ਮਲਕੇਅਰ ਵੱਲੋਂ ਜਗਮੀਤ ਨੂੰ ਪਾਰਲੀਆਮੈਂਟ ਵਿੱਚ ਸੀਟ ਹਾਸਲ ਕਰਨ ਦੀ ਸਲਾਹ


ਓਟਵਾ, 2 ਅਪਰੈਲ (ਪੋਸਟ ਬਿਊਰੋ) : ਐਨਡੀਪੀ ਆਗੂ ਜਗਮੀਤ ਸਿੰਘ ਲਈ ਔਖੇ ਰਹੇ ਦੋ ਹਫਤਿਆਂ ਤੋਂ ਬਾਅਦ ਸਾਬਕਾ ਐਨਡੀਪੀ ਆਗੂ ਟੌਮ ਮਲਕੇਅਰ ਵੱਲੋਂ ਉਨ੍ਹਾਂ ਨੂੰ ਇਹ ਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਜਲਦ ਤੋਂ ਜਲਦ ਪਾਰਲੀਆਮੈਂਟ ਵਿੱਚ ਸੀਟ ਹਾਸਲ ਕਰ ਲੈਣ।
ਮਲਕੇਅਰ ਨੇ ਆਖਿਆ ਕਿ ਇੱਕ ਸੰਸਥਾ ਵਜੋਂ ਪਾਰਲੀਆਮੈਂਟ ਬਹੁਤ ਜ਼ਰੂਰੀ ਹੈ ਤੇ ਕਿਸੇ ਵੀ ਸਿਆਸੀ ਆਗੂ ਲਈ ਇਹ ਲਾਜ਼ਮੀ ਹੋ ਜਾਂਦਾ ਹੈ ਕਿ ਉਹ ਜਲਦ ਤੋਂ ਜਲਦ ਉੱਥੇ ਸੀਟ ਹਾਸਲ ਕਰੇ ਤਾਂ ਕਿ ਕੈਨੇਡੀਅਨਜ਼ ਉਸ ਨੂੰ ਚੰਗੀ ਤਰ੍ਹਾਂ ਜਾਣ ਸਕਣ। ਪਿਛਲੇ ਕੁੱਝ ਹਫਤਿਆਂ ਤੋਂ ਜਗਮੀਤ ਸਿੰਘ ਨੂੰ ਕਾਕਸ ਦੀ ਅਸੰਤੁਸ਼ਟੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੱਛੇ ਜਿਹੇ ਹੀ ਜਗਮੀਤ ਵੱਲੋਂ ਚਿਰਾਂ ਤੋਂ ਚੱਲੇ ਆ ਰਹੇ ਇੱਕ ਐਮਪੀ ਨੂੰ ਉਸ ਵੱਲੋਂ ਵਿਰੋਧੀ ਧਿਰ ਦੇ ਪੱਖ ਵਿੱਚ ਕੀਤੀ ਵੋਟ ਦੇ ਬਦਲੇ ਉਸ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਪਾਰਟੀ ਦੇ ਸੀਨੀਅਰ ਆਗੂ ਕਾਫੀ ਖਫਾ ਰਹੇ। ਐਨਡੀਪੀ ਦੇ ਐਮਪੀਜ਼ ਵੱਲੋਂ ਜਨਤਕ ਤੌਰ ਉੱਤੇ ਜਗਮੀਤ ਦੀ ਨੁਕਤਾਚੀਨੀ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਆਪਣਾ ਫੈਸਲਾ ਵਾਪਿਸ ਲੈ ਲਿਆ।
ਪਰ ਇਸ ਸੱਭ ਦੇ ਬਾਵਜੂਦ ਜਗਮੀਤ ਆਪਣੇ ਕਾਕਸ ਨੂੰ ਇੱਕਜੁੱਟ ਦੱਸ ਰਹੇ ਹਨ। ਮਲਕੇਅਰ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਜਗਮੀਤ ਦੀ ਕਾਰਗੁਜ਼ਾਰੀ ਕਿਹੋ ਜਿਹੀ ਹੈ ਤਾਂ ਉਨ੍ਹਾਂ ਆਖਿਆ ਕਿ ਸੂਝਵਾਨ ਤੇ ਨੌਜਵਾਨ ਨੂੰ ਪਾ ਕੇ ਐਨਡੀਪੀ ਕਾਕਸ ਕਾਫੀ ਖੁਸ਼ ਹੈ ਪਰ ਉਹ ਉਸ ਨੂੰ ਪਾਰਲੀਆਮੈਂਟ ਵਿੱਚ ਵੇਖਣਾ ਚਾਹੁੰਦੇ ਹਨ। ਮਲਕੇਅਰ ਨੇ ਆਖਿਆ ਕਿ ਉਹ ਸਮਝਦੇ ਹਨ ਕਿ ਲੀਡਰ ਵਜੋਂ ਤੁਹਾਡੀ ਸ਼ਕਤੀ ਦਾ ਬੀਜ ਕਾਕਸ ਹੀ ਹੁੰਦਾ ਹੈ। ਅਸੀਂ ਕਾਕਸ ਤੋਂ ਜੋ ਸੁਣ ਰਹੇ ਹਾਂ ਜਾਂ ਲੋਕਾਂ ਤੋਂ ਜੋ ਸਾਨੂੰ ਪਤਾ ਲੱਗ ਰਿਹਾ ਹੈ ਉਹ ਇਹ ਕਿ ਉਨ੍ਹਾਂ ਨੂੰ ਲੋਕ ਹੋਰ ਜਾਨਣਾ ਚਾਹੁੰਦੇ ਹਨ।
ਕਈ ਸਾਲਾਂ ਤੱਕ ਓਨਟਾਰੀਓ ਤੋਂ ਐਨਡੀਪੀ ਐਮਪੀਪੀ ਰਹੇ ਜਗਮੀਤ ਨੂੰ ਫੈਡਰਲ ਪੱਧਰ ਦਾ ਕੋਈ ਤਜਰਬਾ ਨਹੀਂ ਹੈ। ਕਾਮਨਜ਼ ਵਿੱਚ ਸੀਟ ਨਾ ਹੋਣ ਕਾਰਨ ਉਹ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਪ੍ਰਸ਼ਨ ਕਾਲ ਦੌਰਾਨ ਕੋਈ ਸਵਾਲ ਨਹੀਂ ਕਰ ਸਕਦੇ ਜਿਵੇਂ ਕਿ ਕੰਜ਼ਰਵੇਟਿਵ ਆਗੂ ਐਂਡਰਿਊ ਸ਼ੀਅਰ ਕਰਦੇ ਹਨ। ਹਾਲਾਂਕਿ ਜਗਮੀਤ ਓਟਵਾ ਵਿੱਚ ਹੋਣ ਵਾਲੀ ਕਾਕਸ ਦੀ ਹਫਤਾਵਾਰੀ ਮੀਟਿੰਗ ਵਿੱਚ ਜ਼ਰੂਰ ਹਿੱਸਾ ਲੈਂਦੇ ਹਨ ਤੇ ਉਸ ਤੋਂ ਬਾਅਦ ਮੀਡੀਆ ਨੂੰ ਵੀ ਸੰਬੋਧਨ ਕਰਦੇ ਹਨ। ਮਲਕੇਅਰ ਨੇ ਆਖਿਆ ਕਿ ਅਜੇ ਉਹ ਪਾਰਲੀਆਮੈਂਟ ਦੀਆਂ ਬਾਰੀਕੀਆਂ ਨੂੰ ਚੰਗੀ ਤਰ੍ਹਾਂ ਨਹੀਂ ਸਮਝਦੇ ਕਿਉਂਕਿ ਉਹ ਪਾਰਲੀਆਮੈਂਟ ਵਿੱਚ ਨਹੀਂ ਬੈਠਦੇ।
ਦੂਜੇ ਪਾਸੇ ਜਗਮੀਤ ਅਕਤੂਬਰ ਵਿੱਚ ਲੀਡਰਸਿ਼ਪ ਦੌੜ ਜਿੱਤਣ ਤੋਂ ਬਾਅਦ ਤੋਂ ਹੀ ਇਹ ਕਹਿੰਦੇ ਆਏ ਹਨ ਕਿ ਹਾਊਸ ਆਫ ਕਾਮਨਜ਼ ਵਿੱਚ ਸੀਟ ਨਾ ਹੋਣ ਦੇ ਬਾਵਜੂਦ ਉਹ ਖੁਸ਼ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਉਨ੍ਹਾਂ ਨੂੰ ਦੇਸ਼ ਦੇ ਹੋਰਨਾਂ ਲੋਕਾਂ ਤੱਕ ਪਹੁੰਚਣ ਦਾ ਵਾਧੂ ਮੌਕਾ ਮਿਲ ਰਿਹਾ ਹੈ।