ਮਸੂਦ ਅਜ਼ਹਰ ਨੂੰ ਅੱਤਵਾਦੀ ਐਲਾਨਣ ਅੱਗੇ ਚੀਨ ਨੇ ਫਿਰ ਲੱਤ ਗੱਡੀ


ਬੀਜਿੰਗ, 2 ਨਵੰਬਰ, (ਪੋਸਟ ਬਿਊਰੋ)- ਆਪਣੇ ਦੋਸਤ ਦੇਸ਼ ਪਾਕਿਸਤਾਨ ਦੀ ਮਦਦ ਲਈ ਚੀਨ ਨੇ ਜੈਸ਼-ਇ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੂੰ ਸੰਸਾਰ ਪੱਧਰ ਦਾ ਅੱਤਵਾਦੀ ਐਲਾਨਣ ਲਈ ਅਮਰੀਕਾ, ਫਰਾਂਸ ਅਤੇ ਬ੍ਰਿਟੇਨ ਵਲੋਂ ਲਿਆਂਦੇ ਮਤੇ ਨੂੰ ਯੂ ਐੱਨ ਸਕਿਓਰਟੀ ਕੌਂਸਲ ਦੀ ‘1267 ਕਮੇਟੀ’ ਵਿੱਚ ਇਕ ਵਾਰ ਫਿਰ ਵੀਟੋ ਕਰ ਦਿੱਤੀ ਹੈ।
ਚੀਨ ਸਰਕਾਰ ਦਾ ਕਹਿਣਾ ਹੈ ਕਿ ਉਸ ਨੇ ਇਸ ਮਤੇ ਦਾ ਇਸ ਲਈ ਵਿਰੋਧ ਕੀਤਾ ਹੈ ਕਿ ਇਸ ਬਾਰੇ ਕਮੇਟੀ ਵਿੱਚ ਆਮ ਸਹਿਮਤੀ ਨਹੀਂ ਅਤੇ ਇਸ ਮੁੱਦੇ ਉੱਤੇ ਉਸ ਦੇ ਪੁਰਾਣੇ ਸਟੈਂਡ ਵਿੱਚ ਕੋਈ ਬਦਲਾਓ ਨਹੀਂ ਹੋਇਆ। ਇਸ ਤੋਂ ਪਹਿਲਾਂ ਚੀਨੀ ਵਿਦੇਸ਼ ਮੰਤਰਾਲੇ ਦੀ ਬੁਲਾਰਾ ਹੂਆ ਚੁਨਯਿੰਗ ਨੇ ਕਿਹਾ ਸੀ ਕਿ ਅਸੀਂ ਇਸ ਕੇਸ ਨੂੰ ਤਕਨੀਕੀ ਤੌਰ ਉੱਤੇ ਇਸ ਲਈ ਉਠਾਇਆ ਹੈ ਤਾਂ ਜੋ ਕਮੇਟੀ ਅਤੇ ਇਸ ਦੇ ਮੈਂਬਰ ਇਸ ਬਾਰੇ ਹੋਰ ਵਿਚਾਰ-ਵਟਾਂਦਰਾ ਕਰ ਸਕਣ, ਕਿਉਂਕਿ ਇਸ ਬਾਰੇ ਅਜੇ ਵੀ ਆਮ ਸਹਿਮਤੀ ਨਹੀਂ ਬਣੀ।
ਯੂ ਐੱਨ ਸਕਿਓਰਟੀ ਕੌਂਸਲ ਵੱਲੋਂ ਮਸੂਦ ਅਜ਼ਹਰ ਨੂੰ ਸੰਸਾਰ ਪੱਧਰ ਦਾ ਅੱਤਵਾਦੀ ਐਲਾਨਣ ਵਿੱਚ ਚੀਨ ਦੇ ਮੁੜ ਅੜਿੱਕਾ ਪਾਉਣ ਉੱਤੇ ਟਿੱਪਣੀ ਕਰਦਿਆਂ ਭਾਰਤ ਨੇ ਕਿਹਾ ਹੈ ਕਿ ਇਕ ਵਾਰ ਫਿਰ ਨਿਰਾਸ਼ਾ ਹੋਈ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਸਖ਼ਤ ਲਹਿਜੇ ਵਿੱਚ ਕਿਹਾ ਕਿ ਅਸੀਂ ਇਕ ਵਾਰ ਫਿਰ ਨਿਰਾਸ਼ ਹੋਏ ਹਾਂ, ਕਿਉਂਕਿ ਇਸ ਇਕੱਲੇ ਦੇਸ਼ ਨੇ ਅੱਤਵਾਦ ਖ਼ਿਲਾਫ਼ ਸੰਸਾਰ ਪੱਧਰ ਦੀ ਆਮ ਸਹਿਮਤੀ ਵਿੱਚ ਫਿਰ ਅੜਿੱਕਾ ਪਾਇਆ ਹੈ। ਭਾਰਤ ਨੇ ਚੀਨ ਦੇ ਦੋਹਰੇ ਰਵੱਈਏ ਤੇ ਚੋਣਵੀਂ ਪਹਿਲ ਨੂੰ ਸੰਸਾਰ ਪੱਧਰ ਉੱਤੇ ਅੱਤਵਾਦ ਵਿਰੁੱਧ ਜਾਰੀ ਲੜਾਈ ਨੂੰ ਕਮਜ਼ੋਰ ਕਰਨ ਦੀ ਕਾਰਵਾਈ ਕਰਾਰ ਦਿੰਦਿਆਂ ਕਿਹਾ ਹੈ ਕਿ ਅੱਤਵਾਦ ਨਾਲ ਸਮਝੌਤਾ ਕਰਨਾ ਦੂਰ ਦ੍ਰਿਸ਼ਟੀ ਨਹੀਂ ਕਹੀ ਜਾ ਸਕਦੀ, ਇਸ ਦੇ ਸਾਰਿਆਂ ਲਈ ਗਲਤ ਨਤੀਜੇ ਨਿਕਲਣਗੇ।