ਮਾਂਟਰੀਅਲ ਵਿੱਚ ਲੰਮੀਂ ਚੱਲੇਗੀ ਨਾਫਟਾ ਸਬੰਧੀ ਗੱਲਬਾਤ


ਵਾਸਿ਼ੰਗਟਨ, 18 ਜਨਵਰੀ (ਪੋਸਟ ਬਿਊਰੋ) : ਨਵੇਂ ਨਾਫਟਾ ਸਮਝੌਤੇ ਲਈ ਗੱਲਬਾਤ ਕਰ ਰਹੇ ਮੰਤਰੀਆਂ ਨੂੰ ਇਸ ਗੱਲਬਾਤ ਦੇ ਅਗਲੇ ਗੇੜ, ਜੋ ਕਿ ਮਾਂਟਰੀਅਲ ਵਿੱਚ ਹੋਣ ਜਾ ਰਿਹਾ ਹੈ, ਲਈ ਲੰਮੇਂ ਸਮੇਂ ਤੱਕ ਮਾਂਟਰੀਅਲ ਰਹਿਣਾ ਹੋਵੇਗਾ।
ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ, ਅਮਰੀਕੀ ਵਾਰਤਾਕਾਰ ਰੌਬਰਟ ਲਾਈਥਾਈਜ਼ਰ ਤੇ ਮੈਕਸਿਕੋ ਤੇ ਇਲਡੇਫੌਂਸੋ ਗੁਜ਼ਾਰਡੋ ਇਸ ਗੱਲਬਾਤ ਦੇ 29 ਜਨਵਰੀ ਨੂੰ ਮੁੱਕਣ ਦੀ ਪ੍ਰਕਿਰਿਆ ਵਿੱਚ ਹਿੱਸਾ ਲੈਣਗੇ। ਮਾਂਟਰੀਅਲ ਵਿੱਚ ਹੋਣ ਜਾ ਰਹੀ ਇਸ ਗੱਲਬਾਤ ਦਾ ਗੇੜ ਅਸਲ ਵਿੱਚ 23 ਜਨਵਰੀ ਤੋਂ 28 ਜਨਵਰੀ ਤੱਕ ਚੱਲਣਾ ਸੀ ਪਰ ਹੁਣ ਇਹ 21 ਜਨਵਰੀ ਨੂੰ ਸ਼ੁਰੂ ਹੋਣ ਜਾ ਰਿਹਾ ਹੈ। ਮੰਤਰੀਆਂ ਉੱਤੇ ਇਸ ਗੱਲਬਾਤ ਨੂੰ ਸਾਰਥਕ ਬਣਾਉਣ ਲਈ ਦਬਾਅ ਪਾਇਆ ਜਾ ਰਿਹਾ ਹੈ।
ਗੱਲਬਾਤ ਦਾ ਮੌਜੂਦਾ ਸ਼ਡਿਊਲ ਮਾਰਚ ਵਿੱਚ ਮੁੱਕੇਗਾ ਤੇ ਉਸ ਤੋਂ ਬਾਅਦ ਮੈਕਸਿਕੋ ਵਿੱਚ ਚੋਣਾਂ ਦਾ ਪਿੜ ਭੱਖ ਜਾਵੇਗਾ। ਇਸ ਤੋਂ ਪਹਿਲਾਂ ਅਮਰੀਕਾ ਵਿੱਚ ਵਿਧਾਨਸਭਾਈ ਚੋਣਾਂ ਹੋਣਗੀਆਂ। ਇੱਥੇ ਇਹ ਦੱਸਣਾ ਬਣਦਾ ਹੈ ਕਿ ਮੈਕਸਿਕੋ ਦੀ ਸੱਤਾਧਾਰੀ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਨੇ ਟਵਿੱਟਰ ਉੱਤੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਦਾ ਦੇਸ਼ ਸਰਹੱਦੀ ਕੰਧ ਲਈ ਕੋਈ ਅਦਾਇਗੀ ਨਹੀਂ ਕਰੇਗਾ। ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦਾ ਕਹਿਣਾ ਹੈ ਕਿ ਨਵੇਂ ਨਾਫਟਾ ਸਮਝੌਤੇ ਤੋਂ ਬਾਅਦ ਇਸ ਸਰਹੱਦੀ ਕੰਧ ਦੀ ਅਦਾਇਗੀ ਅਸਾਨੀ ਨਾਲ ਕੀਤੀ ਜਾ ਸਕਦੀ ਹੈ।