ਮਰਜ਼

-ਚਰਨਜੀਤ ਨੌਹਰਾ

ਖੁਦ ਨੂੰ ਸ਼੍ਰੇਸ਼ਠ ਮੰਨਣ ਦਾ ਵਿਕਾਰ ਹੋ ਗਿਆ।
ਬੰਦਾ ਹੁਣ ਨਵੀਂ ਮਰਜ਼ ਦਾ ਸ਼ਿਕਾਰ ਹੋ ਗਿਆ।

ਨਜ਼ਰ ਆਵੇ ਉਹੀ, ਜਿਵੇਂ ਦਾ ਹੋਵੇ ਨਜ਼ਰੀਆ,
ਭਰਮਾਂ ਦਾ ਇਕ ਪਰਦਾ ਵਿਚਕਾਰ ਹੋ ਗਿਆ।

ਦਿਲ ਪੀਸ ਕੇ ਬੁੱਲ੍ਹਾਂ ‘ਤੇ ਹਾਸੇ ਮਲਦਾ ਗਰੀਬ
ਕਿ ਉਹਦਾ ਹੰਝੂ ਇਸ ਮੁਲਖੇ ਬੇਕਾਰ ਹੋ ਗਿਆ।

ਜਾਤਾਂ ਦਾ ‘ਲੀਫਲੈਟ’ ਹੀ ਸਾਡੀ ਪਿੱਠ ‘ਤੇ ਛਪਦਾ,
ਭਾਵੇਂ ਸਾਹਮਣੇ ਬੈਠੇ, ਸੁਰ ਇਕ-ਸਾਰ ਹੋ ਗਿਆ।

ਪਰਦਾ ਪਾਉਣ ਲਈ ਪਿਛਲੇ ਇਕ ਸੱਚ ‘ਤੇ,
ਵੇਖੋ ਕੂੜ ਝੂਠ ਦਾ ਕਿੰਨਾ ਵਿਸਥਾਰ ਹੋ ਗਿਆ।

ਰੋਵੇ ਮਜ਼ਦੂਰ, ਮਰੇ ਕਿਸਾਨ ਤੇ ਹਾਕਮ ਹੱਸਦੇ
ਅੱਖੋਂ ਨਮ ‘ਨੌਹਰਾ’ ਦਿਲੋਂ ਸ਼ਰਮਸ਼ਾਰ ਹੋ ਗਿਆ।