ਮਾਂਟਰੀਅਲ ਨੇੜੇ ਕਈ ਗੱਡੀਆਂ ਆਪਸ ਵਿੱਚ ਟਕਰਾਈਆਂ, ਇੱਕ ਹਲਾਕ, ਕਈ ਜ਼ਖ਼ਮੀ


ਮਾਂਟਰੀਅਲ, 7 ਫਰਵਰੀ (ਪੋਸਟ ਬਿਊਰੋ) : ਮਾਂਟਰੀਅਲ ਨੇੜੇ ਹਾਈਵੇਅ ਉੱਤੇ ਕਈ ਗੱਡੀਆਂ ਦੀ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਕਈ ਹੋਰ ਜ਼ਖ਼ਮੀ ਹੋ ਗਏ।
ਸੁਰੇਤੇ ਡੂ ਕਿਊਬਿਕ ਅਨੁਸਾਰ ਬੁੱਧਵਾਰ ਨੂੰ ਇਹ ਹਾਦਸਾ ਮੌਂਟ ਸਟਰੀਟ ਹਿਲੇਅਰ ਦੇ ਬਿਲਕੁਲ ਬਾਹਰ ਹਾਈਵੇਅ 20 ਉੱਤੇ ਪੱਛਮ ਵਾਲੀਆਂ ਲੇਨਜ਼ ਉੱਤੇ 1:00 ਵਜੇ ਦੇ ਨੇੜੇ ਤੇੜੇ ਵਾਪਰਿਆ। ਬਰਫ ਲੱਦੀ ਸੜਕ ਉੱਤੇ ਟਰਾਂਸਪੋਰਟ ਟਰੱਕਾਂ ਤੇ ਗੱਡੀਆਂ ਦੀ ਟੱਕਰ ਤੋਂ ਬਾਅਦ ਗੱਡੀਆਂ ਦਾ ਉੱਥੇ ਢੇਰ ਜਿਹਾ ਲੱਗ ਗਿਆ। ਪੁਲਿਸ ਨੇ ਦੱਸਿਆ ਕਿ ਮਾਂਟਰੀਅਲ ਜਾਣ ਵਾਲੀ ਇਸ ਸੜਕ ਨੂੰ ਮੁੜ ਖੋਲ੍ਹਣ ਵਿੱਚ ਅਜੇ ਸਮਾਂ ਲੱਗ ਸਗਦਾ ਹੈ ਪਰ ਡਰਾਈਵਰਾਂ ਨੂੰ ਦੂਜੇ ਰੂਟ ਤੋਂ ਜਾਣ ਲਈ ਆਖਿਆ ਜਾ ਰਿਹਾ ਹੈ।
ਸੁਰੇਤੇ ਡੂ ਕਿਊਬਿਕ ਦੇ ਬੁਲਾਰੇ ਜੌਇਸ ਕੈਂਪ ਨੇ ਆਖਿਆ ਕਿ ਇਸ ਹਾਦਸੇ ਵਿੱਚ ਸ਼ਾਮਲ ਗੱਡੀਆਂ ਤੇ ਐਮਰਜੰਸੀ ਸੇਵਾਵਾਂ ਦੀ ਦਖਲ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਅਸੀਂ ਇਹ ਨਹੀਂ ਦੱਸ ਸਕਦੇ ਕਿ ਸਾਰਿਆਂ ਨੂੰ ਬਚਾਉਣ ਵਿੱਚ ਕਿੰਨਾਂ ਸਮਾਂ ਲੱਗੇਗਾ। ਇਸ ਦੌਰਾਨ ਸਹੀ ਸਲਾਮਤ ਬਚ ਨਿਕਲੇ ਡਰਾਈਵਰ ਵਿਨਸੈਂਟ ਅੰਟਰਬਰਗ ਨੇ ਆਖਿਆ ਕਿ ਉਹ ਖੁਸ਼ਨਸੀਬ ਹੈ ਕਿ ਉਸ ਨੂੰ ਇੱਕ ਝਰੀਟ ਵੀ ਨਹੀਂ ਲੱਗੀ। ਉਸ ਨੇ ਦੱਸਿਆ ਕਿ ਬਹੁਤ ਜਿ਼ਆਦਾ ਬਰਫਬਾਰੀ ਹੋ ਰਹੀ ਸੀ। ਉਸ ਨੇ ਆਖਿਆ ਕਿ ਉਸ ਦੀ ਗੱਡੀ 10 ਤੋਂ 12 ਸੈਕਿੰਡ ਤੱਕ ਤਿਲ੍ਹਕਦੀ ਗਈ। ਇਸੇ ਤਰ੍ਹਾਂ ਹੋਰ ਗੱਡੀਆਂ ਵਿੱਚ ਤਿਲ੍ਹਕਣ ਲੱਗੀਆਂ ਤੇ ਇੱਕ ਦੂਜੇ ਵਿੱਚ ਵੱਜਣ ਲੱਗੀਆਂ ਤੇ ਫਿਰ ਇੱਥੇ ਗੱਡੀਆਂ ਦਾ ਢੇਰ ਹੀ ਲੱਗ ਗਿਆ।