ਮਹਾਰਾਣੀ ਐਲਜ਼ਾਬੈਥ ਦੇ ਜਨਮ ਦਿਨ ਮੌਕੇ ਸ਼ਾਹੀ ਸਨਮਾਨਾਂ ਦੀ ਸੂਚੀ ਵਿੱਚ 11 ਸਿੱਖ ਵੀ ਸ਼ਾਮਲ

queenਲੰਡਨ, 19 ਜੂਨ (ਪੋਸਟ ਬਿਊਰੋ)- ਬ੍ਰਿਟੇਨ ਦੀ ਮਹਾਰਾਣੀ ਦੇ 91ਵੇਂ ਜਨਮ ਦਿਨ ਮੌਕੇ ਸ਼ਾਹੀ ਸਨਮਾਨਾਂ ਦੀ ਸੂਚੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਵੱਖ-ਵੱਖ ਖੇਤਰਾਂ ਵਿੱਚ ਯੋਗਦਾਨ ਲਈ ਲੋਕਾਂ ਨੂੰ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਸੂਚੀ ਵਿੱਚ 11 ਸਿੱਖਾਂ ਸਮੇਤ ਕਈ ਭਾਰਤੀ ਮੂਲ ਦੇ ਹੋਰ ਲੋਕ ਵੀ ਹਨ।
ਜਬਰੀ ਵਿਆਹਾਂ ਦੀ ਰੋਕਥਾਮ ਅਤੇ ਔਰਤਾਂ ਖਿਲਾਫ ਜ਼ੁਲਮਾਂ ਨੂੰ ਰੋਕਣ ਲਈ ਕੀਤੇ ਗਏ ਯਤਨਾਂ ਬਦਲੇ ਪ੍ਰੋ. ਆਇਸ਼ਾ ਕੁਲਵੰਤ ਗਿੱਲ ਨੂੰ ਸੀ ਬੀ ਈ ਦਾ ਖਿਤਾਬ ਦਿੱਤਾ ਗਿਆ ਹੈ। ਸੀਤਲ ਸਿੰਘ ਢਿੱਲੋਂ ਨੂੰ ਉਚੇਰੀ ਵਿੱਦਿਆ ਲਈ ਪਾਏ ਯੋਗਦਾਨ ਬਦਲੇ ਓ ਬੀ ਈ ਦਾ ਸਨਮਾਨ ਦਿੱਤਾ ਗਿਆ ਹੈ। ਡਾ. ਕਮਲਜੀਤ ਕੌਰ ਹੋਠੀ ਨੂੰ ਬੈਂਕਿੰਗ ਸੈਕਟਰ ਨੂੰ ਦਿੱਤੀਆਂ ਸੇਵਾਵਾਂ ਬਦਲੇ ਓ ਬੀ ਈ ਸਨਮਾਨ ਅਤੇ ਹੀਥਲੈਂਡ ਸਕੂਲ ਲੰਡਨ ਦੇ ਮੁੱਖ ਅਧਿਆਪਕ ਹਰਿੰਦਰ ਸਿੰਘ ਪੱਤੜ ਨੂੰ ਸਿੱਖਿਆ ਖੇਤਰ ਵਿੱਚ ਪਾਏ ਯੋਗਦਾਨ ਲਈ ਓ ਬੀ ਈ ਦਾ ਸਨਮਾਨ ਦਿੱਤਾ ਜਾ ਰਿਹਾ ਹੈ। ਸੰਦੀਪ ਸਿੰਘ ਵਿਰਦੀ ਨੂੰ ਭਾਰਤੀ ਸੰਗੀਤ ਅਤੇ ਸੱਭਿਆਚਾਰ ਦੀ ਪ੍ਰਫੁੱਲਤਾ ਲਈ ਪਾਏ ਯੋਗਦਾਨ ਬਦਲੇ ਓ ਬੀ ਈ ਦਾ ਸਨਮਾਨ ਦਿੱਤਾ ਗਿਆ ਹੈ। ਗ੍ਰਹਿ ਵਿਭਾਗ ਵਿੱਚ ਕੰਮ ਕਰਨ ਵਾਲੀ ਮਿਸ ਪਾਮਾਲਜੀਤ ਹੇਅਰ ਨੂੰ ਲੋਕ ਸੇਵਾ ਲਈ ਐਮ ਬੀ ਈ, ਸੁਰਿੰਦਰ ਸਿੰਘ ਜੰਡੂ ਨੂੰ ਭਾਈਚਾਰਕ ਸਾਂਝ ਲਈ ਐਮ ਬੀ ਈ, ਡਾ. ਸਰਬਜੀਤ ਕੌਰ ਨੂੰ ਦੰਦਾਂ ਦੇ ਰੋਗਾਂ ਬਾਰੇ ਕੰਮਾਂ ਬਦਲੇ ਐਮ ਬੀ ਈ, ਪ੍ਰਿਤਪਾਲ ਸਿੰਘ ਨਾਗੀ ਨੂੰ ਸਟੈਫੋਰਡਸ਼ਾਇਰ ਵਿੱਚ ਕਾਰੋਬਾਰ ਅਤੇ ਸਮਾਜ ਸੇਵਾ ਬਦਲੇ ਐਮ ਬੀ ਈ, ਮਹਿੰਦਰ ਸਿੰਘ ਸੰਘਾ ਨੂੰ ਭਾਈਚਾਰੇ ਲਈ ਕੀਤੇ ਕੰਮਾਂ ਬਦਲੇ ਬੀ ਈ ਐਮ ਦਾ ਖਿਤਾਬ ਦਿੱਤਾ ਗਿਆ ਹੈ। ਡਾ. ਜਸਵਿੰਦਰ ਸਿੰਘ ਜੋਸਨ ਯੂ ਕੇ ਅੰਤਰਰਾਸ਼ਟਰੀ ਸੱਭਿਆਚਾਰਕ ਸਬੰਧਾਂ ਲਈ ਪਾਏ ਯੋਗਦਾਨ ਬਦਲੇ ਕੁਈਨ ਐਵਾਰਡ ਦਿੱਤਾ ਗਿਆ ਹੈ।