ਮਾਂ-ਧੀ

-ਡਾ. ਸੁਖਪਾਲ ਕੌਰ ਸਮਰਾਲਾ

ਮਾਂ ਮੇਰੀ ਹਰ ਗੱਲ ਸੁਣਦੀ,
ਸਮਝਦੀ ਤੇ ਜਾਣਦੀ।
ਕਈ ਵਾਰ ਤਾਂ ਬਿਨਾਂ ਕਹੇ ਹੀ
ਮਨ ਦੀਆਂ ਰਮਜ਼ਾਂ ਪਹਿਚਾਣਦੀ।

ਦੱਸਦੀ ਮੈਨੂੰ ਦੁਨੀਆ ਦੇ ਅਸੂਲ,
ਪਰ ਨਾਲ ਹੀ ਸਮਝਾਉਂਦੀ,
ਰੱਖੀਂ ਕਾਇਮ ਆਪਣੇ ਅਸੂਲ।
ਸਮਝੀ! ਕਿ ਜ਼ਿੰਦਗੀ ਕੀ ਕਹਿਣਾ ਚਾਹੁੰਦੀ ਹੈ,

ਅਣਜਾਣ ਨਾ ਰਹੀਂ ਇਸ ਦੇ ਰਾਹਾਂ ਤੋਂææ
ਤੁਰੀਂ ਚਾਹੇ ਆਪਣੇ ਹੀ ਰਾਹਾਂ Ḕਤੇ,
ਪਰ ਰਸਤਾ ਸਦਾ ਸਹੀ ਹੀ ਚੁਣੀਂ।
ਦੇਖੀ ਕਿਤੇ ਡੋਲ ਨਾ ਜਾਵੀਂ

ਇਸ ਦੁਨੀਆ ਦੀਆਂ ਨਜ਼ਰਾਂ ਤੋਂ,
ਜੋ ਵੀ ਚੁਣੀਂ, ਬਸ ਮਨ ਦੇ ਹਾਣ ਦਾ ਚੁਣੀਂ।

ਅਕਸਰ ਕਹਿੰਦੀ, ਜ਼ਿੰਦਗੀ ਏਨੀ ਸੌਖੀ ਵੀ ਨਹੀਂ,
ਜਿੰਨੀ ਮਾਂ ਨਾਲ ਤੈਨੂੰ ਨਜ਼ਰ ਆ ਰਹੀ ਹੈ।
ਪਰ ਏਨੀ ਔਖੀ ਵੀ ਨਹੀਂ ਕਿ
ਤੂੰ ਇਸ ਦਾ ਸਾਹਮਣਾ ਨਾ ਕਰ ਸਕੇਂ

ਤੇਰੇ ਰਾਹੀਂ ਮੈਂ ਆਪਣੇ ਸੁਪਨੇ ਸਾਕਾਰ ਕੀਤੇ ਸੀ,
ਹੁਣ ਤੂੰ ਆਪਣੇ ਸੁਪਨਿਆਂ ਨੂੰ
ਜ਼ਰੂਰ ਹੀ ਸਾਕਾਰ ਕਰੀਂ।

ਮਾਂ, ਮੇਰੀ ਹਰ ਗੱਲ ਸਮਝਦੀ
ਸਮਝਾਉਂਦੀ ਅਕਸਰ ਕਹਿੰਦੀ
ਮਰਜ਼ੀ ਚਾਹੇ ਸਦਾ ਆਪਣੀ ਕਰੀਂ,
ਪਰ ਮੇਰੀ ਪਾਲਣਾ ਨੂੰ ਕਦੇ ਲਾਜ ਨਾ ਲਾਵੀਂ।

ਇਹ ਮਿਹਣਾ ਨਾ ਮਿਲੇ ਮੈਨੂੰ,
ਇਹ ਹੈ ਤੇਰੀ ਧੀ?
ਤੇ ਮੈਂ, ਅੱਜ ਵੀ ਹਰ ਵਾਅਦਾ ਨਿਭਾ ਰਹੀ ਹਾਂ,
ਜੋ ਕਦੇ ਉਸ ਨਾਲ ਕੀਤਾ ਸੀ।
ਤਾਂ ਜੋ ਮਾਣ ਨਾਲ ਕਹੇ ਹਰ ਕੋਈ
ਇਹ ਹੈ, ਉਸ ਦੀ ਧੀ।