ਮਾਂਟਰੀਅਲ ਨੇੜੇ ਦੋ ਜਹਾਜ਼ ਆਪਸ ਵਿੱਚ ਟਕਰਾਏ, ਇੱਕ ਪਾਇਲਟ ਦੀ ਮੌਤ, ਇੱਕ ਜ਼ਖ਼ਮੀ

pilotਸੇਂਟ ਬਰੂਨੋ, ਕਿਊਬਿਕ, 19 ਮਾਰਚ (ਪੋਸਟ ਬਿਊਰੋ) : ਸ਼ੁੱਕਰਵਾਰ ਨੂੰ ਦੋ ਨਿੱਕੇ ਜਹਾਜ਼ ਕਿਊਬਿਕ ਦੇ ਇੱਕ ਭੀੜ ਭਾੜ ਵਾਲੇ ਸ਼ਾਪਿੰਗ ਮਾਲ ਉੱਤੇ ਟਕਰਾ ਗਏ। ਇਸ ਹਾਦਸੇ ਵਿੱਚ ਇੱਕ ਪਾਇਲਟ ਦੀ ਮੌਤ ਹੋ ਗਈ ਤੇ ਦੂਜਾ ਜ਼ਖ਼ਮੀ ਹੋ ਗਿਆ।
ਪੁਲਿਸ ਨੇ ਦੱਸਿਆ ਕਿ ਜ਼ਖ਼ਮੀ ਪਾਇਲਟ ਨੂੰ ਹਸਪਤਾਲ ਲਿਜਾਇਆ ਗਿਆ ਤੇ ਦੋ ਚਸ਼ਮਦੀਦਾਂ ਨੂੰ ਵੀ ਸਦਮੇ ਦੇ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਇਹ ਜਾਣਕਾਰੀ ਪੁਲਿਸ ਨੇ ਦਿੱਤੀ। ਲਾਂਗੁਏਉਈਲ ਦੀ ਪੁਲਿਸ ਨੇ ਟਵੀਟ ਕੀਤਾ ਕਿ ਜ਼ਖ਼ਮੀ ਪਾਇਲਟ ਦੀ ਸਥਿਤੀ ਖਤਰੇ ਤੋਂ ਬਾਹਰ ਹੈ। ਮਾਂਟਰੀਅਲ ਦੇ ਦੱਖਣੀ ਕਿਨਾਰੇ ਦੀ ਸੇਵਾ ਕਰਨ ਵਾਲੀ ਪੁਲਿਸ ਦੀ ਤਰਜ਼ਮਾਨ ਨੈਂਸੀ ਕੋਲੈਗੀਆਕੋਮੋ ਨੇ ਦੱਸਿਆ ਕਿ ਇੱਕ ਜਹਾਜ਼ ਸਟੋਰਾਂ ਦੀ ਛੱਤ ਉੱਤੇ ਡਿੱਗਿਆ ਜਦਕਿ ਦੂਜਾ ਜਹਾਜ਼ ਪਾਰਕਿੰਗ ਵਾਲੀ ਥਾਂ ਉੱਤੇ ਡਿੱਗਿਆ।
ਪੁਲਿਸ ਨੇ ਦੱਸਿਆ ਕਿ ਦੋਵਾਂ ਜਹਾਜ਼ਾਂ ਵਿੱਚ ਇੱਕ ਇੱਕ ਪੁਰਸ਼ ਪਾਇਲਟ ਹੀ ਸੀ। ਇੱਕ ਚਸ਼ਮਦੀਦ ਨੇ ਦੱਸਿਆ ਕਿ ਇੱਕ ਜਹਾਜ਼ ਦੇ ਟੁਕੜੇ ਮਾਂਟਰੀਅਲ ਤੋਂ 25 ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਮਾਲ, ਜਿਸ ਨੂੰ ਪ੍ਰੋਮੇਨੇਡਜ਼ ਸੇਂਟ ਬਰੂਨੋ ਆਖਿਆ ਜਾਂਦਾ ਹੈ, ਦੀ ਪਾਰਕਿੰਗ ਵਾਲੀ ਥਾਂ ਉੱਤੇ ਮੀਂਹ ਵਾਂਗ ਡਿੱਗ ਰਹੇ ਸਨ। ਮਾਲ ਦੇ ਇੱਕ ਹਿੱਸੇ ਦੀ ਮੁਰੰਮਤ ਕਰ ਰਹੇ ਇੱਕ ਵਰਕਰ ਨੇ ਦੱਸਿਆ ਕਿ ਪਹਿਲਾਂ ਉਸ ਨੂੰ ਇੱਕ ਜਹਾਜ਼ ਦਾ ਪਰਛਾਵਾਂ ਨਜ਼ਰ ਆਇਆ ਤੇ ਫਿਰ ਜੋ਼ਰਦਾਰ ਧਮਾਕਾ ਸੁਣਾਈ ਦਿੱਤਾ। ਫਿਰ ਜਹਾਜ਼ ਦੇ ਟੁਕੜੇ ਪਾਰਕਿੰਗ ਵਾਲੀ ਥਾਂ ਉੱਤੇ ਡਿੱਗਣ ਲੱਗੇ।
ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਛੱਤ ਉੱਤੇ ਡਿੱਗੇ ਜਹਾਜ਼ ਵਿੱਚੋਂ ਕੈਰੋਸੀਨ ਲੀਕ ਹੋ ਕੇ ਸ਼ਾਪਿੰਗ ਮਾਲ ਦੀ ਛੱਤ ਤੋਂ ਚੋਣ ਲੱਗਿਆ ਜਿਸ ਕਾਰਨ ਪੁਲਿਸ ਨੂੰ ਪੂਰੀ ਇਮਾਰਤ ਖਾਲੀ ਕਰਵਾਉਣੀ ਪਈ। ਟਰਾਂਸਪੋਰਟੇਸ਼ਨ ਸੇਫਟੀ ਬੋਰਡ ਆਫ ਕੈਨੇਡਾ ਵੱਲੋਂ ਕੀਤੇ ਐਲਾਨ ਅਨੁਸਾਰ ਉਨ੍ਹਾਂ ਵੱਲੋਂ ਜਾਂਚਕਾਰਾਂ ਦੀ ਇੱਕ ਟੀਮ ਨੂੰ ਮੌਕੇ ਦਾ ਮੁਆਇਨਾ ਕਰਨ ਤੇ ਜਾਂਚ ਲਈ ਭੇਜਿਆ ਜਾ ਰਿਹਾ ਹੈ। ਇੱਕ ਬਿਆਨ ਵਿੱਚ ਆਖਿਆ ਗਿਆ ਕਿ ਦੋਵੇਂ ਜਹਾਜ਼ ਸੈਸਨਾ 152 ਸਨ ਤੇ ਇਨ੍ਹਾਂ ਨੂੰ ਕਾਰਗੇਅਰ ਕੰਪਨੀ ਆਪਰੇਟ ਕਰਦੀ ਸੀ। ਇਹ ਲਾਂਗੁਏਉਈਲ ਨੇੜੇ ਸਥਿਤ ਇੱਕ ਪਾਇਲਟ ਟਰੇਨਿੰਗ ਅਕੈਡਮੀ ਹੈ। ਅਕੈਡਮੀ ਨੇ ਨਿਊਜ਼ ਕਾਨਫਰੰਸ ਵਿੱਚ ਪਾਇਲਟ ਦੇ ਪਰਿਵਾਰ ਵਾਲਿਆਂ ਨਾਲ ਹਮਦਰਦੀ ਪ੍ਰਗਟਾਈ ਹੈ।