ਮਹਾਰਾਸ਼ਟਰ ਵਿੱਚ ਦਲਿਤਾਂ ਦੇ ‘ਬੰਦ’ ਦੌਰਾਨ ਵੱਡੇ ਪੱਧਰ ਉੱਤੇ ਹਿੰਸਾ; 150 ਗ੍ਰਿਫ਼ਤਾਰ


* ‘ਬੰਦ’ ਦੀ ਗੂੰਜ ਪਾਰਲੀਮੈਂਟ ਵਿੱਚ ਵੀ ਪਈ
ਮੁੰਬਈ, 3 ਜਨਵਰੀ, (ਪੋਸਟ ਬਿਊਰੋ)- ਅੰਗਰੇਜ਼ਾਂ ਅਤੇ ਪੇਸ਼ਵਾ ਰਾਜਿਆਂ ਵਿਚਾਲੇ 1818 ਦਾ ਸਾਲ ਚੜ੍ਹਦੇ ਸਾਰੇ ਹੋਈ ‘ਭੀਮ ਕੋਰੇਗਾਓਂ ਜੰਗ’ ਦੀ 200ਵੀਂ ਵਰ੍ਹੇਗੰਢ ਮਨਾਉਣ ਮੌਕੇ ਹੋਈ ਹਿੰਸਾ ਦੇ ਵਿਰੋਧ ਵਿੱਚ ਅੱਜ ‘ਮਹਾਰਾਸ਼ਟਰ ਬੰਦ’ ਦੇ ਸੱਦੇ ਦੌਰਾਨ ਇਹ ਅੰਦੋਲਨ ਹੋਰ ਵੀ ਹਿੰਸਕ ਹੋ ਗਿਆ ਅਤੇ ਰੇਲ, ਬੱਸ ਅਤੇ ਸੜਕ ਆਵਾਜਾਈ ਵਿੱਚ ਕਈ ਥਾਂ ਰੁਕਾਵਟ ਪਈ। ਮੁੰਬਈ ਸ਼ਹਿਰ ਅਤੇ ਮਹਾਰਾਸ਼ਟਰ ਦੇ ਕਈ ਹਿੱਸਿਆਂ ਵਿੱਚ ਜਨ ਜੀਵਨ ਠੱਪ ਹੋ ਗਿਆ। ਬੰਦ ਦੇ ਸੱਦੇ ਕਾਰਨ ਅੱਜ ਮੁੰਬਈ ਡੱਬਾਵਾਲਾ ਐਸੋਸੀਏਸ਼ਨ ਆਪਣੇ ਗਾਹਕਾਂ ਨੂੰ ਖਾਣਾ ਵੀ ਨਹੀਂ ਪੁਚਾ ਸਕੀ। ਰਾਜ ਸਰਕਾਰ ਨੇ ਸਕੂਲਾਂ ਵਿੱਚ ਛੁੱਟੀ ਤਾਂ ਨਹੀਂ ਐਲਾਨੀ ਸੀ, ਪਰ ਬੰਦ ਕਾਰਨ ਬੱਸ ਅਪਰੇਟਰਾਂ ਨੇ ਆਪਣੀਆਂ ਬੱਸਾਂ ਨਹੀਂ ਚਲਾਈਆਂ।
ਭਰੀਪਾ ਬਹੁਜਨ ਮਹਾਸੰਘ ਦੇ ਆਗੂ ਅਤੇ ਡਾਕਟਰ ਬੀ ਆਰ ਅੰਬੇਦਕਰ ਦੇ ਪੋਤੇ ਪ੍ਰਕਾਸ਼ ਅੰਬੇਦਕਰ ਨੇ ਪੁਣੇ ਜ਼ਿਲ੍ਹੇ ਦੇ ਪਿੰਡ ਭੀਮ ਕੋਰੇਗਾਓਂ ਵਿੱਚ ਦੋ ਦਿਨ ਪਹਿਲਾਂ ਹੋਈ ਹਿੰਸਾ ਨੂੰ ਰੋਕਣ ਵਿੱਚ ਰਾਜ ਸਰਕਾਰ ਦੇ ਨਾਕਾਮ ਰਹਿਣ ਦੇ ਵਿਰੁੱਧ ਅੱਜ ਮਹਾਰਾਸ਼ਟਰ ਬੰਦ ਦਾ ਸੱਦਾ ਦਿੱਤਾ ਸੀ। ਅੰਦੋਲਨ ਕਰਦੇ ਲੋਕਾਂ ਦੇ ਬੱਸਾਂ ਉੱਤੇ ਹਮਲੇ, ਅਰਧ ਸ਼ਹਿਰੀ ਲੋਕਲ ਸੇਵਾਵਾਂ ਰੋਕਣ ਅਤੇ ਵੱਖ ਵੱਖ ਥਾਵਾਂ ਉੱਤੇ ਸੜਕਾਂ ਜਾਮ ਕਰਨ ਪਿੱਛੋਂ ਮੁੰਬਈ ਦਾ ਮਾਹੌਲ ਵੀ ਖਰਾਬ ਹੋ ਗਿਆ। ਹਵਾਈ ਉਡਾਣਾਂ ਉੱਤੇ ਵੀ ਇਸ ਦਾ ਅਸਰ ਪਿਆ ਅਤੇ 12 ਉਡਾਣਾਂ ਰੱਦ ਹੋਣ ਤੋਂ ਇਲਾਵਾ 235 ਦੇਰੀ ਨਾਲ ਰਵਾਨਾ ਹੋਈਆਂ।
ਪੁਲੀਸ ਦੀ ਸੂਚਨਾ ਹੈ ਕਿ ਅੰਦੋਲਨ ਕਰਦੇ ਲੋਕਾਂ ਨੇ ਚੇਂਬੂਰ, ਘਾਟਕੋਪਰ, ਕਾਮਰਾਜ ਨਗਰ, ਵਿਖਰੋਲੀ, ਦਿਨਦੋਸ਼ੀ, ਕਾਂਡੀਵਲੀ, ਜੋਗੇਸ਼ਵਰੀ, ਕਲਾਨਗਰ ਅਤੇ ਮਾਹਿਮ ਤੋਂ ਪ੍ਰਦਰਸ਼ਨ ਸ਼ੁਰੂ ਕੀਤੇ। ਸੈਂਕੜੇ ਲੋਕਾਂ ਨੇ ਸਵੇਰੇ ਪੱਛਮੀ ਐਕਸਪ੍ਰੈੱਸ ਹਾਈਵੇਅ ਠੱਪ ਕਰ ਦਿੱਤਾ, ਪਰ ਪੁਲੀਸ ਨੇ ਉਨ੍ਹਾਂ ਨੂੰ ਭਜਾ ਦਿੱਤਾ। ਪੂਰਬੀ ਐਕਸਪ੍ਰੈੱਸ ਹਾਈਵੇਅ ਪੰਜ ਘੰਟੇ ਜਾਮ ਰਿਹਾ। ਪ੍ਰਦਰਸ਼ਨ ਕਰਦੇ ਲੋਕਾਂ ਨੇ ਸਥਾਨਕ ਬੱਸ ਸੇਵਾ ‘ਬੈੱਸਟ’ ਦੀਆਂ 50 ਬੱਸਾਂ ਦਾ ਨੁਕਸਾਨ ਕੀਤਾ ਤੇ ਚਾਰ ਡਰਾਈਵਰ ਇਸ ਦੌਰਾਨ ਜ਼ਖ਼ਮੀ ਹੋ ਗਏ। ਨਵੀ ਮੁੰਬਈ, ਥਾਣੇ, ਔਰੰਗਾਬਾਦ, ਪੁਣੇ, ਨਾਂਦੇੜ, ਪਾਰਬਣੀ, ਵਾਸ਼ਿਮ, ਅਕੋਲਾ, ਸਿੰਧੂਦੁਰਗ, ਰਾਇਗੜ੍ਹ, ਕੋਲ੍ਹਾਪੁਰ ਤੋਂ ਵੀ ਸੜਕ ਜਾਮ, ਪੱਥਰਾਓ ਤੇ ਜਾਇਦਾਦ ਦੇ ਨੁਕਸਾਨ ਦੀਆਂ ਰਿਪੋਰਟਾਂ ਹਨ। ਮੁੰਬਈ ਪੁਲੀਸ ਨੇ ਹੁਣ ਤਕ 150 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਇਸ ਦੌਰਾਨ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਪੁਣੇ ਦੀ ਹਿੰਸਾ ਦੇ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਬੰਬੇ ਹਾਈ ਕੋਰਟ ਤੋਂ ਮੌਜੂਦਾ ਜੱਜ ਤੋਂ ਭੀਮ ਕੋਰੇਗਾਓਂ ਵਿੱਚ ਹੋਈ ਹਿੰਸਾ ਦੀ ਜਾਂਚ ਕਰਵਾਉਣ ਦੀ ਮੰਗ ਕਰੇਗੀ। ਦੂਸਰੇ ਪਾਸੇ ਅੱਜ ਇਹ ਬੰਦ ਵਾਪਸ ਲੈਣ ਦੇ ਵਕਤ ਪ੍ਰਕਾਸ਼ ਅੰਬਦੇਕਰ ਨੇ ਦੋਸ਼ ਲਾਇਆ ਕਿ ਪੁਣੇ ਜ਼ਿਲ੍ਹੇ ਦੇ ਭੀਮ ਕੋਰੇਗਾਓਂ ਵਿੱਚ ਹੋਈ ਹਿੰਸਾ ਪਿੱਛੇ ਹਿੰਦੂ ਜਥੇਬੰਦੀਆਂ ਦੇ ਆਗੂਆਂ ਸੰਭਾਜੀ ਭਿੜੇ ਅਤੇ ਮਿਲਿੰਦ ਏਕਬੋਤੇ ਦਾ ਹੱਥ ਹੈ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਮੁੰਬਈ ਧਮਾਕਿਆਂ ਦੇ ਦੋਸ਼ੀ ਯਾਕੂਬ ਮੈਮਨ ਵਾਂਗ ਕੇਸ ਚਲਾਇਆ ਜਾਵੇ। ਅੰਬੇਡਕਰ ਨੇ ਦਾਅਵਾ ਕੀਤਾ ਕਿ ਬੰਦ ਵਿੱਚ ਸੂਬੇ ਦੀ 50 ਫ਼ੀਸਦੀ ਆਬਾਦੀ ਨੇ ਹਿੱਸਾ ਲਿਆ ਅਤੇ ਦਲਿਤਾਂ ਦੇ ਨਾਲ ਹੋਰ ਪਛੜੀਆਂ ਜਾਤੀਆਂ ਨੇ ਵੀ ਰੋਸ ਜ਼ਾਹਰ ਕੀਤਾ ਹੈ।
ਦੂਸਰੇ ਪਾਸੇ ਅੱਜ ਪਾਰਲੀਮੈਂਟ ਵਿੱਚ ਵੀ ਮਹਾਰਾਸ਼ਟਰ ਦੀ ਜਾਤ ਆਧਾਰਿਤ ਹਿੰਸਾ ਦਾ ਮਾਮਲਾ ਗੂੰਜਿਆ। ਵਿਰੋਧੀ ਧਿਰਾਂ ਨੇ ਇਸ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੁੱਪ ਦੀ ਨਿਖੇਧੀ ਕੀਤੀ। ਕਾਂਗਰਸ ਵੱਲੋਂ ਲਾਏ ਦੋਸ਼ਾਂ ਦਾ ਆਰ ਐਸ ਐਸ ਨੇ ਪਾਰਲੀਮੈਂਟ ਤੋਂ ਬਾਹਰ ਖੰਡਨ ਕੀਤਾ ਹੈ। ਵਰਨਣ ਯੋਗ ਹੈ ਕਿ ਲੋਕ ਸਭਾ ਵਿੱਚ ਕਾਂਗਰਸ ਪਾਰਟੀ ਦੇ ਆਗੂ ਮਲਿਕਅਰਜੁਨ ਖੜਗੇ ਨੇ ਦੋਸ਼ ਲਾਇਆ ਹੈ ਕਿ ਆਰ ਐਸ ਐਸ ਅਤੇ ਕੁਝ ਕੱਟੜ ਹਿੰਦੂਤਵ ਜਥੇਬੰਦੀਆਂ ਦਾ ਇਸ ਹਿੰਸਾ ਪਿੱਛੇ ਹੱਥ ਹੈ। ਉਨ੍ਹਾਂ ਮੰਗ ਕੀਤੀ ਕਿ ਸੁਪਰੀਮ ਕੋਰਟ ਦੇ ਜੱਜ ਤੋਂ ਇਸ ਦੀ ਜਾਂਚ ਕਰਵਾਈ ਜਾਵੇ। ਭਾਜਪਾ ਮੈਂਬਰਾਂ ਨੇ ਜਦੋਂ ਉਨ੍ਹਾਂ ਦੇ ਬਿਆਨ ਦਾ ਵਿਰੋਧ ਕੀਤਾ ਤਾਂ ਭੜਕੇ ਹੋਏ ਖੜਗੇ ਨੇ ਕੁਝ ਕਾਗਜ਼ ਪਾੜ ਦਿੱਤੇ। ਉਨ੍ਹਾਂ ਕਿਹਾ ਕਿ ਦਲਿਤਾਂ ਦੇ ਮੁੱਦੇ ਉੱਤੇ ‘ਮੌਨੀ ਬਾਬਾ’ (ਪ੍ਰਧਾਨ ਮੰਤਰੀ) ਚੁੱਪ ਕਿਉਂ ਹਨ? ਪਾਰਲੀਮੈਂਟਰੀ ਮਾਮਲਿਆਂ ਬਾਰੇ ਮੰਤਰੀ ਅਨੰਤ ਕੁਮਾਰ ਨੇ ਕਿਹਾ ਕਿ ਕਾਂਗਰਸ ਇਸ ਮੁੱਦੇ ਉੱਤੇ ਸਿਆਸਤ ਖੇਡ ਰਹੀ ਹੈ। ਇਸ ਉੱਤੇ ਕਾਂਗਰਸ ਮੈਂਬਰ ਸਦਨ ਦੇ ਵਿਚਕਾਰ ਆ ਗਏ ਅਤੇ ‘ਬਾਬਾ ਸਾਹਿਬ ਅੰਬੇਡਕਰ ਦਾ ਅਪਮਾਨ ਨਾ ਕਰੋ, ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਨਾ ਕਰੋ ਅਤੇ ਪ੍ਰਧਾਨ ਮੰਤਰੀ ਬੋਲੋ’ ਆਦਿ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ, ਜਿਸ ਨਾਲ ਕਾਰਵਾਈ ਵਿੱਚ ਵਿਘਨ ਪਿਆ।
ਰਾਜ ਸਭਾ ਵਿੱਚ ਵੀ ਕਾਂਗਰਸ ਅਤੇ ਬਹੁਜਨ ਸਮਾਜ ਪਾਰਟੀ ਸਮੇਤ ਕਈ ਧਿਰਾਂ ਨੇ ਹਿੰਸਾ ਉੱਤੇ ਬਹਿਸ ਦੀ ਮੰਗ ਕਰ ਕੇ ਹੰਗਾਮਾ ਹੋਇਆ। ਬਸਪਾ ਮੈਂਬਰ ਸਤੀਸ਼ ਚੰਦਰ ਮਿਸ਼ਰਾ ਨੇ ਕਿਹਾ ਕਿ ਮਹਾਰਾਸ਼ਟਰ ਵਿੱਚ ਸ਼ਾਂਤ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ। ਉਨ੍ਹਾ ਦੋਸ਼ ਲਾਇਆ ਕਿ ਰਾਜ ਸਰਕਾਰ ਨੇ ਇਸ ਦੀ ਸਾਜ਼ਿਸ਼ ਘੜੀ ਹੈ। ਕਾਂਗਰਸ ਵੱਲੋਂ ਮਹਾਰਾਸ਼ਟਰ ਵਿੱਚ ਹਿੰਸਾ ਲਈ ਆਰ ਐਸ ਐਸ ਨੂੰ ਦੋਸ਼ੀ ਆਖੇ ਜਾਣ ਉੱਤੇ ਆਰ ਐਸ ਐਸ ਦੇ ਬੁਲਾਰੇ ਮਨਮੋਹਨ ਵੈਦਿਆ ਨੇ ਕਿਹਾ ਕਿ ‘ਭਾਰਤ ਤੋੜੋ ਬ੍ਰਿਗੇਡ’ ਨੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਵਿੱਚ ਭਾਰਤ ਦੇ ਟੋਟੇ ਕਰਨ ਦੇ ਨਾਅਰੇ ਲਾਏ ਸਨ ਤੇ ਹੁਣ ਉਹ ਅਜਿਹੀਆਂ ਵਾਰਦਾਤਾਂ ਨਾਲ ਦੇਸ਼ ਨੂੰ ਧਰਮ ਅਤੇ ਜਾਤ ਦੇ ਆਧਾਰ ਉੱਤੇ ਵੰਡਣਾ ਚਾਹੁੰਦੇ ਹਨ।