ਮਲੇਸ਼ੀਆ ਨੇ ਰਾਜਨੀਤਕ ਲਾਭ ਲਈ ਨਾਇਕ ਨੂੰ ਪਨਾਹ ਦਿੱਤੀ


ਕੁਆਲਾਲੰਪੁਰ, 3 ਨਵੰਬਰ (ਪੋਸਟ ਬਿਊਰੋ)- ਭਾਰਤੀ ਜਾਂਚ ਏਜੰਸੀਆਂ ਦੇ ਨਿਸ਼ਾਨੇ ‘ਤੇ ਆਏ ਹੋਏ ਇਸਲਾਮੀ ਪ੍ਰਚਾਰਕ ਜਾਕਿਰ ਨਾਇਕ ਨੂੰ ਮਲੇਸ਼ੀਆ ਸਰਕਾਰ ਨੇ ਆਪਣੇ ਰਾਜਨੀਤਕ ਲਾਭ ਲਈ ਪਨਾਹ ਦਿੱਤੀ ਹੈ। ਨਾਇਕ ਨੂੰ ਪਿਛਲੇ ਮਹੀਨੇ ਪਤਰਾ ਮਸਜਿਦ ਤੋਂ ਨਿਕਲਦੇ ਦੇਖਿਆ ਗਿਆ। ਉਸ ਨਾਲ ਗੰਨਮੈਨ ਸਨ ਤੇ ਉਹ ਨਮਾਜ਼ ਪੜ੍ਹਨ ਦੇ ਬਾਅਦ ਉਥੋਂ ਜਾ ਰਿਹਾ ਸੀ। ਇੱਕ ਮਹਿਲਾ ਪੱਤਰਕਾਰ ਨੇ ਉਸ ਤੋਂ ਸਵਾਲ ਕੀਤੇ ਤਾਂ ਨਾਇਕ ਦਾ ਕਹਿਣਾ ਸੀ ਕਿ ਉਸ ਲਈ ਕਿਸੇ ਮਹਿਲਾ ਨਾਲ ਜਨਤਕ ਤੌਰ ‘ਤੇ ਗੱਲ ਕਰਨਾ ਠੀਕ ਨਹੀਂ। ਉਸ ਨੇ ਉਨ੍ਹਾਂ ਦੇ ਕਿਸੇ ਸਵਾਲ ਦਾ ਜਵਾਬ ਨਹੀਂ ਦਿੱਤਾ।
ਜਾਣਕਾਰ ਸੂਤਰਾਂ ਮੁਤਾਬਕ ਨਾਇਕ ਨੂੰ ਪਨਾਹ ਦੇ ਕੇ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਨਜ਼ੀਬ ਰਜ਼ਾਕ 2018 ਦੀਆਂ ਆਮ ਚੋਣਾਂ ਲਈ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਵਿੱਚ ਲੱਗੇ ਹੋਏ ਹਨ। ਮਲੇਸ਼ੀਆ ਮੁਸਲਿਮ ਬਹੁ ਗਿਣਤੀ ਦਾ ਦੇਸ਼ ਹੈ, ਪਰ ਉਥੇ 40 ਫੀਸਦੀ ਆਬਾਦੀ ਅਜਿਹੇ ਲੋਕਾਂ ਦੀ ਹੈ, ਜੋ ਹਿੰਦੂ, ਈਸਾਈ ਤੇ ਬੋਧੀ ਫਿਰਕੇ ਨਾਲ ਜੁੜੇ ਹੋਏ ਹਨ। 2013 ਦੀਆਂ ਚੋਣਾਂ ਵਿੱਚ ਸੱਤਾਧਾਰੀ ਦਲ ਨੂੰ ਝਟਕਾ ਲੱਗਾ ਸੀ। ਮੁਸਲਿਮ ਵੋਟ ਉਸ ਤੋਂ ਦੂਰ ਚਲੇ ਗਏ ਸਨ। ਨਾਇਕ ਵਰਗੇ ਕੱਟੜਪੰਥੀ ਦਾ ਸਮਰਥਨ ਕਰ ਕੇ ਸਰਕਾਰ ਜਨਤਾ ਨੂੰ ਸੰਦੇਸ਼ ਦੇਣਾ ਚਾਹੁੰਦੀ ਹੈ ਕਿ ਉਹ ਇਸਲਾਮ ਫੈਲਾਉਣ ਲਈ ਹਰ ਤਰ੍ਹਾਂ ਤਿਆਰ ਹੈ। ਐਸ ਰਾਜਾਰਥਨਮ ਸਕੂਲ ਆਫ ਇੰਟਰਨੈਸ਼ਨਲ ਸਟੱਡੀਜ਼, ਸਿੰਗਾਪੁਰ ਦੇ ਵਿਸ਼ਲੇਸ਼ਕ ਰਸ਼ਹਾਦ ਅਲੀ ਦਾ ਕਹਿਣਾ ਹੈ ਕਿ ਮਲਯ ਫਿਰਕੇ ਵਿੱਚ ਜਾਕਿਰ ਲੋਕਪ੍ਰਿਯ ਹਨ। ਉਸ ਨਾਲ ਨੇੜਤਾ ਵਧਾ ਕੇ ਸਰਕਾਰ ਇਸ ਫਿਰਕੇ ਨੂੰ ਆਪਣੇ ਹੱਕ ਵਿੱਚ ਕਰਨਾ ਚਾਹੰੁਦੀ ਹੈ। ਜੇ ਉਹ ਨਾਇਕ ਨੂੰ ਦੇਸ਼ ਤੋਂ ਕੱਢਣ ਦਾ ਖਤਰਾ ਉਠਾਵੇ ਤਾਂ ਮਲਯ ਲੋਕਾਂ ਵਿੱਚ ਉਸ ਦਾ ਸਮਰਥਨ ਖਤਮ ਹੋ ਜਾਏਗਾ। ਜਾਕਿਰ ਦੇ ਖਿਲਾਫ ਭਾਰਤ ਵਿੱਚ ਪਿਛਲੇ ਹਫਤੇ ਚਾਰਜ ਫ੍ਰੇਮ ਕੀਤੇ ਗੇਏ ਹਨ।
ਖਬਰ ਏਜੰਸੀਆਂ ਦਾ ਕਹਿਣਾ ਹੈ ਕਿ ਟੀ ਵੀ ਉੱਤੇ ਜਾਕਿਰ ਵੱਖ-ਵੱਖ ਧਰਮਾਂ ਵਿੱਚ ਦੁਸ਼ਮਣੀ ਵਧਾਉਣ ਲੱਗਾ ਸੀ। ਜਾਕਿਰ ਦੇ ਸਾਥੀ ਇਸ ਗੱਲ ਦੀ ਪੁਸ਼ਟੀ ਕਰਦੇ ਹਨ। 52 ਸਾਲਾ ਡਾਕਟਰ ਨਾਇਕ ਨੇ ਸਮਲਿੰਗੀਆਂ ਲਈ ਮੌਤ ਦੀ ਸਜ਼ਾ ਨੂੰ ਜਾਇਜ਼ ਠਹਿਰਾਇਆ ਹੈ ਤੇ ਉਹ ਇਹ ਵੀ ਕਹਿੰਦਾ ਹੈ ਕਿ ਜੇ ਓਸਾਮਾ ਬਿਨ ਲਾਦੇਨ ਅਮਰੀਕਾ ਵਰਗੇ ਸਭ ਤੋਂ ਵੱਡੇ ਅੱਤਵਾਦੀ ਨੂੰ ਡਰਾ ਸਕਦਾ ਹੈ ਤਾਂ ਉਹ ਉਸ ਦੇ ਨਾਲ ਹੈ। ਉਸ ਦਾ ਪ੍ਰਭਾਵ ਇਸੇ ਗੱਲ ਤੋਂ ਸਮਝਿਆ ਜਾ ਸਕਦਾ ਹੈ ਕਿ ਬੰਗਲਾ ਦੇਸ਼ ਵਿੱਚ ਧਮਾਕਾ ਕਰ ਕੇ 22 ਲੋਕਾਂ ਨੂੰ ਮਾਰਨ ਵਾਲੇ ਅੱਤਵਾਦੀਆਂ ਨੇ ਕਿਹਾ ਸੀ ਕਿ ਉਹ ਜਾਕਿਰ ਤੋਂ ਪ੍ਰਭਾਵਤ ਹਨ। ਆਈ ਐੱਸ ਆਈ ਐੱਸ ਨੇ ਇਹ ਹਮਲਾ ਕਰਾਇਆ ਸੀ। ਮਲੇਸ਼ੀਆ ਉਸ ਦੀ ਵਰਤੋਂ ਕਰਨਾ ਚਾਹੁੰਦਾ ਹੈ।