ਮਲਿੰਗਾ ’ਤੇ ਲੱਗੀ ਇੱਕ ਸਾਲ ਦੀ ਪਾਬੰਦੀ

malinga

ਕੋਲੰਬੋ, 28 ਜੂਨ,  (ਪੋਸਟ ਬਿਊਰੋ)-  ਸ੍ਰੀਲੰਕਾ ਕ੍ਰਿਕਟ ਬੋਰਡ ਨੇ ਤੇਜ਼ ਗੇਂਦਬਾਜ਼ ਲਸਿਤ ਮਲਿੰਗਾ ਨੂੰ ਆਪਣੇ ਕਰਾਰ ਦਾ ਲਗਾਤਾਰ ਉਲੰਘਣ ਕਰਨ ਅਤੇ ਮੀਡੀਆ ਵਿੱਚ ਬਿਨਾਂ ਇਜਾਜ਼ਤ ਬਿਆਨ ਦੇਣ ਦੇ ਦੋਸ਼ ’ਚ ਉਸ ’ਤੇ ਇਕ ਸਾਲ ਦੀ ਪਾਬੰਦੀ ਲਾ ਦਿੱਤੀ ਹੈ। ਤੇਜ਼ ਗੇਂਦਬਾਜ਼ ਨੂੰ ਮੈਚ ਫੀਸ ਦਾ 50 ਫੀਸਦ ਜੁਰਮਾਨਾ ਵੀ ਲਾਇਆ ਗਿਆ ਹੈ। ਗੌਰਤਲਬ ਹੈ ਕਿ ਸ੍ਰੀਲੰਕਾਈ ਗੇਂਦਬਾਜ਼ ਨੇ ਖੇਡ ਮੰਤਰੀ ਦਇਆਸਿਰੀ ਜਯਾਸੇਕਰਾ ਖ਼ਿਲਾਫ਼ ਮੀਡੀਆ ’ਚ ਕਈ ਵਿਵਾਦਤ ਬਿਆਨ ਦਿੱਤੇ ਸਨ। ਇਕ ਬਿਆਨ ’ਚ ਮਲਿੰਗਾ ਨੇ ਮੰਤਰੀ ਨੂੰ ‘ਬਾਂਦਰ’ ਤਕ ਆਖ ਦਿੱਤਾ ਸੀ। ਕਿਹਾ ਜਾਂਦਾ ਹੈ ਕਿ ਗੇਂਦਬਾਜ਼ ਦੇ ਇਨ੍ਹਾਂ ਬਿਆਨਾਂ ਕਰਕੇ ਹੀ ਉਸ ਨੂੰ ਸਖ਼ਤ ਕਾਰਵਾਈ ਦਾ ਸਾਹਮਣਾ ਕਰਨਾ ਪਿਆ ਹੈ। ਬੋਰਡ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਮਲਿੰਗਾ ਨੂੰ ਉਸ ਵੱਲੋਂ ਮੀਡੀਆ ਵਿੱਚ ਬਿਨਾਂ ਇਜਾਜ਼ਤ ਦਿੱਤੇ ਗਏ ਬਿਆਨਾਂ ਕਰਕੇ ਅਨੁਸ਼ਾਸਨੀ ਕਮੇਟੀ ਨੇ ਦੋਸ਼ੀ ਪਾਉਂਦਿਆਂ ਉਸ ’ਤੇ ਇਕ ਸਾਲ ਦੀ ਪਾਬੰਦੀ ਲਾ ਦਿੱਤੀ ਹੈ। 33 ਸਾਲਾ ਗੇਂਦਬਾਜ਼ ਨੂੰ ਆਪਣੀ ਅਗਲੀ ਇਕ ਰੋਜ਼ਾ ਲੜੀ ਵਿੱਚ ਮੈਚ ਫੀਸ ਦਾ 50 ਫੀਸਦ ਜੁਰਮਾਨਾ ਵੀ ਤਾਰਨਾ ਹੋਵੇਗਾ। ਹਾਲਾਂਕਿ ਗੇਂਦਬਾਜ਼ ’ਤੇ ਲੱਗੀ ਇਸ ਪਾਬੰਦੀ ਕਰਕੇ ਉਸ ਦੀ ਜ਼ਿੰਬਾਬਵੇ ਦੌਰੇ ’ਤੇ ਉਪਲਬਧਤਾ ’ਤੇ ਕੋਈ ਅਸਰ ਨਹੀਂ ਪਏਗਾ। ਮਲਿੰਗਾ ਨੂੰ ਪਹਿਲੇ ਦੋ ਮੈਚਾਂ ਲਈ 13 ਮੈਂਬਰੀ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਬੋਰਡ ਨੇ ਬਿਆਨ ’ਚ ਅੱਗੇ ਕਿਹਾ ਕਿ ਮਲਿੰਗਾ ਨੇ ਅਨੁਸ਼ਾਸਨੀ ਕਮੇਟੀ ਅੱਗੇ ਪੇਸ਼ ਹੋ ਕੇ ਖੁ਼ਦ ’ਤੇ ਲੱਗੇ ਦੋਸ਼ਾਂ ਨੂੰ ਸਵੀਕਾਰ ਕਰਦਿਆਂ ਸਜ਼ਾ ਲਈ ਹਾਮੀ ਭਾਰਦਿਆਂ ਅਧਿਕਾਰਤ ਤੌਰ ’ਤੇ ਮਾਫ਼ੀ ਵੀ ਮੰਗ ਲਈ ਹੈ।