ਮਾਂ ਦੇ ਦਿਲ ਦੀ ਹੂਕ

-ਸ਼ਵਿੰਦਰ ਕੌਰ
ਫਹੁੜੇ ਨਾਲ ਗੋਹਾ ਹਟਾਉਂਦਿਆਂ ਸੁਰਜੀਤੋ ਦੀ ਨਿਗ੍ਹਾ ਬੀਹੀ ਵੱਲ ਚਲੀ ਗਈ। ਬੀਹੀ ‘ਚ ਸੰਧੂਰੀ ਪੱਗ ਬੰਨ੍ਹੀ ਅਤੇ ਲੋਈ ਦੀ ਬੁੱਕਲ ਮਾਰੀ ਜਾਂਦੇ ਬੰਦੇ ਨੂੰ ਪਿੱਛੇ ਤੱਕ ਕੇ ਪਤਾ ਨਹੀਂ ਉਸ ਦੇ ਮਨ ‘ਚ ਕੀ ਆਇਆ, ਉਸ ਦੇ ਪਿਲੱਤਣ ਭਰੇ ਚਿਹਰੇ ‘ਤੇ ਸੰਧੂਰੀ ਭਾਹ ਮਾਰਨ ਲੱਗੀ। ਠੰਢੀ ਸੁਆਹ ਵਰਗੀਆਂ ਉਸ ਦੀਆਂ ਬੁਝੀਆਂ ਹੋਈਆਂ ਭਾਣਹੀਣ ਅੱਖਾਂ ਵਿੱਚ ਚਮਕ ਆ ਗਈ। ਉਸੇ ਪਲ ਉਸ ਨੇ ਮਨ ਵਿੱਚ ਆਏ ਵਿਚਾਰ ਨੂੰ ਪਰ੍ਹੇ ਛਿਟਕ ਦਿੱਤਾ, ‘ਨਹੀਂ, ਅਜਿਹਾ ਨਹੀਂ ਹੋ ਸਕਦਾ। ਕਦੇ ਅਧਵਾਟੇ ਛੱਡ ਕੇ ਜਾਣ ਵਾਲੇ ਵੀ ਬਹੁੜੇ ਨੇ।’ ਇਕ ਦਰਦ ਵਿੰਨ੍ਹੀ ਚੀਸ ਉਸ ਦੇ ਬੁੱਲ੍ਹਾਂ ‘ਤੇ ਆ ਗਈ। ਉਸ ਦੀਆਂ ਲੱਤਾਂ ਕੰਬਣ ਲੱਗੀਆਂ। ਸਰੀਰ ਜਿਵੇਂ ਮਿੱਟੀ ਹੋ ਗਿਆ। ਉਸ ਵਿੱਚ ਖੜੀ ਰਹਿਣ ਦੀ ਸਤਿਆ ਨਾ ਰਹੀ। ਡਿੱਗਣ ਤੋਂ ਬਚਦੀ ਉਹ ਥੱਲੇ ਬੈਠ ਗਈ। ਉਸ ਨੇ ਪਿੱਛੇ ਸਰਕ ਕੇ ਥਮ੍ਹਲੇ ਨਾਲ ਢੋਅ ਲਾ ਲਈ। ਅੱਖਾਂ ਵਿੱਚ ਬਦੋਬਦੀ ਵਹਿ ਰਹੇ ਅੱਥਰੂਆਂ ਨੂੰ ਰੋਕਣ ਦਾ ਉਸ ਨੇ ਕੋਈ ਯਤਨ ਨਾ ਕੀਤਾ। ਅਧਸੁਰਤੀ ਜਿਹੀ ‘ਚ ਅਤੀਤ ਦੇ ਪੰਨੇ ਉਸ ਦੀਆਂ ਅੱਖਾਂ ਅੱਗੇ ਘੁੰਮਣ ਲੱਗੇ।
ਕਦੇ ਉਹ ਇਸ ਘਰ ‘ਚ ਸ਼ਗਨਾਂ ਨਾਲ ਵਿਆਹੀ ਆਈ ਸੀ। ਉਸ ਦਾ ਹਮਸਫਰ ਅੰਤਾਂ ਦਾ ਮੋਹ ਕਰਨ ਵਾਲਾ ਭਲਾ ਮਨੁੱਖ ਸੀ। ਭਰਵੇਂ ਜੁੱਸੇ ਵਾਲਾ ਗੱਭਰੂ ਹਰ ਇਕ ਦੀ ਅੱਖ ਨੂੰ ਭਾਉਂਦਾ ਸੀ। ਉਸ ਦੇ ਮਿਹਨਤੀ, ਹਸਮੁੱਖ ਤੇ ਨਿਮਰਤਾ ਭਰੇ ਸੁਭਾਅ ਨੇ ਉਸ ਨੂੰ ਕੀਲ ਹੀ ਲਿਆ ਸੀ। ਸਹੁਰੇ ਜਾਂ ਕਿਸੇ ਰਿਸ਼ਤੇਦਾਰੀ ਵਿੱਚ ਜਾਣ ਸਮੇਂ ਉਹ ਸੰਧੂਰੀ ਪੱਗ ਬੰਨ੍ਹਾਂ ਕੇ ਚਿੱਟੇ ਕੁੜਤੇ ਚਾਦਰੇ ਨਾਲ ਪੈਰੀਂ ਕੱਢਵੀਂ ਜੁੱਤੀ ਪਾਉਂਦਾ ਜੋ ਉਸ ਦੇ ਉਚੇ ਲੰਮੇ ਕੱਦ ਤੇ ਭਰਵੇਂ ਜੁੱਸੇ ‘ਤੇ ਇੰਨੇ ਜਚਦੇ ਕਿ ਉਸ ਦਾ ਦਿਲ ਕਰਦਾ ਉਸ ਵੱਲ ਹੀ ਤੱਕਦੀ ਰਹੇ। ਤੱਕ-ਤੱਕ ਕੇ ਉਸ ਦੀਆਂ ਅੱਖਾਂ ਕਦੇ ਰੱਜਦੀਆਂ ਨਹੀਂ ਸਨ।
ਨੇਕ ਸੁਭਾਅ ਦੀ ਸੱਸ ਉਸ ਨੂੰ ਆਪਣੀ ਮਾਂ ਜਾਪਦੀ। ਸਹੁਰਾ ਪੁੱਤ-ਪੁੱਤ ਕਰਦਾ ਨਾ ਥੱਕਦਾ। ਉਂਜ ਵੀ ਉਹ ਘਰ ਦੇ ਕੰਮਾਂ ਨੂੰ ਅੱਗੇ ਲਾਈ ਰੱਖਦੀ ਸੀ। ਅੱਕਣਾ, ਥੱਕਣਾ ਉਸ ਨੇ ਸਿੱਖਿਆ ਨਹੀਂ ਸੀ। ਪਸ਼ੂ ਡੰਗਰ ਸਾਂਭਣ ਦਾ ਕੰਮ ਵੀ ਉਸ ਨੇ ਆਪਣੇ ਜ਼ਿੰਮੇ ਲੈ ਲਿਆ। ਘਰ ਵਿੱਚ ਖੁਸ਼ੀਆਂ ਤੇ ਖੇੜੇ ਵਾਲਾ ਮਾਹੌਲ ਸੀ। ਸਮੇਂ-ਸਮੇਂ ‘ਤੇ ਜਨਮੇ ਧੀ ਅਤੇ ਪੁੱਤਰ ਨੇ ਇਸ ਘਰ ਦੀ ਰੌਣਕ ਵਿੱਚ ਹੋਰ ਵਾਧਾ ਕਰ ਦਿੱਤਾ ਸੀ। ਮਿਹਨਤੀ ਸੁਭਾਅ, ਆਪਣੇ ਬਲਬੂਤੇ ‘ਤੇ ਅਥਾਹ ਵਿਸ਼ਵਾਸ ਅਤੇ ਘਰ ਦੇ ਜੀਆਂ ਦੇ ਆਪਸੀ ਤਪਾਕ ਸਦਕਾ ਕਬੀਲਦਾਰੀ ਸੋਹਣੀ ਰੁੜ੍ਹੀ ਜਾਂਦੀ ਸੀ।
..ਪਰ ਹੱਸਦੇ ਖੇਡਦੇ ਘਰ ਨੂੰ ਜਿਵੇਂ ਨਜ਼ਰ ਲੱਗ ਗਈ। ਇਕ ਦਿਨ ਉਸ ਦਾ ਸਾਈਂ ਹੱਸਦਾ ਖੇਡਦਾ ਟਰੈਕਟਰ ਨੂੰ ‘ਚੱਲ ਮੇਰੇ ਖੇਤਾਂ ਦੇ ਸਾਥੀ, ਆਪਣਾ ਕੰਮ ਨਿਬੇੜ ਆਈਏ’ ਕਹਿੰਦਾ ਘਰੋਂ ਜ਼ਮੀਨ ਵਾਹੁਣ ਤੁਰਿਆ। ਖੇਤੋਂ ਵਾਪਸ ਆਉਂਦੇ ਟਰੈਕਟਰ ਮੂਹਰੇ ਆਵਾਰਾ ਪਸ਼ੂ ਆਉਣ ਕਾਰਨ ਟਰੈਕਟਰ ਉਲਟ ਗਿਆ। ਭਾਣਾ ਵਰਤ ਗਿਆ। ਉਹ ਸਾਰੇ ਪਰਵਾਰ ਨੂੰ ਰੋਂਦਾ ਵਿਲਕਦਾ ਛੱਡ ਅਗਲੇ ਜਹਾਨ ਤੁਰ ਗਿਆ। ਇਸ ਅਚਨਚੇਤੀ ਹੋਈ ਘਟਨਾ ਨੇ ਘਰ ਦੇ ਜੀਆਂ ਨੂੰ ਅਧਮੋਏ ਕਰ ਦਿੱਤਾ। ਪੁੱਤ ਦੇ ਤੁਰ ਜਾਣ ਕਾਰਨ ਮਾਂ ਬਾਪ ਹੱਡੀਆਂ ਦੀ ਮੁੱਠ ਬਣ ਗਏ। ਫਿਰ ਵੀ ਆਪਣਾ ਦੁੱਖ ਭੁਲਾ ਕੇ ਉਹ ਬੱਚਿਆਂ ਨੂੰ ਪਰਚਾਉਣ ਦਾ ਯਤਨ ਕਰਦੇ ਰਹਿੰਦੇ। ਦਾਦੇ-ਦਾਦੀ ਦੀ ਬੁੱਕਲ ਦਾ ਨਿੱਘ ਬੱਚਿਆਂ ਨੂੰ ਕੁਝ ਧਰਵਾਸ ਦਿੰਦਾ, ਪਰ ਮਾਂ ਦਾ ਰੋਣਾ ਉਨ੍ਹਾਂ ਤੋਂ ਝੱਲਿਆ ਨਹੀਂ ਜਾਂਦਾ ਸੀ।
ਅੱਥਰੂਆਂ ਦੀ ਵਗਦੀ ਗੰਗਾ ਯਮਨਾ ਨੂੰ ਉਸ ਨੇ ਚੁੰਨੀ ਦੇ ਲੜ ਨਾਲ ਪੂੰਝਿਆ। ਉਸ ਨੇ ਉਠਣ ਦੀ ਕੋਸ਼ਿਸ ਕੀਤੀ, ਪਰ ਸਰੀਰ ਨੇ ਸਾਥ ਨਾ ਦਿੱਤਾ। ਉਹ ਉਸੇ ਤਰ੍ਹਾਂ ਬੈਠੀ ਰਹੀ। ਟੁੱਟੀ ਰੀਲ੍ਹ ਅੱਗੇ ਚੱਲ ਪਈ। ਬੱਚਿਆਂ ਦੇ ਸਹਿਮੇ ਮੂੰਹ ਤੱਕ ਕੇ ਉਸ ਨੇ ਆਪਣੇ ਆਪ ਨੂੰ ਸੰਭਾਲਣਾ ਸ਼ੁਰੂ ਕੀਤਾ। ਗਮਾਂ ਦੇ ਭੰਡਾਰ ਅੰਦਰ ਨੱਪ ਕੇ ਬੱਚਿਆਂ ਨੂੰ ਜ਼ਮਾਨੇ ਦੀਆਂ ਤਲਖੀਆਂ, ਮਜਬੂਰੀਆਂ ਤੇ ਸੰਕਟਾਂ ਤੋਂ ਬਚਾਉਣ ਲਈ ਉਹ ਲੱਕ ਬੰਨ੍ਹ ਕੇ ਖੜੀ ਹੋ ਗਈ। ਬੱਚਿਆਂ ਦੇ ਨਾਲ-ਨਾਲ ਉਹ ਬਜ਼ੁਰਗਾਂ ਦਾ ਵੀ ਸਹਾਰਾ ਬਣ ਗਈ। ਇਸ ਔਖ ਦੀ ਘੜੀ ਵਿੱਚ ਉਸ ਦਾ ਮਾਂ ਜਾਇਆ ਵੀਰ ਸਹਾਰਾ ਬਣਿਆ। ਜ਼ਮੀਨ ਉਸ ਨੇ ਕਿਸੇ ਜ਼ਿਮੀਂਦਾਰ ਨੂੰ ਅੱਧ ‘ਤੇ ਦਿਵਾ ਦਿੱਤੀ। ਇਕ ਲਵੇਰੀ ਮੱਝ ਉਨ੍ਹਾਂ ਕੋਲ ਸੀ। ਇਕ ਸੱਜਰ ਸੂਈ ਮੱਝ ਵੀਰ ਛੱਡ ਗਿਆ। ਹਰੇ ਪੱਠੇ ਭਾਈਵਾਲੀ ਵਾਲੇ ਸੁੱਟ ਜਾਂਦੇ। ਸਿਰ ਸੁੱਟ ਕੇ ਬੈਠਣ ਨਾਲੋਂ ਉਸ ਨੇ ਆਪਣਾ ਆਪ ਕੰਮ ਅੱਗੇ ਡਾਹ ਦਿੱਤਾ। ਦਿਨ ਪਸ਼ੂ ਡੰਗ ਸਾਂਭਦਿਆਂ, ਘਰ ਦਾ ਕੰਮ ਕਰਦਿਆਂ ਲੰਘ ਜਾਂਦਾ। ਥੱਕੀ ਟੁੱਚੀ ਦੀ ਰਾਤ ਕਦੇ ਸੌਂ ਕੇ ਲੰਘ ਜਾਂਦੀ ਤੇ ਕਦੇ ਸੋਚਾਂ ਦੇ ਸਮੁੰਦਰ ‘ਚ ਡੁੱਬੀ ਉਹ ਜਾਣ ਵਾਲੇ ਦੀਆਂ ਯਾਦਾਂ ‘ਚ ਹਉਕੇ ਭਰਦੀ ਲੰਘਾ ਦਿੰਦੀ।
ਦੁੱਧ ਵੇਚ ਕੇ ਅਤੇ ਜ਼ਮੀਨ ਤੋਂ ਆਉਂਦੇ ਚਾਰ ਛਿੱਲੜਾਂ ਨਾਲ ਉਸ ਨੇ ਬੱਚੇ ਪੜ੍ਹਾ ਲਏ। ਧੀ ਨੂੰ ਬਣਦਾ ਸਰਦਾ ਦੇ ਕੇ ਸਹੁਰੇ ਘਰ ਤੋਰ ਦਿੱਤਾ। ਛੋਟਾ ਕਾਕਾ ਕਿਤੇ ਹੱਥ ਨਾ ਅੜਦਾ ਵੇਖ ਕੇ ਫੌਜ ‘ਚ ਭਰਤੀ ਹੋ ਗਿਆ। ਘਰ ਦਾ ਤੋਰਾ ਸੁਖਾਲਾ ਤੁਰਨ ਲੱਗ ਪਿਆ, ਪਰ ਉਸ ਦੀਆਂ ਅੱਖਾਂ ਦੀ ਨੀਂਦ ਉਡ ਗਈ। ਸਰਹੱਦ ‘ਤੇ ਹੁੰਦੀ ਗੜਬੜ ਬਾਰੇ ਸੁਣ ਕੇ ਉਸ ਦਾ ਤ੍ਰਾਹ ਨਿਕਲ ਜਾਂਦਾ। ਹਰ ਸਾਹ ਨਾਲ ਉਹ ਪੁੱਤਰ ਦੀ ਲੰਮੀ ਉਮਰ ਦੀ ਕਾਮਨਾ ਕਰਦੀ ਰਹਿੰਦੀ। ਜੇ ਕੁਝ ਸਮਾਂ ਪੁੱਤ ਨਾਲ ਗੱਲ ਨਾ ਹੁੰਦੀ ਤਾਂ ਕਿਸੇ ਅਣਹੋਣੀ ਦਾ ਡਰ ਉਸ ਦਾ ਸਾਹ ਸੂਤੀ ਰੱਖਦਾ।
ਪਤਾ ਨਹੀਂ ਕਿੰਨੀ ਦੇਰ ਉਹ ਸੋਚਾਂ ਦੇ ਭੰਵਰ ਵਿੱਚ ਫਸੀ ਰਹਿੰਦੀ, ਜੇ ਉਸ ਦੀ ਮਾਵਾਂ ਵਰਗੀ ਸੱਸ ਬਾਹੋਂ ਫੜ ਕੇ ਹਲੂਣਦੀ ਹੋਈ ਇਹ ਨਾ ਕਹਿੰਦੀ, ‘ਸੁੱਖੀ ਸਾਂਦੀ ਮੇਰੀ ਧੀ ਕਾਹਨੂੰ ਭੁੰਜੇ ਬੈਠੀ ਐ। ਉਠ ਕਾਕੇ ਦਾ ਫੋਨ ਆਇਐ, ਚੱਲ ਗੱਲ ਕਰ ਉਸ ਨਾਲ ਜਾ ਕੇ।’ ਕਾਕੇ ਦਾ ਫੋਨ ਆਇਆ ਸੁਣ ਕੇ ਉਸ ਅੰਦਰ ਉਠਣ ਦੀ ਹਿੰਮਤ ਆ ਗਈ। ਉਸ ਨੇ ਅੰਦਰ ਫੋਨ ਕੋਲ ਜਾ ਕੇ ਰਿਸੀਵਰ ਚੁੱਕਿਆ। ਅੱਗੋਂ ਕਾਕਾ ਹੱਸ-ਹੱਸ ਗੱਲਾਂ ਕਰਦਾ ਕਹਿ ਰਿਹਾ ਸੀ, ‘ਲੈ ਮਾਂ ਜਦੋਂ ਵੀ ਫੋਨ ਕਰਦਾਂ, ਤੂੰ ਹਮੇਸ਼ਾ ਵਿਆਹ ਦੀ ਰਟ ਲਾਈ ਰੱਖਦੀ ਐ। ਤੇਰਾ ਪੁੱਤ ਜਲਦੀ ਛੁੱਟੀ ਲੈ ਕੇ ਆ ਰਿਹੈ। ਭਾਲ ਲੈ ਪਸੰਦ ਦੀ ਕੁੜੀ। ਪੁੱਤ ਨੂੰ ਵਿਆਹ ਕੇ ਚਾਅ ਲਾਡ ਪੂਰੇ ਕਰ ਲਵੀਂ। ਹਾਂ, ਬਹੁਤੇ ਸਰਫੇ ਨਾ ਕਰੀ ਜਾਵੀਂ। ਤੇਰਾ ਪੁੱਤ ਕਮਾਉਣ ਵਾਲਾ ਹੈਗਾ।’
ਉਸ ਦੇ ਕੁਮਲਾਏ ਚਿਹਰੇ ‘ਤੇ ਮੁਸਕੁਰਾਹਟ ਫੈਲ ਗਈ ਸੀ। ਦਰਅਸਲ ਜਦੋਂ ਦਾ ਕਾਕਾ ਫੌਜ ‘ਚ ਭਰਤੀ ਹੋਇਆ ਸੀ। ਉਸ ਦੀਆਂ ਅੱਖਾਂ ਹੋਰ ਸਹਿਮੀਆਂ ਰਹਿਣ ਲੱਗ ਪਈਆਂ ਸਨ। ਬੁੱਲ੍ਹਾਂ ‘ਤੇ ਖਾਮੋਸ਼ੀ ਪਹਿਲਾਂ ਹੀ ਡੇਰੇ ਲਾਈ ਬੈਠੀ ਸੀ। ਸਰਹੱਦ ‘ਤੇ ਨਿੱਤ ਹੁੰਦੀਆਂ ਮੌਤਾਂ ਬਾਰੇ ਸੋਚ-ਸੋਚ ਕੇ ਗਮ ਦੀਆਂ ਡੂੰਘੀਆਂ ਸੋਚਾਂ ਦਾ ਪਰਛਾਵਾਂ ਹੋਰ ਗਹਿਰਾ ਹੋ ਜਾਂਦਾ ਸੀ। ਅੱਜ ਵਿਆਹ ਲਈ ਸਹਿਮਤ ਹੋਣਾ ਸੁਣ ਕੇ ਉਸ ਨੂੰ ਲੱਗਾ ਜਿਵੇਂ ਚਿੰਤਾਵਾਂ ਦੇ ਗੂੜ੍ਹੇ ਕਾਲੇ ਬੱਦਲਾਂ ਵਿੱਚੋਂ ਚਾਨਣ ਦੀ ਇਕ ਕਿਰਨ ਉਸ ਦਾ ਰਾਹ ਰੁਸ਼ਨਾਉਣ ਲਈ ਆ ਰਹੀ ਹੋਵੇ। ਉਹ ਭੱਜ ਕੇ ਮੰਜੇ ‘ਤੇ ਹੱਡੀਆਂ ਦੀ ਮੁੱਠ ਬਣੇ ਬੈਠੇ ਆਪਣੇ ਸਹੁਰੇ ਕੋਲ ਗਈ। ਉਸ ਦਾ ਹੱਥ ਫੜ ਕੇ ਆਪਣੇ ਸਿਰ ‘ਤੇ ਰੱਖਦੀ ਹੋਈ ਬੋਲੀ, ‘ਬਾਪੂ, ਤੇਰੇ ਆਸ਼ੀਰਵਾਦ ਸਦਕਾ ਮੇਰੀ ਜ਼ਿੰਦਗੀ ਵਿੱਚ ਦੁਬਾਰਾ ਖੁਸ਼ੀ ਆਉਣ ਦੀ ਆਸ ਬੱਝੀ ਹੈ। ਤੇਰਾ ਪੋਤਾ ਛੁੱਟੀ ਆ ਰਿਹੈ। ਇਸ ਵਾਰ ਆਪਾਂ ਉਸ ਦਾ ਵਿਆਹ ਵੀ ਕਰ ਦੇਣਾ ਹੈ। ਤਕੜਾ ਹੋ ਜਾ। ਤੇਰੇ ਬਿਨਾਂ ਕੌਣ ਹੈ ਉਸ ਦੇ ਸਿਰ ‘ਤੇ ਅਸੀਸਾਂ ਭਰਿਆ ਹੱਥ ਰੱਖਣ ਵਾਲਾ!’
ਨਵੇਂ ਸੁਪਨੇ ਸਿਰਜਦਿਆਂ, ਘਰ ਨੂੰ ਸੰਵਾਰਦਿਆਂ, ਆਪਣੀ ਭਾਬੀ ਨੂੰ ਚੰਗਾ ਰਿਸ਼ਤਾ ਲੱਭ ਕੇ ਰੱਖਣ ਦੀ ਹਦਾਇਤ ਕਰਦਿਆਂ ਪਤਾ ਹੀ ਨਾ ਲੱਗਾ ਕਦੋਂ ਤਿੰਨ ਹਫਤੇ ਲੰਘ ਗਏ। ਘਰ ਦੇ ਬੂਹੇ ਵੱਲ ਹੁੰਦੀ ਹਰ ਪੈੜ ਚਾਲ ਉਸ ਨੂੰ ਕਾਕੇ ਦੇ ਆਉਣ ਦਾ ਭੁਲੇਖਾ ਪਾਉਂਦੀ। ਉਹ ਭੱਜ ਕੇ ਬੂਹੇ ਵੱਲ ਅਹੁਲਦੀ। ਹਰ ਵਾਰ ਆਸ, ਨਿਰਾਸ਼ਾ ਵਿੱਚ ਬਦਲ ਜਾਂਦੀ, ਪਰ ਇਹ ਸੋਚ ਕੇ ਕਿ ਉਸ ਨੂੰ ਛੁੱਟੀ ਨਹੀਂ ਮਿਲੀ ਹੋਣੀ, ਉਹ ਆਪਣੇ ਮਨ ਨੂੰ ਧਰਵਾਸ ਦੇ ਲੈਂਦੀ।
ਖੁਸ਼ੀ ਤਾਂ ਜਿਵੇਂ ਉਸ ਲਈ ਮ੍ਰਿਗ ਤਿ੍ਰਸ਼ਨਾ ਸੀ ਜੋ ਕਦੇ ਮਿਲਣੀ ਹੀ ਨਹੀਂ ਸੀ..। ਪੂਰੇ ਮਹੀਨੇ ਬਾਅਦ ਕਾਕੇ ਦੀ ਥਾਂ ਗੋਲੀਆਂ ਵਿੰਨ੍ਹੀ ਲਾਸ਼ ਵਾਲਾ ਤਾਬੂਤ ਘਰ ਪਹੁੰਚ ਗਿਆ ਜਿਸ ਨੇ ਘਰ ਦੇ ਜੀਆਂ ਨੂੰ ਜਿਉਂਦੀਆਂ ਲਾਸ਼ਾਂ ਵਿੱਚ ਬਦਲ ਦਿੱਤਾ। ਉਸ ਨੂੰ ਕੋਈ ਸੁਰਤ ਨਹੀਂ ਸੀ। ਘਰ ਵਿੱਚ ਅਫਸੋਸ ਕਰਨ ਵਾਲਿਆਂ ਦਾ ਤਾਂਤਾ ਲੱਗਾ ਰਿਹਾ। ਕਾਕੇ ਦੇ ਫੁੱਲ ਚੁਗ ਕੇ ਪਾਠ ਰਖਾਇਆ ਗਿਆ। ਉਸ ਨੂੰ ਸਾਰੇ ਪਾਠ ਸੁਣਨ ਅਤੇ ਧਰਵਾਸ ਰੱਖਣ ਲਈ ਕਹਿੰਦੇ ਰਹੇ। ਉਸ ਨੂੰ ਨਾ ਪਾਠ ਕੋਈ ਧਰਵਾਸ ਦਿੰਦਾ ਸੀ ਤੇ ਨਾ ਹੀ ਧੀ ਵੱਲੋਂ ਦਿੱਤੇ ਦਲਾਸੇ।
ਅੱਜ ਭੋਗ ਪੈਣਾ ਸੀ। ਦੂਰ ਨੇੜੇ ਦੇ ਰਿਸ਼ਤੇਦਾਰਾਂ ਅਤੇ ਪਿੰਡ ਵਾਲਿਆਂ ਨਾਲ ਘਰ ਦਾ ਵਿਹੜਾ ਭਰਿਆ ਪਿਆ ਸੀ। ਆਪਣਾ ਫਰਜ਼ ਨਿਭਾਉਣ ਆਏ ਸਰਕਾਰੀ ਤੇ ਗੈਰ ਸਰਕਾਰੀ ਨੁਮਾਇੰਦੇ ਕਾਕੇ ਦੀ ਬਹਾਦਰੀ ਦੀਆਂ, ਦੇਸ਼ ਖਾਤਰ ਸ਼ਹਾਦਤ ਦੇਣ ਦੀਆਂ ਗੱਲਾਂ ਕਰ ਰਹੇ ਸਨ। ਆਖਰ ਵਿੱਚ ਬੋਲਣ ਵਾਲਾ ਨੇਤਾ ਸੰਘ ਪਾੜ-ਪਾੜ ਕਹਿ ਰਿਹਾ ਸੀ, ‘ਅਸੀਂ ਇਸ ਘਰ ਦੇ ਬੇਟੇ ਦੀ ਕੁਰਬਾਨੀ ਨੂੰ ਅਜਾਈਂ ਨਹੀਂ ਜਾਣ ਦੇਵਾਂਗੇ। ਇਸ ਦੀ ਕੀਮਤ ਦੁਸ਼ਮਣ ਦੀ ਫੌਜ ਨੂੰ ਤਾਰਨੀ ਪਵੇਗੀ। ਅਸੀਂ ਇਕ ਸ਼ਹੀਦ ਦੀ ਥਾਂ ਦੁਸ਼ਮਣ ਦੇ ਕਈ-ਕਈ ਫੌਜੀ ਮਾਰ ਕੇ ਬਦਲਾ ਲਵਾਂਗੇ।’
ਜਿਉਂ ਹੀ ਉਸ ਦੇ ਕੰਨਾਂ ਵਿੱਚ ਇਹ ਸ਼ਬਦ ਪਏ, ਉਸ ਦੇ ਸਰੀਰ ਵਿੱਚ ਚੇਤਨਾ ਆ ਗਈ। ਉਸ ਦੇ ਕੰਨਾਂ ਵਿੱਚ ਸਰਹੱਦ ਪਾਰ ਬੈਠੀਆਂ ਮਾਵਾਂ ਦੇ ਕੀਰਨੇ ਗੂੰਜਣ ਲੱਗੇ। ਉਨ੍ਹਾਂ ਦੇ ਵਿਹੜਿਆਂ ਵਿੱਚ ਵਿਛੇ ਸੱਥਰ ਅਤੇ ਆਪਣੇ ਵਿਹੜੇ ਵਿੱਚ ਵਿੱਛੇ ਸੱਥਰ ਵਿੱਚ ਇਕ ਮਾਂ ਦੇ ਦਿਲ ਨੂੰ ਕੋਈ ਫਰਕ ਨਾ ਲੱਗਿਆ। ਇਕ ਟੀਸ, ਇਕ ਪੀੜ ਉਸ ਦੇ ਧੁਰ ਅੰਦਰੋਂ ਨਿਕਲੀ। ਉਹ ਉਠੀ ਅਤੇ ਨੇਤਾ ਕੋਲ ਜਾ ਕੇ ਬੋਲਣ ਲੱਗੀ, ‘ਮੈਨੂੰ ਬਦਲਾ ਨਹੀਂ, ਸ਼ਾਂਤੀ ਚਾਹੀਦੀ ਹੈ, ਬੰਦ ਕਰੋ ਮਾਵਾਂ ਕੋਲੋਂ ਉਨ੍ਹਾਂ ਦੇ ਕਾਲਜਿਆਂ ਦੇ ਟੁਕੜਿਆਂ ਨੂੰ ਖੋਹਣਾ..।’ ਉਸ ਦੇ ਮੂੰਹੋਂ ਨਿਕਲੇ ਇਹ ਲਫਜ਼ ਕੋਰੇ ਸ਼ਬਦ ਨਹੀਂ ਸਨ। ਇਹ ਤਾਂ ਉਸ ਦੇ ਦਿਲ ਦੀ ਹੂਕ ਸੀ, ਜਿਹੜੀ ਉਸ ਦੀ ਆਤਮਾ ਦੀ ਗਹਿਰਾਈ ਵਿੱਚੋਂ ਨਿਕਲੀ ਸੀ।