ਮਹਿਬੂਬਾ ਦੀ ਰਾਏ: ਕਸ਼ਮੀਰ ‘ਚ ਖੂਨ ਖਰਾਬਾ ਰੋਕਣ ਲਈ ਪਾਕਿ ਨਾਲ ਗੱਲਬਾਤ ਜ਼ਰੂਰੀ


ਸ੍ਰੀਨਗਰ, 13 ਫਰਵਰੀ (ਪੋਸਟ ਬਿਊਰੋ)- ਜੰਮੂ ਕਸ਼ਮੀਰ ‘ਚ ਲਗਾਤਾਰ ਹੋ ਰਹੇ ਅੱਤਵਾਦੀ ਹਮਲਿਆਂ ਅਤੇ ਪਾਕਿ ਵੱਲੋਂ ਕੀਤੀ ਜਾ ਰਹੀ ਜੰਗਬੰਦੀ ਦੀ ਉਲੰਘਣਾ ਦੌਰਾਨ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਕੱਲ੍ਹ ਕਿਹਾ ਕਿ ਕਸ਼ਮੀਰ ਵਾਦੀ ਵਿੱਚ ਹੋ ਰਹੀ ਹਿੰਸਾ ਅਤੇ ਖੂਨ ਖਰਾਬੇ ਨੂੰ ਰੋਕਣ ਲਈ ਪਾਕਿਸਤਾਨ ਨਾਲ ਗੱਲਬਾਤ ਕਰਨਾ ਜ਼ਰੂਰੀ ਹੈ।
ਮਹਿਬੂਬਾ ਨੇ ਟਵੀਟ ਕਰਕੇ ਕਿਹਾ ਕਿ ਇਸ ਖੂਨ ਖਰਾਬੇ ਨੂੰ ਰੋਕਣਾ ਚਾਹੁੰਦੇ ਹੋ ਤਾਂ ਪਾਕਿਸਤਾਨ ਨਾਲ ਗੱਲਬਾਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਪਤਾ ਹੈ ਕਿ ਇਸ ਬਿਆਨ ਲਈ ਮੈਨੂੰ ਦੇਸ਼ ਵਿਰੋਧੀ ਹੋਣ ਦਾ ਤਗਮਾ ਦੇ ਦਿੱਤਾ ਜਾਵੇਗਾ, ਪਰ ਮੈਨੂੰ ਇਸ ਨਾਲ ਫਰਕ ਨਹੀਂ ਪੈਂਦਾ। ਜੰਮੂ ਕਸ਼ਮੀਰ ਦੇ ਲੋਕ ਪੀੜਤ ਹਨ। ਸਾਨੂੰ ਗੱਲਬਾਤ ਕਰਨੀ ਪਵੇਗੀ, ਕਿਉਂਕਿ ਯੁੱਧ ਕੋਈ ਹੱਲ ਨਹੀਂ। ਮੁੱਖ ਮੰਤਰੀ ਨੇ ਵਿਧਾਨ ਸਭਾ ‘ਚ ਵੀ ਕਿਹਾ ਕਿ ਅਸੀਂ ਪਾਕਿਸਤਾਨ ਦੇ ਖਿਲਾਫ ਹਰ ਜੰਗ ਜਿੱਤੀ ਹੈ, ਪਰ ਇਸ ਸਮੇਂ ਸਾਡੇ ਜਵਾਨ ਅਤੇ ਆਮ ਨਾਗਰਿਕ ਮਾਰੇ ਜਾ ਰਹੇ ਹਨ। ਅਜਿਹੇ ‘ਚ ਵਾਦੀ ਵਿੱਚ ਸ਼ਾਂਤੀ ਕਾਇਮ ਕਰਨ ਲਈ ਪਾਕਿਸਤਾਨ ਨਾਲ ਗੱਲਬਾਤ ਦੇ ਇਲਾਵਾ ਹੋਰ ਕੋਈ ਹੱਲ ਨਹੀਂ ਹੈ। ਮਹਿਬੂਬਾ ਦੀ ਇਸ ਸਲਾਹ ਨੂੰ ਕੇਂਦਰ ਨੇ ਸਿਰੇ ਤੋਂ ਰੱਦ ਕਰਦਿਆਂ ਕਿਹਾ ਕਿ ਅੱਤਵਾਦ ਤੇ ਗੱਲਬਾਤ ਇਕੱਠੇ ਨਹੀਂ ਚੱਲ ਸਕਦੇ। ਉਧਰ ਵਾਦੀ ‘ਚ ਸੁਰੱਖਿਆ ਵਿਵਸਥਾ ਨੂੰ ਲੈ ਕੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਰੱਖਿਆ ਵਿਭਾਗ ਦੇ ਉਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ।