ਮਲਟੀਪਰਪਜ਼

-ਬਲਦੇਵ ਸਿੰਘ (ਸੜਕਨਾਮਾ)
ਬੇਦੀ ਨੂੰ ਆਪਣੇ ਦੋਸਤ ਕੋਲੋਂ ਪਤਾ ਲੱਗਿਆ ਕਿ ਲਹਿੰਬਰ ਸੋਢੀ ਨੂੰ ਅਮਰੀਕਾ ਤੋਂ ਆਇਆਂ ਪੰਦਰਾਂ ਦਿਨ ਹੋ ਗਏ ਹਨ। ਬੇਦੀ ਹੈਰਾਨ ਹੋਇਆ, ਉਸ ਨੂੰ ਯਕੀਨ ਨਹੀਂ ਸੀ ਆ ਰਿਹਾ, ਸੋਢੀ ਤਾਂ ਪੰਦਰਾਂ ਮਿੰਟ ਨਹੀਂ ਸੀ ਆਪਣੇ ਘਰ ਬਹਿੰਦਾ, ਪਹਿਲਾਂ ਮੇਰੇ ਕੋਲ ਆਉਂਦਾ ਹੁੰਦਾ ਸੀ। ਕਦੇ ਸੋਨੇ ਦੀ ਨਿੱਬ ਵਾਲਾ ਪੈਨ, ਕਦੇ ਕਮੀਜ਼, ਕਦੇ ਪੈਂਟ, ਕਦੇ ਸਕਾਚ ਦੀ ਬੋਤਲ, ਕਦੇ ਕੋਈ ਹੋਰ ਤੋਹਫਾ ਲੈ ਆਉਂਦਾ ਸੀ। ਦੋਵੇਂ ਜਣੇ ਬਚਪਨ ਦੀਆਂ ਖਰਮਸਤੀਆਂ ਚੇਤੇ ਕਰਦਿਆਂ ਬੀਤੇ ਦਿਨਾਂ ਨੂੰ ਫੜਨ ਦੀ ਕੋਸ਼ਿਸ਼ ਕਰਿਆ ਕਰਦੇ ਸਨ। ਇਸ ਵਾਰ ਕੀ ਹੋਇਆ ਲਹਿੰਬਰ ਨੂੰ? ਇਕ ਵਾਰੀ ਫੋਨ ਆਇਆ ਸੀ, ‘ਬੇਦੀ, ਤੇਰੀ ਭਰਜਾਈ ਨਹੀਂ ਰਹੀ। ਮੈਂ ਫਿਰ ਛੜਿਆਂ ਦੀ ਲਿਸਟ ਵਿੱਚ ਆ ਗਿਆਂ?’ ਪਰ ਇਹ ਬੜੀਆਂ ਪੁਰਾਣੀਆਂ ਗੱਲਾਂ ਹਨ। ਬੇਦੀ ਨੂੰ ਗੁੱਸਾ ਵੀ ਆਇਆ ਸੀ ਤੇ ਰੋਸਾ ਵੀ ਸੀ, ਏਨੇ ਸਾਲਾਂ ਬਾਅਦ ਲੰਗੋਟੀਆਂ ਯਾਰ ਪੰਜਾਬ ਆਵੇ ਤੇ ਉਸ ਦੇ ਆਉਣ ਦੀ ਖਬਰ ਵੀ ਉਸ ਨੂੰ ਦੋਸਤਾਂ ਕੋਲੋਂ ਮਿਲੇ..?
ਬੇਦੀ ਸੋਚਣ ਲੱਗਾ ਕਿ ਡਾਲਰ ਤਾਂ ਚੰਗੇ ਭਲੇ ਬੰਦੇ ਦੀਆਂ ਅੱਖਾਂ ਫੇਰ ਦਿੰਦੇ ਨੇ, ਪਰ ਏਨੇ ਸਾਲ ਉਹ ਡਾਲਰ ਹੀ ਕਮਾਉਂਦਾ ਰਿਹਾ। ਪਹਿਲਾਂ ਉਸ ਨੇ ਕਦੇ ਮਹਿਸੂਸ ਨਹੀਂ ਹੋਣ ਦਿੱਤਾ। ਫਿਰ ਇਸ ਵਾਰ ਕੀ ਉਸ ਨੂੰ ਸੁਰਖਾਬ ਦੇ ਖੰਭ ਲੱਗ ਗਏ? ਮੈਂ ਵੀ ਓਹੀ ਹਾਂ, ਧਰਤੀ ਵੀ ਓਹੀ ਹੈ, ਹਾਲਾਤ ਵੀ ਠੀਕ ਨੇ। ਇਨ੍ਹਾਂ ਅਮਰੀਕਾ ਵਾਲਿਆਂ ਦੇ ਸਿੰਗ ਉਗ ਆਉਂਦੇ ਨੇ। ਭੁੱਲ ਹੀ ਜਾਂਦੇ ਨੇ, ਬਈ ਏਥੋਂ ਪੰਜਾਬ ਵਿੱਚੋਂ ਹੀ ਗਏ ਨੇ ਕੱਟਿਆਂ ਦੀਆਂ ਪੂਛਾਂ ਮਰੋੜਦੇ। ਬੇਦੀ ਵਿਅੰਗ ਨਾਲ ਹੱਸਿਆ ਉਥੇ ਵੀ ਕੱਟਿਆਂ ਦੀਆਂ ਪੂਛਾਂ ਮਰੋੜਦੇ ਹੋਣਗੇ। ਉਹ ਸੋਚਾਂ ਵਿੱਚ ਡੁੱਬਿਆ ਹੋਇਆ ਸੀ ਕਿ ਬਾਹਰ ਇਕ ਵੈਨ ਆ ਕੇ ਰੁਕੀ। ਕੁਝ ਪਲਾਂ ਬਾਅਦ ‘ਹੈਲੋ..’ ਕਹਿੰਦਿਆਂ ਅੰਦਰ ਆ ਕੇ ਲਹਿੰਬਰ ਸੋਢੀ ਨੇ ਬੇਦੀ ਨੂੰ ਕਲਾਵੇ ਵਿੱਚ ਲਿਆ, ਘੁੱਟਿਆ, ਕੰਨ ਦੇ ਹੇਠਾਂ ਜਿਹੇ ਪੋਲਾ ਜਿਹਾ ਚੁੰਮਦਿਆਂ ਕਿਹਾ, ‘ਮੈਂ ਆਉਂਦਾ ਹੀ ਇਕ ਪਰਾਬਲਮ ਵਿੱਚ ਬਿਜ਼ੀ ਹੋ ਗਿਆ। ਤੈਨੂੰ ਚਾਹ ਕੇ ਵੀ ਕੰਟੈਕਟ ਨਾ ਕਰ ਸਕਿਆ, ਸੌਰੀ ਮੰਗਦਾਂ।’ ਫਿਰ ਝੱਟ ਬਚਪਨ ਦੀ ਯਾਰੀ ਦੇ ਪੂਰੇ ਮਾਣ ਤੇ ਅਧਿਕਾਰ ਨਾਲ ਹੁਕਮ ਦਿੱਤਾ, ‘ਤਿਆਰ ਹੋ ਜਾ ਬੇਦੀ, ਆਪਾਂ ਹੁਣੇ ਕਪੂਰਥਲੇ ਨੂੰ ਨਿਕਲਣੈ।’
‘ਕਪੂਰਥਲੇ?’ ਬੇਦੀ ਹੈਰਾਨ ਹੋਇਆ। ਲਹਿੰਬਰ ਦੀ ਕਪੂਰਥਲੇ ਕੋਈ ਰਿਸ਼ਤੇਦਾਰੀ ਨਹੀਂ ਸੀ, ਕੋਈ ਯਾਰ ਦੋਸਤ ਨਹੀਂ ਸੀ, ਪਰ ਬੇਦੀ ਅੰਦਰੋਂ ਪੂਰਾ ਖੁਸ਼ ਅਤੇ ਸਹਿਜ ਹੋ ਰਿਹਾ ਸੀ। ਲਹਿੰਬਰ ਦਾ ਵਿਹਾਰ ਪਹਿਲਾਂ ਵਾਲੇ ਗਰਾਫ ਉੱਤੇ ਸੀ। ਲਹਿੰਬਰ ਸੋਢੀ ਬਾਰੇ ਮਨ ਵਿੱਚ ਉਠੀਆਂ ਸ਼ਿਕਾਇਤਾਂ ਨਿਰਮੂਲ ਜਾਪੀਆਂ, ਪਰ ਮਨ ਵਿੱਚ ਸ਼ੰਕਾ ਉਭਰੀ ਕਿ ਸੋਢੀ ਕਿਤੇ ਡਰਾਮੇਬਾਜ਼ੀ ਤਾਂ ਨਹੀਂ ਕਰ ਰਿਹਾ? ‘ਸੋਚੀਂ ਕਿਉਂ ਪੈ ਗਿਆ? ਹਰੀ ਅੱਪ। ਬਾਹਰ ਵੈਨ ਖੜੀ ਹੈ ਤੇ ਆਪਾਂ ਸ਼ਾਮ ਤੱਕ ਵਾਪਸ ਮੁੜਨੈ।’ ਸੋਢੀ ਨੇ ਬੇਦੀ ਨੂੰ ਬਾਹੋਂ ਫੜ ਕੇ ਉਠਾਉਣਾ ਚਾਹਿਆ।
‘ਕਰਨ ਕੀ ਜਾਣੈਂ ਕਪੂਰਥਲੇ?’
‘ਢੱਠੇ ਖੂਹ ਵਿੱਚ ਡਿੱਗਣ ਜਾਣੈ?’
‘ਉਹ ਤਾਂ ਇਥੇ ਹੀ ਬਥੇਰੇ ਨੇ। ਖੂਹ ਵਿੱਚ ਇਕ ਨੇ ਡਿੱਗਣੈਂ ਕਿ ਦੋਵਾਂ ਨੇ?’ ਬੇਦੀ ਸਹਿਜ ਹੋਣ ਲੱਗਾ।
‘ਮੈਂ ਡਿੱਗਣੈ ਤੇ ਤੈਨੂੰ ਗਵਾਹ ਬਣਾਉਣੈ?’
‘ਪੰਦਰਾਂ ਦਿਨ ਘਰ ਬੈਠ ਕੇ ਏਹੀ ਸਕੀਮਾਂ ਬਣਾਉਂਦਾ ਰਿਹੈਂ?’ ਬੇਦੀ ਨੇ ਗੁੱਝਾ ਉਲਾਂਭਾ ਦਿੱਤਾ।
‘ਤੂੰ ਟਾਈਮ ਨਾ ਵੇਸਟ ਕਰ। ਝਟਪਟ ਤਿਆਰ ਹੋ ਜਾ, ਨਹੀਂ ਤਾਂ ਮੈਂ ਏਸੇ ਤਰ੍ਹਾਂ ਹੀ ਧੱਕੇ ਨਾਲ ਵੈਨ ਵਿੱਚ ਕਿਡਨੈਪ ਕਰ ਲੈਣਾ,’ ਸੋਢੀ ਨੇ ਯਾਰੀ ਦੇ ਮਾਣ ਨਾਲ ਕਿਹਾ।
‘ਪਤੰਦਰਾ, ਦੱਸ ਤਾਂ ਸਹੀ ਕਰਨ ਕੀ ਜਾਣੈਂ?’
‘ਤੈਨੂੰ ਤੇਰੀ ਹੋਣ ਵਾਲੀ ਭਰਜਾਈ ਦਿਖਾ ਕੇ ਲਿਆਉਣੀ ਐ।’ ਸੋਢੀ ਨੇ ਘੁੰਡੀ ਖੋਲ੍ਹੀ।
‘ਭਰਜਾਈ? ਹੋਣ ਵਾਲੀ?’ ਬੇਦੀ ਲਈ ਇਹ ਅਚੰਭਾ ਸੀ।
‘ਯਾਰ, ਏਸੇ ਕਰਕੇ ਤੇਰੇ ਕੋਲ ਇੰਨੇ ਦਿਨ ਆਇਆ ਨ੍ਹੀਂ। ਪੰਜ ਕੁੜੀਆਂ ਤਾਂ ਏਥੇ ਹੀ ਦੇਖ ਚੁੱਕਿਆਂ।’
‘ਕੀਹਦੇ ਲਈ ਵੇਖ ਰਿਹੈਂ ਕੁੜੀਆਂ?’
‘ਮਾਈਸੈਲਫ ਯਾਰ। ਆਪਣੇ ਲਈ।’
‘ਸੋਢੀ, ਵਿਆਹ ਕਰਾਏਂਗਾ ਤੂੰ?’
‘ਕਿਉਂ ਮੈਨੂੰ ਏਡਜ਼ ਹੋਈ ਐ? ਉਮਰ ਹੀ ਥੋੜ੍ਹੀ ਜ਼ਿਆਦਾ ਐ ਨਾ। ਯੂ ਐਸ ਏ ਵਿੱਚ ਮਾਈ ਡੀਅਰ 70-75 ਸਾਲਾਂ ਦੇ ਬੰਦੇ ਵਿਆਹ ਕਰਾਈ ਜਾਂਦੇ ਐ। ਮੈਂ ਤਾਂ ਅਜੇ ਅਗਲੇ ਸਾਲ 60 ਦਾ ਹੋਣੈਂ। ਮੂਹਰਲੇ ਦੋ ਦੰਦ ਡਿੱਗੇ ਨੇ, ਵੇਖ ਲੈ ਇਹ ਵੀ ਲਗਵਾ ਲਏ ਨੇ।’ ਸੋਢੀ ਨੇ ਆਪਣਾ ਮੂੰਹ ਖੋਲ੍ਹ ਕੇ ਦੰਦ ਵਿਖਾਏ।
ਬੇਦੀ ਸੋਢੀ ਦੇ ਸਮੁੱਚੇ ਚਿਹਰੇ ਵੱਲ ਝਾਕਿਆ। ਸਿਰ ਦੇ ਵਿਰਲੇ ਜਿਹੇ ਵਾਲ ਰੰਗ ਕੇ ਕਾਲੇ ਸ਼ਾਹ ਕੀਤੇ ਹੋਏ ਸਨ। ਅੱਖਾਂ ਦੇ ਭਰਵੱਟਿਆਂ ਵਿੱਚ ਅੱਧੇ ਚਿੱਟੇ ਵਾਲ ਝਾਕ ਰਹੇ ਸਨ। ਮੂੰਹ ਦੀਆਂ ਝੁਰੜੀਆਂ ਅਤੇ ਅੱਖਾਂ ਦੇ ਕਾਂ ਪੰਜੇ ਸੋਢੀ ਦੇ ਬੁਢਾਪੇ ਦੀ ਸ਼ਾਹਦੀ ਭਰ ਰਹੇ ਸਨ। ਬੇਦੀ ਦੇ ਚਿਹਰੇ ਉੱਤੇ ਵਿਅੰਗ ਦੀ ਹਲਕੀ ਜਿਹੀ ਮੁਸਕਾਨ ਫੈਲ ਗਈ।
‘ਇਸ ਤਰ੍ਹਾਂ ਕਿਉਂ ਹੱਸ ਰਿਹੈਂ?’
‘ਵਿਆਹ ਵਾਲੇ ਲਾੜੇ ਨੂੰ ਦੇਖ ਰਿਹਾ ਹਾਂ।’ ਬੇਦੀ ਖੁੱਲ੍ਹ ਕੇ ਹੱਸਿਆ।
‘ਇਹ ਕੰਮ ਬਾਅਦ ਵਿੱਚ ਕਰੀਂ। ਪਹਿਲਾਂ ਤਿਆਰ ਹੋ। ਬੇਦੀ, ਪਲੀਜ਼ ਹਰੀ ਅੱਪ। ਵਾਪਸ ਆ ਕੇ ਮੈਂ ਦਿੱਲੀ ਜਾਣੈਂ।’
ਲਹਿੰਬਰ ਸੋਢੀ ਦਾ ਪ੍ਰਾਰਥਨਾ ਵਰਗਾ ਮੂੰਹ ਬਣਿਆ ਵੇਖ ਕੇ ਬੇਦੀ ਤਿਆਰ ਹੋਣ ਲਈ ਉਠ ਖੜੋਤਾ। ਵੈਨ ਵਿੱਚ ਜਾਂਦਿਆਂ ਬੇਦੀ ਨੇ ਸਰਸਰੀ ਪੁੱਛਿਆ, ‘ਅਚਾਨਕ ਸ਼ਾਦੀ ਦੀ ਕੀ ਲੋੜ ਪੈ ਗਈ?’
‘ਅਚਾਨਕ ਨਹੀਂ, ਬੇਦੀ ਡੀਅਰ, ਬਹੁਤ ਸੋਚ-ਸੋਚ ਕੇ ਕਦਮ ਚੁੱਕ ਰਿਹਾ ਹਾਂ।’
‘ਏਸ ਉਮਰ ਵਿੱਚ ਆ ਕੇ? ਉਹ ਵੀ ਪਤਨੀ ਮਰੀ ਤੋਂ ਏਨੇ ਸਾਲਾਂ ਬਾਅਦ?’ ਬੇਦੀ ਹੈਰਾਨ ਸੀ।
‘ਯੂ ਸੀ ਬੇਦੀ, ਬੱਚੇ ਆਪਣੀ-ਆਪਣੀ ਥਾਂ ਸੈਟ ਨੇ। ਆਪਣੇ ਕਾਰੋਬਾਰ ਵਿੱਚ ਬਿਜ਼ੀ ਨੇ। ਵੀਕਐਂਡ ਉੱਤੇ ਉਨ੍ਹਾਂ ਦੀਆਂ ਆਪਣੀਆਂ ਲੋੜਾਂ ਨੇ। ਮੈਨੂੰ ਕਹਿੰਦੇ, ‘ਡੈਡ, ਤੇਰੀ ਲੁੱਕ ਆਫਟਰ ਲਈ ਸਾਡੇ ਪਾਸ ਟਾਈਮ ਨਹੀਂ। ਜਾਂ ਤੂੰ ਇੰਡੀਆ ਚਲਾ ਜਾ, ਜਾਂ ਆਪਣੀ ਦੇਖਭਾਲ ਲਈ ਕੋਈ ਔਰਤ ਲੈ ਆ।’ ਬੱਚੇ ਮੈਨੂੰ ਛੱਡ ਕੇ ਚੱਲੇ ਗਏ ਨੇ। ਤੂੰ ਦੱਸ ਮੈਂ ਕੀ ਕਰਾਂ? ਮੇਰੀਆਂ ਆਪਣੀਆਂ ਵੀ ਲੋੜਾਂ ਨੇ। ਮੈਨੂੰ ਵੀ ਕਿਸੇ ਦੇ ਸਾਥ ਦੀ, ਸਹਾਰੇ ਦੀ ਲੋੜ ਐ। ਬੱਚੇ ਕਹਿੰਦੇ ਨੇ ਸਾਡੇ ਕੋਲ ਸਮਾਂ ਹੀ ਨਹੀਂ ਐ। ਓਧਰ ਜ਼ਿੰਦਗੀ ਬਹੁਤ ਫਾਸਟ ਐ ਬੇਦੀ। ਆਖਰ ਇਹ ਫੈਸਲਾ ਲਿਆ। ਇਕ ਵਾਈਫ ਹੀ ਮੇਰੀਆਂ ਲੋੜਾਂ ਪੂਰੀਆਂ ਕਰ ਸਕਦੀ ਹੈ। ਪੰਜਾਬ ਦੇ ਇਕ ਅਖਬਾਰ ਵਿੱਚ ਇਸ਼ਤਿਹਾਰ ਦੇ ਦਿੱਤਾ। ਤੂੰ ਹੈਰਾਨ ਹੋਵਂਗਾ ਬੇਦੀ, ਮੇਰੇ ਏਥੇ ਪੁੱਜਣ ਤੋਂ ਪਹਿਲਾਂ 17 ਚਿੱਠੀਆਂ ਆਈਆਂ ਪਈਆਂ ਸਨ। ਉਨ੍ਹਾਂ ਦੇ ਮਾਪੇ ਸੋਚਦੇ ਹੋਣਗੇ ਜਿਵੇਂ ਕਿਵੇਂ ਧੀਆਂ ਅਮਰੀਕਾ ਧੱਕੀਏ, ਫਿਰ ਬਾਕੀ ਦਾ ਟੱਬਰ ਆਪੇ ਚਲਾ ਜਾਊ। ਪੰਜ ਚਿੱਠੀਆਂ ਤਾਂ ਕੁਆਰੀਆਂ ਲੜਕੀਆਂ ਦੀਆਂ ਨੇ। ਮੇਰੀ ਇੱਛਾ ਹੈ ਕੋਈ ਵਿਧਵਾ ਜਾਂ ਤਲਾਕਸ਼ੁਦਾ ਔਰਤ ਹੋਵੇ, 40-50 ਸਾਲ ਦੀ। ਉਹਦਾ ਬੱਚਾ ਨਾ ਹੋਵੇ ਕੋਈ।’
ਬੇਦੀ ਬੋਲਿਆ, ‘ਸ਼ੂਗਰ ਤੈਨੂੰ ਹੈ। ਬੀ ਪੀ ਵਧਿਆ ਰਹਿੰਦੈ। ਦੰਦ ਨਕਲੀ ਲਵਾਈ ਫਿਰਦੈਂ। ਚਾਰ ਪੌੜੀਆਂ ਚੜ੍ਹਨੀਆਂ ਪੈ ਜਾਣ, ਤੇਰਾ ਸਾਹ ਚੜ੍ਹ ਜਾਂਦੈ।’
‘ਮੈਂ ਸਮਝਦਾਂ ਤੇਰੀ ਗੱਲ ਬੇਦੀ। ਆਈ ਅੰਡਰਸਟੈਂਡ ਤੂੰ ਜਿੱਥੋਂ ਬੋਲਦੈਂ।’ ਸੋਢੀ ਨੇ ਟੋਕਦਿਆਂ ਕਿਹਾ, ‘ਦਰਅਸਲ, ਬਾਹਰਲੇ ਮੁਲਕਾਂ ਵਿੱਚ ਜਿਨਸੀ ਸਬੰਧਾਂ ਦੀ ਕੋਈ ਬਹੁਤੀ ਪਰਵਾਹ ਨ੍ਹੀਂ ਕਰਦਾ।’
ਲਹਿੰਬਰ ਦੀ ਇਸ ਫਿਲਾਸਫੀ ਤੋਂ ਅੱਗੇ ਬੇਦੀ ਨੂੰ ਕੁਝ ਹੋਰ ਪੁੱਛਣ ਦੀ ਹਿੰਮਤ ਨਾ ਪਈ।
***
ਪੁੱਛਦੇ ਪੁਛਾਉਂਦੇ ਉਹ ਕਪੂਰਥਲੇ ਵਾਲਿਆਂ ਦੇ ਘਰ ਪਹੁੰਚ ਗਏ। ਉਨ੍ਹਾਂ ਨੂੰ ਵੇਖਦਿਆਂ ਹੀ ਪੂਰਾ ਪਰਵਾਰ ਉਤਸ਼ਾਹ ਵਿੱਚ ਆ ਗਿਆ। ਰਸਮੀ ਸਵਾਗਤ ਕਰਦਿਆਂ ਗੱਲਾਂ ਤੁਰ ਪਈਆਂ।
‘ਬੜੀ ਦੇਰ ਕਰ ਦਿੱਤੀ?’ 70 ਕੁ ਸਾਲਾਂ ਦੀ ਇਕ ਬਿਰਧ ਔਰਤ ਨੇ ਪੁੱਛਿਆ।
‘ਇਧਰ ਰੋਡਜ਼ ਬੜੀਆਂ ਮਾੜੀਆਂ ਨੇ। ਇਸ ਤਰ੍ਹਾਂ ਲੱਗਦੈ, ਜਿਵੇਂ ਸਫਰ ਕਰਕੇ ਨਹੀਂ, ਕਬੱਡੀ ਖੇਡ ਕੇ ਆਏ ਹੋਈਏ। ਇੰਡੀਆ ਦਾ ਟਰੈਫਿਕ ਬੜਾ ਖਤਰਨਾਕ ਐ, ਵੈਰੀ ਡੇਂਜਰਸ। ਤੁਸੀਂ ਅੰਦਾਜ਼ਾ ਹੀ ਨਹੀਂ ਲਾ ਸਕਦੇ ਸਾਹਮਣੇ ਤੋਂ ਆਉਣ ਵਾਲਾ ਸੱਜੇ ਖੱਬੇ ਦੀ ਲੰਘ ਜਾਏਗਾ ਜਾਂ ਤੁਹਾਨੂੰ ਸਿੱਧਾ ਹਿੱਟ ਕਰੇਗਾ। ਓ ਮਾਈ ਗੌਡ, ਵੈਰੀ ਪੂਆਰ।’ ਲਹਿੰਬਰ ਸੋਢੀ ਨੇ ਨੱਕ ਮੂੰਹ ਸੁਕੇੜ ਕੇ ਕਿਹਾ।
ਕਮਰੇ ਵਿੱਚ 35 ਕੁ ਸਾਲਾਂ ਦੀ ਭਰਵੇਂ ਸਰੀਰ ਵਾਲੀ ਇਕ ਔਰਤ ਵੇਖਣ ਨੂੰ ਜਵਾਨ ਅਤੇ ਦਿਲਕਸ਼ ਜਾਪਦੀ ਸੀ। ਇਕ 50 ਕੁ ਸਾਲਾਂ ਦਾ ਦਰਮਿਆਨੇ ਕੱਦ ਦਾ ਆਦਮੀ ਵੀ ਬੈਠਾ ਸੀ। ਅੰਦਰੋਂ ਰਸੋਈ ਵਿੱਚੋਂ ਆ ਰਹੀਆਂ ਆਵਾਜ਼ਾਂ ਤੋਂ ਅਨੁਮਾਨ ਲੱਗ ਰਿਹਾ ਸੀ ਕਿ ਘਰ ਵਿੱਚ ਹੋਰ ਵਿਅਕਤੀ ਵੀ ਹਨ। ਅਜੇ ਤੱਕ ਘਰ ਦੇ ਕਿਸੇ ਜੀਅ ਨਾਲ ਜਾਣ ਪਛਾਣ ਨਹੀਂ ਸੀ ਹੋਈ। ਇੰਨੇ ਵਿੱਚ ਮੇਜ਼ ਉਪਰ ਮਠਿਆਈਆਂ ਤੇ ਨਮਕੀਨ ਸਜਾਏ ਜਾਣ ਲੱਗੇ। ਜਦੋਂ ਚਾਹ ਦੀਆਂ ਪਿਆਲੀਆਂ ਰੱਖੀਆਂ ਜਾ ਰਹੀਆਂ ਸਨ ਤਾਂ ਆਦਮੀ ਨੇ ਅੰਦਰ ਵੱਲ ਮੂੰਹ ਕਰਕੇ ਆਵਾਜ਼ ਦਿੱਤੀ, ‘ਸਵੀ ਬੇਟਾ, ਬਾਹਰ ਆ ਜਾਓ ਬਈ।’
ਕੁਝ ਦੇਰ ਬਾਅਦ ਕਾਫੀ ਸ਼ੋਖ ਕੱਪੜੇ ਪਾਈ ਇਕ ਲੜਕੀ ਨੇ ਆ ਕੇ ਲਹਿੰਬਰ ਸੋਢੀ ਅਤੇ ਬੇਦੀ ਨੂੰ ਵਾਰੀ-ਵਾਰੀ ਸਤਿ ਸ੍ਰੀ ਅਕਾਲ ਬੁਲਾਈ। ਉਸ ਦੇ ਬੈਠਣ ਲਈ ਬਿਰਧ ਔਰਤ ਨੇ ਉਚੇਚੀ ਜਗ੍ਹਾ ਬਣਾਈ। ਬੈਠਦਿਆਂ ਹੀ ਲੜਕੀ ਇਕ ਵਾਰ ਫਿਰ ਸੋਢੀ ਤੇ ਬੇਦੀ ਵੱਲ ਝਾਕੀ। ਫਿਰ ਸ਼ਰਮਾਉਣ ਦਾ ਅਭਿਨੈ ਕਰਦੀ ਆਪਣੇ ਨਹੁੰਆਂ ਦੀ ਪਾਲਿਸ਼ ਖੁਰਚਣ ਲੱਗੀ।
‘ਚਾਹ ਲਓ ਪਲੀਜ਼।’ ਆਦਮੀ ਨੇ ਨਿਮਰਤਾ ਨਾਲ ਕਿਹਾ।
ਚਾਹ ਪੀਂਦਿਆਂ ਬਿਰਧ ਔਰਤ ਨੇ ਬਾਅਦ ਵਿੱਚ ਆਈ ਲੜਕੀ ਵੱਲ ਇਸ਼ਾਰਾ ਕਰਦਿਆਂ ਕਿਹਾ, ‘ਇਸ ਬਾਰੇ ਤੁਹਾਡੇ ਨਾਲ ਖਤ ਰਾਹੀਂ ਤੇ ਟੈਲੀਫੋਨ ਉੱਤੇ ਗੱਲ ਹੋਈ ਸੀ।’
ਸੋਢੀ ਤੇ ਬੇਦੀ ਦੋਵੇਂ ਉਸ ਲੜਕੀ ਵੱਲ ਝਾਕੇ। ਉਮਰ 30-32 ਸਾਲਾਂ ਦੀ ਹੋਵੇਗੀ। ਸਿਰ ਦੇ ਵਾਲ ਡਾਈ ਕੀਤੇ ਜਾਪਦੇ ਸਨ। ਸਰੀਰ ਭਾਰਾ ਨਹੀਂ ਸੀ। ਚਿਹਰਾ ਲੰਮਾ ਤੇ ਪਤਲਾ ਸੀ। ਰੰਗ ਕੁਝ ਪਿੱਲਾ ਸੀ। ਲਹਿੰਬਰ ਸੋਚ ਰਿਹਾ ਸੀ ਕਿ ਜੇ ਇਸ ਲੜਕੀ ਨੂੰ ਯੂ ਐਸ ਏ ਵਿੱਚ ਜਾਬ ਕਰਨਾ ਪਿਆ? ਨੋ ਨੋ ਨੋ। ਮੁਕਾਬਲਾ ਕਰਨ ਲਈ ਉਸ ਨੇ ਭਰਵੇਂ ਸਰੀਰ ਵਾਲੀ ਲੜਕੀ ਵੱਲ ਤੱਕਿਆ। ਉਸ ਦੀ ਖਿਡਾਰਨਾਂ ਵਰਗੀ ਸਿਹਤ ਉਸ ਨੂੰ ਚੰਗੀ ਲੱਗੀ।
‘ਕਾਕਾ, ਜੋ ਪੁੱਛਣੈ, ਪੁੱਛ ਲੈ ਕੁੜੀ ਤੋਂ।’ ਬਿਰਧ ਔਰਤ ਨੇ ਚੁੱਪ ਤੋੜੀ।
‘ਕਾਕਾ’ ਸੁਣ ਕੇ ਬੇਦੀ ਵਿਅੰਗ ਨਾਲ ਸੋਢੀ ਵੱਲ ਝਾਕਿਆ। ਫਿਰ ਨਮਕੀਨ ਕਾਜੂ ਚੁੱਕ ਕੇ ਮੂੰਹ ਵਿੱਚ ਪਾ ਲਿਆ।
‘ਤੁਸੀਂ ਇਨ੍ਹਾਂ ਦੇ ਮਾਤਾ ਜੀ ਓ..।’ ਸੋਢੀ ਨੂੰ ਕੋਈ ਢੰਗ ਦੀ ਗੱਲ ਨਾ ਸੁੱਝੀ।
‘ਹਾਂ, ਇਹ ਮੇਰੀ ਬੜੀ ਲੜਕੀ ਹੈ ਤੇ ਇਹ ਛੋਟੀ।’ ਫਿਰ ਉਸ ਨੇ ਆਦਮੀ ਵੱਲ ਇਸ਼ਾਰਾ ਕੀਤਾ, ‘ਇਹ ਸਾਡੇ ਗੁਆਂਢੀ ਨੇ। ਇਨ੍ਹਾਂ ਦਾ ਬੜਾ ਆਸਰਾ ਐ ਸਾਨੂੰ। ਲੜਕੀਆਂ ਦੇ ਪਿਤਾ ਸਵਰਗਵਾਸ ਹੋਏ ਨੂੰ ਦੋ ਸਾਲ ਹੋ ਗਏ।’ ਬਿਰਧ ਔਰਤ ਨੇ ਹਾਉਕਾ ਲਿਆ। ਬੇਦੀ ਸੋਚਣ ਲੱਗਾ ਕਿ ਇਸ ਲੜਕੀ ਦੀ ਉਮਰ ਸੋਢੀ ਦੀ ਧੀ ਜਾਂ ਨੂੰਹ ਦੇ ਬਰਾਬਰ ਹੋਵੇਗੀ। ਕੀ ਸੋਚਦੇ ਨੇ ਇਹ ਲੋਕ? ਕਿੱਥੇ ਬਦਲਿਆ ਹੈ ਸਾਰਾ ਕੁਝ? ਅਸੀਂ ਤਾਂ ਅਜੇ ਵੀ ਜਗੀਰੂ ਸੋਚਾਂ ਤੇ ਕਿਰਦਾਰਾਂ ਦੀਆਂ ਪੰਡਾਂ ਬੰਨ੍ਹੀ ਫਿਰਦੇ ਹਾਂ। ਤੇ ਉਹ ਜਿਨ੍ਹਾਂ ਨੇ ਕੁਆਰੀਆਂ ਕੁੜੀਆਂ ਦੀ ਪੇਸ਼ਕਸ਼ ਕੀਤੀ ਹੈ..?
ਫਿਰ ਲੜਕੀ ਦੀ ਮਾਂ ਇਸ਼ਾਰੇ ਨਾਲ ਲੜਕੀ ਨੂੰ ਅੰਦਰ ਲੈ ਗਈ ਤੇ ਕੁਝ ਦੇਰ ਬਾਅਦ ਆ ਕੇ ਬੋਲੀ, ‘ਸਾਨੂੰ ਤਾਂ ਠੀਕ ਹੈ ਜੀ। ਲੜਕੀ ਰਾਜ਼ੀ ਐ। ਤੁਸੀਂ ਦੱਸੋ।’
‘ਮੈਂ ਫੋਨ ਕਰਾਂਗਾ ਤੁਹਾਨੂੰ। ਆਪਣੇ ਅੰਕਲ ਨਾਲ ਵੀ ਰਾਇ ਕਰਨੀ ਹੈ।
‘ਫੇਰ ਸਾਨੂੰ ਕਿਵੇਂ ਪਤਾ ਲੱਗੂ?’
ਬਿਰਧ ਔਰਤ ਦਾ ਚਿਹਰਾ ਉਦਾਸ ਹੋ ਗਿਆ। ‘ਤੁਸੀਂ ਆਪਣੀ ਰਾਇ ਦੱਸ ਕੇ ਜਾਓ ਸਾਨੂੰ।’ ਮਾਂ ਨੇ ਤਰਲਾ ਲਿਆ।
‘ਮੇਰੇ ਵੱਲੋਂ ਤਾਂ ਓ ਕੇ ਐ। ਨਾਟ ਵਰੀ। ਇਥੇ ਅੰਕਲ ਦੀ ਰਾਇ ਲੈ ਲਵਾਂ ਤੇ ਇਕ ਵਾਰ ਅਮਰੀਕਾ ਫੋਨ ਕਰਕੇ ਬੱਚਿਆਂ ਨੂੰ ਪੁੱਛ ਲਵਾਂ।’ ਆਖ ਕੇ ਲਹਿੰਬਰ ਨੇ ਬੇਦੀ ਨੂੰ ਉਠਣ ਦਾ ਇਸ਼ਾਰਾ ਕੀਤਾ।
ਸੁਣ ਕੇ ਮਾਂ ਦੇ ਚਿਹਰੇ ਉੱਤੇ ਜ਼ਰਾ ਕੁ ਰੌਣਕ ਪਰਤ ਆਈ। ਭਰਵੇਂ ਸਰੀਰ ਦੀ ਲੜਕੀ ਵੀ ਮੁਸਕੁਰਾ ਪਈ। ਫਿਰ ਸਾਰੇ ਉਨ੍ਹਾਂ ਨੂੰ ਬਾਹਰ ਤੱਕ ਛੱਡਣ ਆਏ। ਆਦਮੀ ਨੇ ਕਿਹਾ, ‘ਸਾਨੂੰ ਤੁਹਾਡੇ ਫੋਨ ਦੀ ਉਡੀਕ ਰਹੇਗੀ।’
***
ਵਾਪਸ ਮੁੜਦਿਆਂ ਰਸਤੇ ਵਿੱਚ ਸੋਢੀ ਨੇ ਪੁੱਛਿਆ, ‘ਬੇਦੀ, ਕਿਵੇਂ ਲੱਗੀ ਭਰਜਾਈ?’
‘ਕੁੜੀ ਦੀ ਉਮਰ ਤੇਰੇ ਨਾਲੋਂ ਅੱਧੀ ਲੱਗਦੀ ਐ।’ ਬੇਦੀ ਬੋਲਿਆ।
‘ਯਾ, ਇਹ ਖਤਰਾ ਤਾਂ ਹੈਗਾ। ਫੈਸ਼ਨ ਵੀ ਅਜੀਬ ਸੀ। ਅਮਰੀਕਾ ਪਹੁੰਚ ਕੇ ਜੇ ਇਹ ਪੀ ਆਰ ਲੈ ਕੇ ਫਰਾਰ ਹੋ ਗਈ, ਵਟ ਦੈਨ।’
‘ਸੋਢੀ, ਮੈਂ ਤਾਂ ਸਲਾਹ ਦਿੰਦਾ ਹਾਂ, ਕੋਈ ਢੰਗ ਦਾ ਨੌਕਰ ਰੱਖ ਲੈ।’
‘ਨੋ ਨੋ ਨੋ ਬੇਦੀ, ਕਿੰਨੇ ਕੁ ਨੌਕਰ ਰੱਖਾਂਗਾ? ਇਕ ਕੱਪੜੇ ਵਾਸ਼ ਕਰਨ ਲਈ। ਇਕ ਖਾਣਾ ਬਣਾਉਣ ਲਈ। ਇਕ ਘਰ ਦੀ ਸਫਾਈ ਲਈ। ਬਿਮਾਰੀ ਵੇਲੇ ਲੱਤਾਂ ਘੁੱਟਣ ਜਾਂ ਸਿਰ ਦਬਾਉਣ ਲਈ ਵੀ ਨੌਕਰ ਚਾਹੀਦਾ ਹੈ। ਇਹ ਸਾਰੇ ਕੰਮ ਤਾਂ ਭਾਰਤੀ ਬੀਵੀ ਹੀ ਕਰ ਸਕਦੀ ਹੈ। ਮੈਨੂੰ ਤੈਨੂੰ ਦੱਸਿਆ ਸੀ ਨਾ, ਬੜਾ ਸੋਚ-ਸੋਚ ਕੇ ਕਦਮ ਚੁੱਕਿਆ। ਨਾਲੇ ਨੌਕਰਾਂ ਦਾ ਕੀ ਭਰੋਸਾ ਬੇਦੀ, ਮੌਕਾ ਦੇਖ ਕੇ ਕਦ ਘਰ ਵਿੱਚ ਹੂੰਝਾ ਫੇਰ ਦੇਣ। ਮੇਰਾ ਹੀ ਗਲਾ ਦਬਾ ਦੇਣ। ਅਮਰੀਕਾ ਵਿੱਚ ਨੌਕਰ ਬੜਾ ਮਹਿੰਗਾ ਪੈਂਦੈ, ਵੈਰੀ ਕੌਸਟਲੀ, ਯੂ ਕਾਂਟ ਅਫੋਰਡ। ਇਹਦੇ ਮੁਕਾਬਲੇ ਵਿੱਚ ਇਕ ਵਾਈਫ ਬੜੀ ਸਸਤੀ ਪੈਂਦੀ ਆ ਬੇਦੀ। ਵਿਆਹ ਉੱਤੇ ਕਿੰਨਾ ਕੁ ਖਰਚ ਆਏਗਾ? ਗੁਰਦੁਆਰੇ ਜਾ ਕੇ ਲਾਵਾਂ ਹੀ ਪੜ੍ਹਨੀਆਂ ਨੇ। ਸੌ ਡੇਢ ਸੌ ਡਾਲਰ ਦਾ ਮਾਮਲਾ ਐ। ਫੇਰ ਤਾਂ ਮੌਜਾਂ ਹੀ ਮੌਜਾਂ ਨੇ। ਇਕ ਇਮਾਨਦਾਰ ਬੀਵੀ, ਮਲਟੀਪਰਪਜ਼ ਨੌਕਰ ਹੁੰਦੀ ਹੈ, ਯੂ ਨੋ?’
ਬੇਦੀ ਨੇ ਕੋਈ ਜਵਾਬ ਨਾ ਦਿੱਤਾ। ਰਸਤੇ ਵਿੱਚ ਇਕ ਜਗ੍ਹਾ ਬੀਅਰ ਪੀਂਦਿਆਂ ਸੋਢੀ ਬੋਲਿਆ, ‘17 ਚਿੱਠੀਆਂ ਵਿੱਚੋਂ ਛੇ ਲੜਕੀਆਂ ਚੁਣੀਆਂ ਨੇ। ਹੁਣ ਛੇਆਂ ਵਿੱਚੋਂ ਇਕ ਬਾਰੇ ਫੈਸਲਾ ਕਰਨੈ।’
ਫਿਰ ਉਸ ਨੇ ਬਲੱਡ ਪਰੈਸ਼ਰ ਤੇ ਸਾਹ ਨੂੰ ਸਾਵਾਂ ਰੱਖਣ ਲਈ ਗੋਲੀਆਂ ਦਾ ਫੱਕਾ ਮਾਰਿਆ। ਰੰਗ ਕੀਤੇ ਵਾਲਾਂ ਵਿੱਚ ਕੰਘੀ ਫੇਰੀ ਤੇ ਨਕਲੀ ਦੰਦਾਂ ਨਾਲ ਮੁਸਕਰਾਉਂਦਾ ਵੈਨ ਵਿੱਚ ਆ ਬੈਠਾ।
ਬੇਦੀ ਦੇ ਜ਼ਿਹਨ ਵਿੱਚ ਸੋਢੀ ਦੀ ਮਲਟੀਪਰਪਜ਼ ਫਿਲਾਸਫੀ ਘੁੰਮ ਰਹੀ ਸੀ। ਉਹ ਹੈਰਾਨ ਸੀ ਕਿ ਆਪਣੇ ਜਿਗਰੀ ਯਾਰ ਨਾਲ ਘੁੰਮਦਿਆਂ ਅੱਜ ਉਹ ਏਨਾ ਉਦਾਸ ਤੇ ਪਰੇਸ਼ਾਨ ਕਿਉਂ ਹੈ?