰ ਨਾਲ ਸਬੰਧ ਹੈ। ਦੋਵੇਂ ਸ਼ਹਿਰ ਜ਼ਿਲੇ ਦਾ ਰੁਤਬਾ ਰੱਖਦੇ ਹਨ। ਦੋਵਾਂ ਸ਼ਹਿਰਾਂ ਵਿੱਚ ਸਾਹਿਤਕਾਰਾਂ ਤੇ ਬੁੱਧੀਜੀਵੀਆਂ ਦੇ ਨਾਮ ਲਿਖਣ ਲੱਗਾ ਤਾਂ ਪੂਰਾ ਲੇਖ ਨਾਮਾਂ ਨਾਲ ਭਰ ਜਾਵੇਗਾ। ਅਫਸੋਸ ਇਹ ਹੈ ਕਿ ਦੋਵਾਂ ਸ਼ਹਿਰਾਂ ਵਿੱਚ ਦੱਸ-ਦੱਸ ਸਾਹਿਤਕ ਸਭਾਵਾਂ ਬਣੀਆਂ ਹੋਈਆਂ ਹਨ। ਖਤਰਾ ਸਾਨੂੰ ਇਹੋ ਜਿਹੇ ਰੁਝਾਨ ਤੋਂ ਹੈ।
ਪੰਜਾਬੀ ਅਖਬਾਰਾਂ ਵਿੱਚ ਸਾਹਿਤਕ ਮਿਲਣੀਆਂ ਦੀ ਜੇ ਰਿਪੋਰਟ ਛਪਦੀ ਹੈ ਤਾਂ ਉਹ ਹਕੀਕਤ ਤੋਂ ਕੋਹਾਂ ਦੂਰ ਹੁੰਦੀ ਹੈ। ਮਾਂ ਬੋਲੀ ਦੀ ਕੀ ਸਥਿਤੀ ਹੈ, ਇਸ ਬਾਰੇ ਕੋਈ ਗੱਲਬਾਤ ਨਹੀਂ ਹੁੰਦੀ। ਸਾਡੇ ਘਰਾਂ ਵਿੱਚ ਜੋ ਬਜ਼ੁਰਗਾਂ ਦਾ ਹਾਲ ਹੈ, ਉਹੀ ਹਾਲ ਮਾਂ ਬੋਲੀ ਪੰਜਾਬੀ ਦਾ ਹੁੰਦਾ ਹੈ। ਸਾਹਿਤਕ ਸੰਸਥਾਵਾਂ ਸਿਰਫ ਵਿਖਾਵਾ ਹਨ। ਉਹ ਪੰਜਾਬੀ ਭਾਸ਼ਾ ਦੇ ਵਿਕਾਸ ਨੂੰ ਘੱਟ ਅਤੇ ਨਿੱਜ ਦੀ ਚੜ੍ਹਤ ਨੂੰ ਵਧ ਸਮਰਪਿਤ ਹਨ। ਜੋ ਸੰਸਥਾਵਾਂ ਮਿਲ ਕੇ ਬੈਠ ਨਹੀਂ ਸਕਦੀਆਂ, ਉਹ ਮਾਂ ਬੋਲੀ ਪੰਜਾਬੀ ਦੀ ਕੀ ਸੇਵਾ ਕਰਨਗੀਆਂ। ਪੰਜਾਬੀ ਅਖਬਾਰਾਂ ਰੋਜ਼ ਸਾਹਿਤਕ ਸਮੱਗਰੀ ਛਾਪਦੀਆਂ ਹਨ। ਕੀ ਛਾਪਣਾ ਹੈ, ਹਰ ਅਖਬਾਰ ਦਾ ਆਪਣਾ ਪੱਧਰ ਹੈ। ਉਨ੍ਹਾਂ ਦੇ ਪੰਨਿਆਂ ‘ਤੇ ਪੁਰਾਣੇ ਸਥਾਪਿਤ ਲੇਖਕ ਛਪਦੇ ਹਨ, ਨਵਾਂ ਲੇਖਕ ਹਾੜੀ ਸੌਣੀ ਵਿੱਚ ਇਕ ਕਦੇ-ਕਦੇ ਹੀ ਪੜ੍ਹਨ ਨੂੰ ਮਿਲਦਾ ਹੈ।
ਪੰਜਾਬੀ ਭਾਸ਼ਾ ਦਾ ਪਸਾਰ ਕਰਨ ਲਈ ਰੇਡੀਓ ਅਤੇ ਟੀ ਵੀ ਹਨ। ਅਨੇਕਾਂ ਪੰਜਾਬੀ ਚੈਨਲ ਹਨ। ਪ੍ਰਾਈਵੇਟ ਚੈਨਲਾਂ ਦਾ ਜ਼ਿਕਰ ਨਾ ਹੀ ਕੀਤਾ ਜਾਵੇ ਤਾਂ ਠੀਕ ਰਹੇਗੀ, ਸਭ ਦਾ ‘ਮਨੋਰਥ ਪੈਸਾ ਕਮਾਉਣਾ, ਭਾਸ਼ਾ ਤੋਂ ਉਨ੍ਹਾਂ ਕੀ ਲੈਣਾ ਹੈ।’ ਲੋਕ ਪ੍ਰਸਾਰਨ ਸੇਵਾ, ਪ੍ਰਸਾਰ ਭਾਰਤੀ ਕਾਰਪੋਰੇਸ਼ਨ ਦੇ ਜਲੰਧਰ, ਪਟਿਆਲਾ, ਬਠਿੰਡਾ ਤੇ ਲੁਧਿਆਣਾ ਮੁੱਖ ਚੈਨਲ ਹਨ। ਉਨ੍ਹਾਂ ਚੈਨਲਾਂ ‘ਤੇ ਕੀ ਪਰੋਸਿਆ ਜਾ ਰਿਹਾ ਹੈ, ਕੀ ਕਿਸੇ ਸਾਹਿਤਕ ਸਭਾ ਵਾਲੇ ਵੀਰ ਭੈਣ ਨੂੰ ਪਤਾ ਹੈ? ਆਕਾਸ਼ਵਾਣੀ ਜਲੰਧਰ ਦੀ ਪ੍ਰਸਾਰਨ ਸੇਵਾ ਸਿਰਕੱਢ ਹੈ। ਇਸ ਦਾ ਪ੍ਰਸਾਰਨ ਚੌਵੀ ਘੰਟੇ ਹੈ ਤੇ ਪੂਰੀ ਦੁਨੀਆ ਵਿੱਚ ਵੱਖ-ਵੱਖ ਤਕਨੀਕਾਂ ਨਾਲ ਸੁਣਾਈ ਦਿੰਦਾ ਹੈ। ਇਸ ‘ਤੇ ਕੀ ਪਰੋਸਿਆ ਜਾਂਦਾ ਹੈ, ਅਲੱਗ ਵਿਸ਼ਾ ਹੈ। ਇਕ ਗੱਲ ਵਿਚਾਰਨ ਯੋਗ ਹੈ ਕਿ ਆਕਾਸ਼ਵਾਣੀ ਜਲੰਧਰ ਜਾਂ ਪੰਜਾਬੀ ਪਸਾਰ ਸੇਵਾ ਨੂੰ ਏ ਆਈ ਆਰ ਪੰਜਾਬੀ ਬੋਲੀ ਜਾਂਦੇ ਹਨ। ਗੀਤ ਨੂੰ ਟਰੈਕ, ਆਨੰਦ ਮਾਣੋ ਨੂੰ ਇਨਜੁਆਏ ਕਰੋ, ਗੀਤ ਤੋਂ ਬਾਅਦ ਨੂੰ ਗੀਤ ਦੇ ਉਸ ਪਾਰ, ਪ੍ਰੋਗਰਾਮ ਖਤਮ ਹੋ ਰਿਹਾ ਹੈ ਨੂੰ ਵਾਈਂਡਅੱਪ! ਕੀ ਅਜਿਹਾ ਕੁਝ ਕਦੇ ਬੁੱਧੀਜੀਵੀਆਂ ਨੇ ਨਿੰਦਿਆ ਹੈ?
ਦੂਰਦਰਸ਼ਨ ਜਲੰਧਰ, ਦੂਰਦਰਸ਼ਨ ਪੰਜਾਬੀ ਟੀ ਵੀ ਲੋਕ ਪ੍ਰਸਾਰਨ ਸੇਵਾ ਹੈ। ਇਸ ਦੇ ਨਿਰਮਾਤਾ, ਨਿਰਦੇਸ਼ਕ ਪੰਜਾਬੀ ਭਾਸ਼ਾ ਨਹੀਂ ਜਾਣਦੇ। ਉਹ ਆਪਣੀ ਬੋਲੀ ਹਿੰਦੀ ਤੇ ਆਪਣੇ ਪਹਿਰਾਵੇ ਨੂੰ ਡੀ ਡੀ ਪੰਜਾਬੀ ‘ਤੇ ਪ੍ਰਫੁਲਤ ਕਰ ਰਹੇ ਹਨ। ਕੀ ਕਲਮਾਂ ਵਾਲੇ ਆਪਣੇ ਚੈਨਲਾਂ ਨੂੰ ਵੇਖਦੇ ਸੁਣਦੇ ਨਹੀਂ ਜਾਂ ਕਬੂਤਰ ਵਾਂਗ ਅੱਖਾਂ ਬੰਦ ਕਰਕੇ ਬੈਠੇ ਹਨ? ਅਜਿਹੀ ਪਹੁੰਚ ਤਿਆਗੋਗੇ ਅਤੇ ਨਿੱਜੀ ਹਿੱਤਾਂ ਤੋਂ ਉਚੇ ਉਠੋਗੇ ਤਾਂ ਮਾਂ ਬੋਲੀ ਨੂੰ ਅੱਧਾ ਖਤਰਾ ਆਪਣੇ ਆਪ ਦੂਰ ਹੋ ਜਾਏਗਾ।