ਮਲੋਟ ਆਏ ਮੋਦੀ ਨੇ ਅਗਲੀਆਂ ਚੋਣਾਂ ਵੱਲ ਧਿਆਨ ਕਰ ਕੇ ਪੰਜਾਬ ਵਿੱਚ ਕਿਸਾਨੀ ਪੱਤਾ ਖੇਡਿਆ


ਮਲੋਟ, 11 ਜੁਲਾਈ, (ਪੋਸਟ ਬਿਊਰੋ)- ਅਗਲੀਆਂ ਪਾਰਲੀਮੈਂਟ ਚੋਣਾਂ ਦੀ ਅਗੇਤੀ ਮੁਹਿੰਮ ਦੇ ਅਧੀਨ ਅੱਜ ਪੰਜਾਬ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁਕਤਸਰ ਸਾਹਿਬ ਜਿ਼ਲੇ ਦੇ ਮਲੋਟ ਕਸਬੇ ਵਿੱਚ ‘ਕਿਸਾਨੀ ਪੱਤਾ’ ਖੇਡਦੇ ਹੋਏ ਕਿਸਾਨੀ ਮੁੱਦਿਆਂ ਉੱਤੇ ਜ਼ੋਰ ਦਿੱਤਾ ਅਤੇ ਕਾਂਗਰਸ ਪਾਰਟੀ ਨੂੰ ਨਿਸ਼ਾਨੇ ਉੱਤੇ ਰੱਖਿਆ। ਉਨ੍ਹਾਂ ਨੇ ਫਸਲਾਂ ਦੇ ਸਰਕਾਰੀ ਭਾਅ ਵਿੱਚ ਵਾਧਾ ਕਰਨ ਦਾ ਸਿਹਰਾ ਲੈਣ ਦੀ ਕੋਸ਼ਿਸ਼ ਕੀਤੀ। ਨਰਿੰਦਰ ਮੋਦੀ ਨੇ ‘ਕਿਸਾਨ ਤੇ ਜਵਾਨ’ ਦੀ ਗੱਲ ਤਾਂ ਕੀਤੀ, ਪਰ ਇਸ ਖੇਤਰ ਦੀਆਂ ਸਮੱਸਿਆਵਾਂ ਦਾ ਮੁਕੰਮਲ ਹੱਲ ਦੱਸੀ ਜਾਂਦੀ ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕਰਨ, ਕਿਸਾਨੀ ਕਰਜ਼ੇ ਮਾਫ ਅਤੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਰੋਕਣ ਲਈ ਕੁਝ ਕਰਨ ਦੇ ਮਾਮਲੇ ਉੱਤੇ ਚੁੱਪ ਨਹੀਂ ਤੋੜੀ।
ਇਸ ਸ਼ਹਿਰ ਦੀ ਦਾਣਾ ਮੰਡੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨਾਂ-ਮਜ਼ਦੂਰਾਂ ਦੀ ਆਮਦ ਨਾਲ ਅਕਾਲੀ ਦਲ ਦੇ ਆਗੂਆਂ ਨੂੰ ਕੁਝ ਹੌਸਲਾ ਹੋਇਆ, ਪਰ ਆਮ ਪ੍ਰਭਾਵ ਇਹੀ ਸੀ ਕਿ ਇਕੱਠ ਆਸ ਮੁਤਾਬਕ ਨਹੀਂ ਹੋਇਆ। ਨਰਿੰਦਰ ਮੋਦੀ ਦਾ ਪੰਜਾਬ ਦਾ ਇਹ ਅੱਠਵਾਂ ਗੇੜਾ ਸੀ। ਉਹ ਠੀਕ 1.35 ਵਜੇ ਮੁੱਖ ਸਟੇਜ ਉੱਤੇ ਪੁੱਜ ਗਏ। ਅਕਾਲੀ ਆਗੂਆਂ ਨੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ। ‘ਕਿਸਾਨ ਕਲਿਆਣ ਰੈਲੀ’ ਦੇ ਨਾਅਰੇ ਹੇਠ ਕੀਤੇ ਇਸ ਪ੍ਰੋਗਰਾਮ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨੇ ਪੰਜਾਬ ਵਿੱਚ ਨਸ਼ਿਆਂ ਦੇ ਖ਼ਿਲਾਫ਼ ਚੱਲਦੇ ਸੰਘਰਸ਼ ਦੇ ਮਾਮਲੇ ਵਿੱਚ ਇੱਕ ਲਫ਼ਜ਼ ਤੱਕ ਨਹੀਂ ਬੋਲਿਆ ਤੇ ਉਨ੍ਹਾਂ ਪੰਜਾਬ ਲਈ ਕੋਈ ਵਿਸ਼ੇਸ਼ ਐਲਾਨ ਵੀ ਨਹੀਂ ਕੀਤਾ, ਜਿਸ ਤੋਂ ਅਕਾਲੀ ਨਿਰਾਸ਼ ਹੋਏ ਜਾਪਦੇ ਰਹੇ।
ਪ੍ਰੋਗਰਾਮ ਦੇ ਸ਼ੁਰੂ ਵਿੱਚ ਸਟੇਜ ਤੋਂ ਨਰਿੰਦਰ ਮੋਦੀ ਨੂੰ ਦਸਤਾਰ ਪਹਿਨਾਈ ਗਈ, ਪ੍ਰੰਤੂ ਉਨ੍ਹਾਂ ਨੇ ਦਸਤਾਰ ਉਸੇ ਪਲ ਹੀ ਲਾਹ ਦਿੱਤੀ। ਉਨ੍ਹਾਂ ਨੂੰ ਕ੍ਰਿਪਾਨ ਵੀ ਭੇਟ ਕੀਤੀ ਗਈ। ਤਿੰਨ ਰਾਜਾਂ ਦੇ ਕਿਸਾਨ ਇਕੱਠ ਮੌਕੇ ਰਾਜਸਥਾਨ ਦੀ ਮੁੱਖ ਮੰਤਰੀ ਆਈ ਹੀ ਨਹੀਂ ਅਤੇ ਉਸ ਦੇ ਰਾਜ ਦੀ ਕਿਸਾਨ ਹਾਜ਼ਰੀ ਵੀ ਫਿੱਕੀ ਰਹੀ। ਸਿਰਫ ਅਕਾਲੀ ਦਲ ਨੇ ਇਸ ਰੈਲੀ ਦੇ ਪ੍ਰਬੰਧ ਕੀਤੇ, ਰਾਜਸਥਾਨ ਦੇ ਕਿਸਾਨਾਂ ਨੇ ਇਸ ਰੈਲੀ ਵਿਚ ਕੋਈ ਦਿਲਚਸਪੀ ਨਹੀਂ ਦਿਖਾਈ।
ਆਪਣੇ ਪੌਣਾ ਘੰਟਾ ਲੰਮੇ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਸਾਲ 2022 ਤੱਕ ਆਮਦਨ ਦੁੱਗਣੀ ਕਰਨ ਦੀ ਰਣਨੀਤੀ ਬਣਾਈ ਹੈ। ਉਨ੍ਹਾਂ ਕਿਹਾ ਕਿ ਜਿਣਸਾਂ ਦੇ ਸਰਕਾਰੀ ਭਾਅ ਦਾ ਵਾਧਾ ਹੋਣ ਨਾਲ ਕਿਸਾਨਾਂ ਦੀ ਚਿੰਤਾ ਦੂਰ ਹੋਈ ਤੇ ਕਾਂਗਰਸ ਦੀ ਨੀਂਦ ਉੱਡ ਗਈ ਹੈ। ਮੋਦੀ ਨੇ ਕਿਹਾ ਕਿ ਕਾਂਗਰਸ ਨੇ 70 ਸਾਲਾਂ ਦੇ ਰਾਜ ਦੌਰਾਨ ਕਿਸਾਨਾਂ ਦੀ ਮਿਹਨਤ ਦਾ ਮੁੱਲ ਨਹੀਂ ਪਾਇਆ ਤੇ ਉਨ੍ਹਾਂ ਦੀ ਇੱਜ਼ਤ ਕਰਨ ਦੀ ਥਾਂ ਉਨ੍ਹਾਂ ਨੂੰ ਵੋਟ ਬੈਂਕ ਸਮਝਿਆ ਸੀ। ਪ੍ਰਧਾਨ ਮੰਤਰੀ ਨੇ ਕਿਹਾ; ਕਾਂਗਰਸ ਨੇ ਕਿਸਾਨਾਂ ਨਾਲ ਧੋਖਾ ਕੀਤਾ, ਪਰ ਐਨ ਡੀ ਏ ਸਰਕਾਰ ਨੇ ਵਾਅਦੇ ਪੂਰੇ ਕੀਤੇ ਹਨ। ਉਨ੍ਹਾਂ ਨੇ ਰੈਲੀ ਦੇ ਇਕੱਠ ਨੂੰ ‘ਕਿਸਾਨਾਂ ਦਾ ਕੁੰਭ’ ਕਹਿ ਕੇ ਸਿੱਖ ਵਿਰਾਸਤ ਤੇ ਬਹਾਦਰੀ ਦੀ ਗੱਲ ਕੀਤੀ ਤੇ ਮਲੋਟ ਖੇਤਰ ਦੇ ਨਰਮੇ ਦੀ ਫਸਲ ਦੀ ਸਿਫਤ ਕੀਤੀ। ਮੋਦੀ ਨੇ ਦਾਅਵਾ ਕੀਤਾ ਕਿ ਫ਼ਸਲਾਂ ਦੇ ਸਰਕਾਰੀ ਭਾਅ ਵਿੱਚ 200 ਤੋਂ ਲੈ ਕੇ 1800 ਰੁਪਏ ਦੇ ਵਾਧੇ ਨਾਲ ਸਭ ਤੋਂ ਵੱਧ ਲਾਭ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਕਿਸਾਨਾਂ ਨੂੰ ਹੋਵੇਗਾ। ਉਨ੍ਹਾਂ ਨੇ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਸਾੜਨ ਦੀ ਥਾਂ ਖੇਤਾਂ ਵਿੱਚ ਮਿਲਾ ਕੇ ਖਾਦ ਦਾ ਖਰਚ ਘਟਾਉਣ।
ਮਾਲਵੇ ਵਿੱਚ ਕੈਂਸਰ ਦੀ ਬਿਮਾਰੀ ਬਾਰੇ ਚਿੰਤਾ ਜ਼ਾਹਿਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਪ੍ਰਦੂਸ਼ਣ ਘਟਾਉਣ ਦੇ ਲਈ ਸਹਿਯੋਗ ਮੰਗਿਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਬਠਿੰਡਾ ਨੂੰ ਏਮਜ਼ ਇੰਸਟੀਚਿਊਟ ਦਿੱਤਾ ਹੈ ਤੇ ਪੰਜਾਬ ਸਰਕਾਰ ਇਸ ਦੀ ਉਸਾਰੀ ਦੇ ਕੰਮਾਂ ਵਿਚ ਤੇਜ਼ੀ ਲਿਆਵੇ। ਕੈਪਟਨ ਅਮਰਿੰਦਰ ਸਿੰਘ ਦਾ ਨਾਮ ਲਏ ਤੋਂ ਬਿਨਾਂ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਦੀ ਪੰਜਾਬ ਸਰਕਾਰ ਦੇ ਰਾਜ ਵਿੱਚ ਲੋਕਾਂ ਦਾ ਬੁਰਾ ਹਾਲ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਅਕਾਲੀ-ਭਾਜਪਾ ਰਾਜ ਦੇ ਖਤਮ ਹੋਣ ਦੇ ਬਾਅਦ ਇਸ ਸੂਬੇ ਦਾ ਗਰਾਫ਼ ਤੇਜ਼ੀ ਨਾਲ ਹੇਠਾਂ ਡਿੱਗਿਆ ਹੈ।
ਇਸ ਮੌਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕਰਦੇ ਹੋਏ ਫਸਲਾਂ ਦੇ ਭਾਅ ਵਿਚ ਵਾਧੇ ਨੂੰ ਕਿਸਾਨੀ ਕਿੱਤੇ ਨੂੰ ਮੁਨਾਫਾ ਬਖ਼ਸ਼ ਬਣਾਉਣ ਵੱਲ ਵੱਡਾ ਕਦਮ ਕਿਹਾ। ਉਨ੍ਹਾ ਨੇ ਕਿਹਾ ਕਿ ਇਸ ਕਦਮ ਨਾਲ ਕਿਸਾਨਾਂ ਦੀ ਨਵੀਂ ਪੀੜ੍ਹੀ ਫਿਰ ਖੇਤੀ ਵੱਲ ਮੁੜੇਗੀ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸਿਰਫ ਹਰਿਆਣੇ ਦੇ ਵਿਕਾਸ ਦੀ ਗੱਲ ਕੀਤੀ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਜਨਮ ਦਿਵਸ ਵੱਡੇ ਪੱਧਰ ਉੱਤੇ ਮਨਾਏ ਜਾਣ ਦੀ ਮੰਗ ਰੱਖੀ, ਪਰ ਪ੍ਰਧਾਨ ਮੰਤਰੀ ਨੇ ਇਸ ਦਾ ਹੁੰਗਾਰਾ ਹੀ ਨਹੀਂ ਭਰਿਆ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਨਮਾਨ ਚਿੰਨ੍ਹ ਭੇਟ ਕੀਤਾ। ਸਮਾਗਮ ਵਿੱਚ ਕੇਂਦਰੀ ਮੰਤਰੀ ਵਿਜੇ ਸਾਂਪਲਾ, ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ, ਰਾਜਸਥਾਨ ਦੇ ਭਾਜਪਾ ਮੰਤਰੀ ਸੁਰਿੰਦਰਪਾਲ, ਪਾਰਲੀਮੈਂਟ ਮੈਂਬਰ ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਸਿੰਘ ਭੂੰਦੜ, ਪ੍ਰੇਮ ਸਿੰਘ ਚੰਦੂਮਾਜਰਾ, ਰਣਜੀਤ ਸਿੰਘ ਬ੍ਰਹਮਪੁਰਾ ਆਦਿ ਹਾਜ਼ਰ ਸਨ। ਅਕਾਲੀ ਦਲ ਦੇ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਸਟੇਜ ਦੀ ਕਾਰਵਾਈ ਚਲਾਈ।