‘ਮਾਂ ਦਾ ਲਾਡਲਾ’ ਵਾਲੀ ਮਾਨਸਿਕਤਾ ਤੋਂ ਸਮਾਜ ਹੁਣ ਉਪਰ ਉਠੇ


-ਦੇਵੀ ਚੇਰੀਅਨ
ਇੱਕ ਵਾਰ ਫਿਰ ਪੂਰਾ ਦੇਸ਼ ਹਰਿਆਣਾ ਵਿੱਚ ਹੋ ਰਹੇ ਕਤਲਾਂ ਅਤੇ ਬਲਾਤਕਾਰ ਦੀਆਂ ਘਟਨਾਵਾਂ ਕਾਰਨ ਸਦਮੇ ਵਿੱਚ ਹੈ। ਇੱਕ ਮਹੀਨੇ ਵਿੱਚ ਹੀ ਸੂਬੇ ‘ਚ ਅਜਿਹੇ ਕੇਸਾ ਵਿੱਚ ਇੰਨਾ ਜ਼ਿਆਦਾ ਵਾਧਾ ਹੋਇਆ ਹੈ ਕਿ ਪੂਰੇ ਦੇਸ਼ ਨੂੰ ਇਸ ਨਾਲ ਝਟਕਾ ਲੱਗਾ ਹੈ। ਹੋ ਸਕਦਾ ਹੈ ਇਹ ਅਜਿਹੇ ਮਾਮਲੇ ਹੋਣ, ਜਿਨ੍ਹਾਂ ਦੀਆਂ ਖਬਰਾਂ ਮੀਡੀਆ ਵਿੱਚ ਆ ਗਈਆਂ, ਪਰ ਮੈਂ ਯਕੀਨ ਨਾਲ ਕਹਿ ਸਕਦੀ ਹਾਂ ਕਿ ਪੂਰੇ ਦੇਸ਼ ਵਿੱਚ ਬਲਾਤਕਾਰ ਦੀਆਂ ਘਟਨਾਵਾਂ ਹੋ ਰਹੀਆਂ ਹਨ।
ਛੋਟੀਆਂ-ਛੋਟੀਆਂ ਨਾਲ ਸਮੂਹਿਕ ਬਲਾਤਕਾਰ ਕਰਨ ਵਾਲੇ ਇਨ੍ਹਾਂ ਅਪਰਾਧੀਆਂ ਦੀਆਂ ਕਹਾਣੀਆਂ ਭਿਆਨਕ ਤਾਂ ਹਨ, ਪਰ ਇਹ ਸਿਰਫ ਕਾਮ ਵਾਸਨਾ ਦੀ ਸੰਤੁਸ਼ਟੀ ਦਾ ਪ੍ਰਤੀਕ ਨਹੀਂ, ਸਗੋਂ ਵਿਗੜੀ ਯੌਨ ਮਾਨਸਿਕਤਾ ਵੱਲ ਵੀ ਇਸ਼ਾਰਾ ਕਰਦੀਆਂ ਹਨ। ਇਹ ਤਾਂ ਸਪੱਸ਼ਟ ਹੈ ਕਿ ਜਿਸ ਸੂਬੇ ਵਿੱਚ ਅਜਿਹੀਆਂ ਘਟਨਾਵਾਂ ਹੁੰਦੀਆਂ ਹਨ, ਉਸ ਦੇ ਮੁਖੀ ਨੂੰ ਕਈ ਸਵਾਲਾਂ ਦੇ ਜਵਾਬ ਦੇਣੇ ਪੈਂਦੇ ਹਨ, ਪਰ ਜਿਸ ਸਮਾਜ ਵਿੱਚ ਅਸੀਂ ਰਹਿੰਦੇ ਹਾਂ, ਉਸ ਨੂੰ ਵੀ ਨੀਂਦ ਤੋਂ ਜਾਗਣ ਦੀ ਲੋੜ ਹੈ।
ਮੈਨੂੰ ਸਮਝ ਨਹੀਂ ਆ ਰਹੀ ਕਿ ਜਦੋਂ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਵਿੱਚ ਹਰ ਜਗ੍ਹਾ ਅਜਿਹੀਆਂ ਘਟਨਾਵਾਂ ਵੱਡੀ ਗਿਣਤੀ ਵਿੱਚ ਵਾਪਰ ਰਹੀਆਂ ਹਨ, ਉਦੋਂ ਵੀ ਪੁਲਸ ਦੀ ਨਜ਼ਰ ਇਸ ਪਾਸੇ ਕਿਉਂ ਨਹੀਂ ਜਾਂਦੀ? ਪੁਲਸ ਵੱਲੋਂ ਵੀ ਲੋਕਾਂ ਨੂੰ ਹੰਗਾਮੀ ਸਥਿਤੀਆਂ ਵਿੱਚ ਫੋਨ ਕਾਲਜ਼ ਕਰ ਕੇ ਇਹ ਦੱਸਿਆ ਜਾਣਾ ਜ਼ਰੂਰੀ ਹੈ ਕਿ ਉਹ ਆਂਢ-ਗੁਆਂਢ ਵਿੱਚ ਇੱਕ ਦੂਜੇ ਦੇ ਬੱਚਿਆਂ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਦਿਖਾਉਣ। ਇਸ ਕੰਮ ਲਈ ਸਮਾਜ ਨੂੰ ਉਠਣਾ ਪਵੇਗਾ ਅਤੇ ਜਿੱਥੇ ਵੀ ਲੋਕਾਂ ਨੂੰ ਕਿਸੇ ਅਜਿਹੇ ਭਿਆਨਕ ਅਪਰਾਧ ਦੀ ਸੰਭਾਵਨਾ ਨਜ਼ਰ ਆਵੇ, ਉਥੇ ਉਨ੍ਹਾਂ ਨੂੰ ਆਪਣੀਆਂ ਅੱਖਾਂ ਖੁੱਲ੍ਹੀਆਂ ਰੱਖਦਿਆਂ ਬੜੀ ਸਾਵਧਾਨੀ ਨਾਲ ਨਿਗਰਾਨੀ ਕਰਨੀ ਪਵੇਗੀ।
ਕੋਈ ਘਿਨਾਉਣੇ ਅਪਰਾਧ ਕਰਨ ਵਾਲਾ ਕੋਈ ਵੀ ਹੋ ਸਕਦਾ ਹੈ, ਇਸ ਲਈ ਸਾਨੂੰ ਜਾਗਰੂਕ ਨਾਗਰਿਕ ਬਣਦਿਆਂ ਇਨ੍ਹਾਂ ਘਿਨਾਉਣੇ ਅਪਰਾਧਾਂ ਵਿਰੁੱਧ ਇਕਜੁੱਟ ਹੋ ਕੇ ਬੋਲਣਾ ਪਵੇਗਾ। ਮੈਂ ਕਦੇ ਸੁਫਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਪੰਜ ਮੁੰਡੇ ਮਿਲ ਕੇ ਇੱਕ ਨਾਬਾਲਗ ਕੁੜੀ ਨਾਲ ਬਲਾਤਕਾਰ ਕਰਨਗੇ ਤੇ ਫਿਰ ਉਸ ਨਾਲ ਦਰਿੰਦਗੀ ਭਰੀਆਂ ਹਰਕਤਾਂ ਕਰ ਕੇ ਉਸ ਨੂੰ ਮਰਨ ਲਈ ਛੱਡ ਕੇ ਭੱਜ ਜਾਣਗੇ। ਇੱਕ ਖਬਰ ਅਜਿਹੀ ਵੀ ਆਈ, ਜਦੋਂ ਲਾਸ਼ ਨਾਲ ਬਲਾਤਕਾਰ ਕੀਤਾ ਗਿਆ। ਅਜਿਹੇ ਸਮਾਜ ਦਾ ਅੰਗ ਹੋਣ ‘ਤੇ ਮੈਨੂੰ ਆਪਣੇ ਆਪ ‘ਤੇ ਬਹੁਤ ਅਫਸੋਸ ਹੁੰਦਾ ਹੈ। ਜੇ ਸਮਾਜ ਵਿੱਚ ਅਜਿਹੇ ਲੋਕ ਵਿਚਰ ਰਹੇ ਹਨ ਤੇ ਉਹ ਜੇਲ੍ਹ ਦੀਆਂ ਸੀਖਾਂ ਪਿੱਛੇ ਬੰਦ ਨਹੀਂ ਤਾਂ ਉਨ੍ਹਾਂ ਦੇ ਰਿਸ਼ਤੇਦਾਰਾਂ ਤੇ ਪਰਵਾਰਾਂ ਨੂੰ ਅੱਗੇ ਆ ਕੇ ਉਨ੍ਹਾਂ ਨੂੰ ਪੁਲਸ ਦੇ ਹਵਾਲੇ ਕਰਨਾ ਚਾਹੀਦਾ ਹੈ। ਫਿਰ ਪੁਲਸ ਨੂੰ ਅਜਿਹੇ ਲੋਕਾਂ ਨੂੰ ਮੌਤ ਦੀ ਸਜ਼ਾ ਦਿਵਾਉਣ ਦੇ ਯਤਨ ਕਰਨੇ ਚਾਹੀਦੇ ਹਨ, ਅਜਿਹੇ ਲੋਕਾਂ ਨੂੰ ਜਨਤਕ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤੇ ਉਨ੍ਹਾਂ ਦੀ ਨਲਬੰਦੀ ਕੀਤੀ ਜਾਣੀ ਚਾਹੀਦੀ ਹੈ।
ਆਖਿਰ ਅਸੀਂ ਕਿੰਨੀਆਂ ਔਰਤਾਂ, ਕਿੰਨੇ ਬੱਚਿਆਂ ਤੇ ਕਿੰਨੇ ਨਾਬਾਲਗਾਂ ਦੀਆਂ ਜ਼ਿੰਦਗੀਆਂ ਅਜਿਹੇ ਅਪਰਾਧਾਂ ਦੀ ਭੇਟ ਚੜ੍ਹਾਉਂਦੇ ਰਹਾਂਗੇ? ਆਖਿਰ ਇਨ੍ਹਾਂ ਪੀੜਤਾਂ ਦਾ ਕਸੂਰ ਕੀ ਹੈ? ਕੁੜੀਆਂ ਹੀ ਨਹੀਂ, ਸਗੋਂ ਮੁੰਡਿਆਂ ਨੂੰ ਵੀ ਯੌਨ ਸ਼ੋਸ਼ਣ ਦੇ ਸ਼ਿਕਾਰ ਬਣਾਇਆ ਜਾਂਦਾ ਹੈ। ਸਕੂਲਾਂ, ਦਫਤਰਾਂ ਵਿੱਚ ਅਸੀਂ ਕਿੰਨੇ ਨਾਬਾਲਗ ਲੜਕਿਆਂ ਦੀਆਂ ਅਜਿਹੀਆਂ ਕਹਾਣੀਆਂ ਸੁਣਦੇ ਹਾਂ। ਇਹ ਲੜਕੇ ਖਾਸ ਤੌਰ ‘ਤੇ ਗਰੀਬ ਵਰਗ ਨਾਲ ਸੰਬੰਧਤ ਹੁੰਦੇ ਹਨ ਤੇ ਆਪਣੀਆਂ ਲੋੜਾਂ ਕਾਰਨ ਯੌਨ ਸ਼ੋਸ਼ਣ ਕਰਨ ਵਾਲਿਆਂ ਦੇ ਚੁੰਗਲ ਵਿੱਚ ਫਸ ਜਾਂਦੇ ਹਨ। ਛੋਟੇ-ਛੋਟੇ ਅਹਿਸਾਨਾਂ ਦਾ ਵਾਅਦਾ ਕਰ ਕੇ ਉਨ੍ਹਾਂ ਦੀ ‘ਇੱਜ਼ਤ’ ਨਾਲ ਖਿਲਵਾੜ ਕੀਤਾ ਜਾਂਦਾ ਹੈ। ਘਰੇਲੂ ਨੌਕਰਾਂ ਵਜੋਂ ਤਾਂ ਮੁੰਡਿਆਂ ਤੇ ਕੁੜੀਆਂ ਦੋਵਾਂ ਨੂੰ ਹੀ ਸ਼ੋਸ਼ਣ ਦਾ ਸ਼ਿਕਾਰ ਹੋਣਾ ਪੈਂਦਾ ਹੈ। ਅਜਿਹੀਆਂ ਪਸ਼ੂਆਂ ਵਰਗੀਆਂ ਹਰਕਤਾਂ ਕਰਨ ਵਾਲੇ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ।
ਬ੍ਰਿਟੇਨ ਦੀ ਪ੍ਰਧਾਨ ਮੰਤਰੀ ਨੇ ਇਕਲਾਪੇ ਦੇ ਸ਼ਿਕਾਰ ਲੋਕਾਂ ਦੀ ਦੇਖਭਾਲ ਲਈ ਇੱਕ ਵਿਸ਼ੇਸ਼ ਮੰਤਰੀ ਨਿਯੁਕਤ ਕੀਤਾ ਹੋਇਆ ਹੈ। ਉਹ ਅਜਿਹੇ ਲੋਕਾਂ ਦਾ ਪੂਰਾ ਰਿਕਾਰਡ ਲੱਭਦੇ ਹਨ ਤੇ ਜੋ ਵਿਅਕਤੀ ਇਕੱਲਾ ਰਹਿ ਰਿਹਾ ਹੋਵੇ, ਚਾਹੇ ਉਹ ਜਵਾਨ ਹੋਵੇ ਜਾਂ ਬੁੱਢਾ, ਉਸ ਨੂੰ ਡਾਕਟਰੀ ਮਦਦ ਪੁਚਾਈ ਜਾਂਦੀ ਹੈ, ਉਸ ਨੂੰ ਦੇਖਭਾਲ ਲਈ ਵਿਸ਼ੇਸ਼ ਨਿਗਰਾਨੀ ਹੇਠ ਰੱਖਿਆ ਜਾਂਦਾ ਹੈ ਤੇ ਅਜਿਹੀਆਂ ਕਲਾਸਾਂ ਵਿੱਚ ਭੇਜਿਆ ਜਾਂਦਾ ਹੈ, ਜਿੱਥੇ ਉਹ ਨਵੇਂ ਦੋਸਤ ਬਣਾ ਸਕੇ। ਕੋਈ ਨਹੀਂ ਕਹਿ ਸਕਦਾ ਕਿ ਇਕਲਾਪਾ ਕਦੋਂ, ਕਿਸ ਵਿਅਕਤੀ ਨੂੰ ਅਪਰਾਧ ਕਰਨ ਲਈ ਪ੍ਰੇਰਿਤ ਕਰ ਦੇਵੇ, ਫਿਰ ਵੀ ਬ੍ਰਿਟੇਨ ਨੇ ਇੱਕ ਵਧੀਆ ਸ਼ੁਰੂਆਤ ਕਰ ਕੇ ਦਿਖਾ ਦਿੱਤਾ ਹੈ ਕਿ ਉਹ ਅਜਿਹਾ ਦੇਸ਼ ਹੈ, ਜਿਹੜਾ ਆਪਣੇ ਨਾਗਰਿਕਾਂ ਦੀ ਚਿੰਤਾ ਕਰਦਾ ਹੈ।
ਮੈਂ ਇਹ ਨਹੀਂ ਕਹਿ ਸਕਦੀ ਕਿ ਦੇਹ ਵਪਾਰ ਨੂੰ ਜਾਇਜ਼ ਕਰਾਰ ਦਿੱਤੇ ਜਾਣ ਨਾਲ ਕੋਈ ਹੱਲ ਨਿਕਲੇਗਾ ਜਾਂ ਨਹੀਂ, ਫਿਰ ਵੀ ਮੈਂ ਸੁਣਦੀ ਹਾਂ ਕਿ ਕਈ ਸੂਬੇ ਇਸ ‘ਤੇ ਵਿਚਾਰ ਕਰ ਰਹੇ ਹਨ। ਬਲਾਤਕਾਰੀ ਚਾਹੇ ਬਾਲਗ ਹੋਵੇ ਜਾਂ ਨਾਬਾਲਗ, ਉਸ ਦੇ ਲਈ ਮੌਤ ਦੀ ਸਜ਼ਾ ਅੱਜ ਇੱਕ ਜ਼ਰੂਰਤ ਬਣ ਚੁੱਕੀ ਹੈ।
ਨਾਬਾਲਗ ਬੱਚੀਆਂ ਨੂੰ ਬਚਾਉਣ ਲਈ ‘ਮਾਂ ਦਾ ਲਾਡਲਾ’ ਵਾਲੀ ਮਾਨਸਿਕਤਾ ਤੋਂ ਉਪਰ ਉਠਣਾ ਪਵੇਗਾ। ਮੁੰਡਿਆਂ ਦੇ ਮਨ ਵਿੱਚ ਨੈਤਿਕਤਾ ਦੇ ਨਾਲ ਦੂਜਿਆਂ ਦਾ ਸਨਮਾਨ ਕਰਨ ਦੀ ਭਾਵਨਾ ਜਗਾਉਣੀ ਪਵੇਗੀ ਅਤੇ ਉਨ੍ਹਾਂ ਦੇ ਮਨ ਵਿੱਚ ਇਹ ਡਰ ਵੀ ਪੈਦਾ ਕਰਨਾ ਪਵੇਗਾ ਕਿ ਕਿਸੇ ਕੁੜੀ ਨਾਲ ਬੁਰਾ ਸਲੂਕ ਕਰਨ ਦੇ ਨਤੀਜੇ ਬਹੁਤ ਖਤਰਨਾਕ ਹੋ ਸਕਦੇ ਹਨ।
ਘਰ ਵਿੱਚ ਬੱਚਾ ਜਿਹੋ ਜਿਹੀ ਸਿਖਿਆ ਤੇ ਸੰਸਕਾਰ ਲੈਂਦਾ ਹੈ, ਉਸੇ ਨਾਲ ਉਸ ਦੀ ਜ਼ਿੰਦਗੀ ਦੀ ਦਿਸ਼ਾ ਤੈਅ ਹੁੰਦੀ ਹੈ। ਹਰ ਮਾਂ-ਪਿਓ ਨੂੰ ਆਪਣੇ ਬੇਟਿਆਂ ਨੂੰ ਇਹ ਸਿਖਿਆ ਦੇਣੀ ਪਵੇਗੀ ਕਿ ਔਰਤਾਂ ਤੇ ਕੁੜੀਆਂ ਤੋਂ ਬਿਨਾਂ ਦੁਨੀਆ ਕਿੰਨੀ ਸੁੰਨੀ ਹੋ ਜਾਵੇਗੀ। ਅੱਜ ਕੱਲ੍ਹ ਦੁਨੀਆ ਅੰਦਰ ਮੁੰਡਿਆਂ ਨਾਲੋਂ ਕੁੜੀਆਂ ਵੱਧ ਸਮਝਦਾਰ ਤੇ ਕੈਰੀਅਰ ਪ੍ਰਤੀ ਸਮਰਪਿਤ ਹਨ। ਆਪਣੇ ਬਜ਼ੁਰਗ ਮਾਂ-ਪਿਓ ਦੀ ਦੇਖਭਾਲ ਦੇ ਮਾਮਲੇ ਵਿੱਚ ਵੀ ਉਹ ਜ਼ਿਆਦਾ ਜ਼ਿੰਮੇਵਾਰੀ ਦਿਖਾਉਂਦੀਆਂ ਹਨ।
ਅੱਜ ਵੀ ਅਸੀਂ ਔਰਤਾਂ ਨੂੰ ਤਸੀਹੇ ਝੱਲਦੀਆਂ ਦੇਖਦੇ ਹਾਂ। ਸਮਾਜ ਇੱਕ ਬੱਚੀ ਨਾਲ ਮਨੁੱਖੀ ਵਰਤਾਓ ਕਿਉਂ ਨਹੀਂ ਕਰਦਾ? ਅੱਜ ਦੇ ਮਰਦ ਪ੍ਰਧਾਨ ਸਮਾਜ ਵਿੱਚ ਵਧਣ-ਫੁੱਲਣ ਦੀ ਕੋਸ਼ਿਸ਼ ਕਰ ਰਹੀ ਬੱਚੀ ਨੂੰ ਇੰਨੇ ਸਰੀਰਕ ਤੇ ਮਾਨਸਿਕ ਤਸੀਹੇ ਝੱਲਣੇ ਪੈਂਦੇ ਹਨ ਕਿ ਉਹ ਅਕਸਰ ਟੁੱਟ ਜਾਂਦੀ ਹੈ। ਸਤੀ ਪ੍ਰਥਾ ਤੋਂ ਲੈ ਕੇ ਦਾਜ ਲਈ ਮੌਤ ਤੇ ਕੰਨਿਆ ਭਰੂਣ ਹੱਤਿਆ ਤੱਕ ਔਰਤਾਂ ਨੂੰ ਉਹ ਸਭ ਕੁਝ ਅੱਜ ਵੀ ਝੱਲਣਾ ਪੈਂਦਾ ਹੈ, ਜੋ ਉਹ ਸਦੀਆਂ ਤੋਂ ਝੱਲਦੀਆਂ ਆਈਆਂ ਹਨ।
ਐਨ ਆਰ ਆਈ ਮੁੰਡੇ ਇਥੋਂ ਦੀਆਂ ਕੁੜੀਆਂ ਨਾਲ ਵਿਆਹ ਕਰਵਾ ਕੇ ਪਤਾ ਨਹੀਂ ਕਿੱਥੇ ਗਾਇਬ ਹੋ ਜਾਂਦੇ ਹਨ। ਅਜਿਹੇ ਵਿਆਹਾਂ ਨੇ ਪਤਾ ਨਹੀਂ ਕਿੰਨੀਆਂ ਮੁਟਿਆਰਾਂ ਦੇ ਸੁਫਨੇ ਚਕਨਾਚੂਰ ਕੀਤੇ ਅਤੇ ਉਨ੍ਹਾਂ ਦੀ ਜ਼ਿੰਦਗੀ ਹਮੇਸ਼ਾ ਲਈ ਬਰਬਾਦ ਕਰ ਦਿੱਤੀ ਹੈ। ਫਿਰ ਵੀ ਕੁੜੀਆਂ ਦੀ ਹਿੰਮਤ ਦੀ ਦਾਦ ਦੇਣ ਨੂੰ ਦਿਲ ਕਰਦਾ ਹੈ ਕਿ ਪ੍ਰੇਸ਼ਾਨੀ ਦੇ ਬਾਵਜੂਦ ਉਹ ਬਹੁਤ ਸਬਰ ਨਾਲ ਸਿਰ ਝੁਕਾਈ ਕੰਮ ਕਰਦੀਆਂ ਰਹਿੰਦੀਆਂ ਹਨ ਤੇ ਆਪਣੇ ਪਰਵਾਰਾਂ ਲਈ ਸਹਾਰਾ ਬਣੀਆਂ ਹੋਈਆਂ ਹਨ। ਉਨ੍ਹਾਂ ਦੇ ਦਿਮਾਗ ਵਿੱਚ ਸਿਰਫ ਇੱਕ ਗੱਲ ਹੁੰਦੀ ਹੈ ਕਿ ਉਨ੍ਹਾਂ ਦੇ ਪਰਵਾਰ ਦੇ ਮਰਦਾਂ ਨੂੰ ਸਮਾਜ ਵਿੱਚ ਉਨ੍ਹਾਂ ਕਾਰਨ ਅਪਮਾਨ ਦਾ ਸਾਹਮਣਾ ਕਰਨਾ ਪਵੇ। ਇਸ ਤਰ੍ਹਾਂ ਸਾਡੀਆਂ ਕੁੜੀਆਂ ਸਮਾਜ ਲਈ ਵੱਡੀ ਕੁਰਬਾਨੀ ਦੇ ਰਹੀਆਂ ਹਨ।
ਸਾਡੇ ਕਾਨੂੰਨਦਾਨਾਂ ਨੂੰ ਹਿੰਮਤ ਦਿਖਾਉਣ ਤੇ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਕਾਨੂੰਨ ਦੀਆਂ ਕਮਜ਼ੋਰੀਆਂ ਤੇ ਚੋਰ ਰਾਹਾਂ ਦਾ ਲਾਭ ਉਠਾ ਕੇ ਬਲਾਤਕਾਰੀ ਤੇ ਜ਼ਾਲਮ ਬਚ ਕੇ ਨਾ ਨਿਕਲ ਸਕਣ। ਜਦੋਂ ਵੀ ਮੈਂ ਦੇਸ਼ ਦੀਆਂ ਅਖਬਾਰਾਂ ਵਿੱਚ ਬੱਚੀਆਂ ਬਾਰੇ ਇਹ ਪੜ੍ਹਦੀ ਹਾਂ ਕਿ ਉਹ ‘ਦੇਵੀਆਂ’ ਹਨ, ਕੰਜਕਾਂ ਹਨ, ਜੋ ਸਾਡੀ ਸੁੱਖ-ਸ਼ਾਂਤੀ ਤੇ ਖੁਸ਼ਹਾਲੀ ਲਈ ਹਮੇਸ਼ਾ ਕਾਮਨਾ ਕਰਦੀਆਂ ਹਨ, ਪਰ ਉਨ੍ਹਾਂ ਨਾਲ ਜਦੋਂ ਬੁਰਾ ਸਲੂਕ ਹੁੰਦਾ ਹੈ ਤਾਂ ਪੁਲਸ ਦੇ ਨਾਲ ਸਿਆਸਤਦਾਨਾਂ, ਕਾਨੂੰਨਦਾਨਾਂ ਤੇ ਜਾਂਚ ਏਜੰਸੀਆਂ ਨੂੰ ਵੀ ਮੁਸਤੈਦ ਹੋਣਾ ਚਾਹੀਦਾ ਹੈ ਕਿ ਅਪਰਾਧੀਆਂ ਨੂੰ ਕਿਸੇ ਵੀ ਕੀਮਤ ‘ਤੇ ਦਬੋਚਣਾ ਹੈ ਤੇ ਫਾਂਸੀ ਦੇ ਰੱਸੇ ਤੱਕ ਪਹੁੰਚਾਉਣਾ ਹੈ।