ਮਰਨ ਦਾ ਸਮਾਂ ਦਾ ਕਨੂੰਨ ਵੀ ਤੈਅ ਨਹੀਂ ਕਰਦਾ?

zzzzzzzz-300x11112

ਮੌਤ ਮਨੁੱਖ ਦਾ ਸੱਭ ਤੋਂ ਕਮਜ਼ੋਰ ਪੱਖ ਮੰਨਿਆ ਜਾਂਦਾ ਹੈ। ਸਿਰਫ਼ ਉਹੀ ਲੋਕ ਮੌਤ ਉੱਤੇ ਕਾਬੂ ਪਾਉਂਦੇ ਹਨ ਜਿਹਨਾਂ ਨੂੰ ਬਾਅਦ ਵਿੱਚ ਲੋਕੀ ਸ਼ਹੀਦ ਦਾ ਰੁਤਬਾ ਦੇ ਕੇ ਸਦਾ ਲਈ ਅਮਰ ਕਰ ਦੇਂਦੇ ਹਨ। ਬਦਲ ਰਹੀਆਂ ਸਥਿਤੀਆਂ ਦੇ ਮੱਦੇਨਜ਼ਰ ਸਾਡੇ ਕਾਇਦੇ ਕਨੂੰਨ ਬਦਲਦੇ ਹਨ ਅਤੇ ਮਨੁੱਖ ਨੂੰ ਉਹਨਾਂ ਕਾਇਦੇ ਕਨੂੰਨਾਂ ਦੇ ਹੱਥ ਵੱਸ ਹੋ ਕੇ ਹੀ ਜਿਉਣਾ ਪੈਂਦਾ ਹੈ। ਜਿਹੜੇ ਲੋਕ ਭਿਆਨਕ ਅਤੇ ਲਾਇਲਾਜ ਬਿਮਾਰੀਆਂ ਦਾ ਸਿ਼ਕਾਰ ਹੋ ਜਾਂਦੇ ਹਨ, ਉਹਨਾਂ ਦੇ ਜੀਵਨ ਦਾ ਆਖਰੀ ਸਮਾਂ ਉਹਨਾਂ ਵਾਸਤੇ ਬਹੁਤ ਕਸ਼ਟਦਾਇਕ ਅਤੇ ਉਹਨਾਂ ਦੀ ਸੇਵਾ ਕਰਨ ਵਾਲਿਆਂ ਲਈ ਬਹੁਤ ਮੁਸ਼ਕਲਾਂ ਭਰਿਆ ਹੋ ਸਕਦਾ ਹੈ। ਬੇਸ਼ੱਕ ਧਰਮ ਦੇ ਲਿਹਾਜ਼ ਨਾਲ ਮਰਨ ਦਾ ਕਾਰਜ ਰੱਬ ਦੇ ਹੱਥ ਛੱਡਿਆ ਜਾਣਾ ਚਾਹੀਦਾ ਹੈ ਲੇਕਿਨ ਅਜੋਕੇ ਸਮੇਂ ਵਿੱਚ ਰੱਬ ਦੀ ਗੱਲ ਵਿਚਾਰ ਕੇ ਕੰਮ ਨਹੀਂ ਚੱਲਦਾ। ਇਹਨਾਂ ਪ੍ਰਸਥਿਤੀਆਂ ਵੱਲੋਂ ਪੈਦਾ ਹੋਏ ਦਬਾਅ ਨੂੰ ਵੇਖਦੇ ਹੋਏ ਸਰਕਾਰ ਨੇ 10 ਮਹੀਨੇ ਪਹਿਲਾਂ ਕਨੂੰਨ ਪਾਸ ਕੀਤਾ ਕਿ ਗੰਭੀਰ ਬਿਮਾਰੀਆਂ ਤੋਂ ਪੀੜਤ ਲੋਕ ਡਾਕਟਰ ਦੀ ਸਹਾਇਤਾ ਨਾਲ ਮਰਨ ਦੀ ਆਗਿਆ ਹਾਸਲ ਕਰ ਸਕਦੇ ਹਨ।
ਡਾਕਟਰਾਂ ਦੀ ਸਹਾਇਤਾ ਨਾਲ ਮੌਤ ਦੇ ਕਨੂੰਨੀ ਬਣਨ ਨੂੰ 10 ਮਹੀਨੇ ਹੋ ਗਏ ਹਨ। ਇਸ ਅਰਸੇ ਦੌਰਾਨ 1324 ਕੈਨੇਡੀਅਨਾਂ ਨੇ ਸਮੇਂ ਤੋਂ ਪਹਿਲਾਂ ਰੱਬ ਦੇ ਘਰ ਜਾਣ ਨੂੰ ਤਰਜੀਹ ਦਿੱਤੀ ਹੈ। ਇਹ ਕਨੂੰਨ 17 ਜੂਨ 2016 ਨੂੰ ਪਾਸ ਕੀਤਾ ਗਿਆ ਸੀ।
ਕਈ ਗੱਲਾਂ ਕੁਦਰਤ ਦੇ ਹੱਥ ਹੁੰਦੀਆਂ ਹਨ। ਆਮ ਖਿਆਲ ਹੈ ਕਿ ਮਰਨ ਦੀ ਘਟਨਾ ਉਸ ਵੇਲੇ ਵਾਪਰਦੀ ਹੈ ਜਦੋਂ ਕਿਸੇ ਦਾ ਸਮਾਂ ਆ ਜਾਂਦਾ ਹੈ। ਇਸਨੂੰ ਮਨੁੱਖੀ ਗਲਤੀ ਕਿਹਾ ਜਾ ਸਕਦਾ ਹੈ ਜਾਂ ਫੇਰ ਕੁਦਰਤ ਦਾ ਹੇਰ ਫੇਰ ਕਿ ਜੂਨ 2016 ਵਿੱਚ ਖੁਦ ਦੀ ਮਰਜ਼ੀ ਨਾਲ ਮਰਨ ਬਾਰੇ ਬਣੇ ਕਨੂੰਨ (ਬਿੱਲ ਸੀ 14) ਵਿੱਚ ਇੱਕ ਵੱਡੀ ਕਮਜ਼ੋਰੀ ਰਹਿ ਗਈ। ਇਸ ਕਨੂੰਨ ਤਹਿਤ ਡਾਕਟਰ ਦੀ ਸਹਾਇਤਾ ਨਾਲ ਮਰਨ ਦਾ ਹੱਕ ਉਹਨਾਂ ਲੋਕਾਂ ਨੂੰ ਹੀ ਦਿੱਤਾ ਗਿਆ ਹੈ ਜਿਹਨਾਂ ਬਾਰੇ ਡਾਕਟਰ ਸਹਿਮਤ ਹੋਣ ਕਿ ਸਬੰਧਿਤ ਮਰੀਜ਼ ਦੀ ਕਿਸੇ ਖਾਸ ਸਮੇਂ ਦੇ ਅੰਦਰ ਮੌਤ ਹੋ ਜਾਵੇਗੀ। ਕਨੂੰਨ ਆਖਦਾ ਹੈ ਕਿ ਜਿਸ ਵਿਅਕਤੀ ਦੀ ‘ਵੇਖੇ ਜਾ ਸਕੱਣ ਵਾਲੇ ਸਮੇਂ ਦੌਰਾਨ’ (foreseeable in a period of time) ਕੁਦਰਤੀ ਰੂਪ ਵਿੱਚ ਮੌਤ ਹੋਣ ਦਾ ਕਿਆਸ ਕੀਤਾ ਜਾ ਸਕਦਾ ਹੈ, ਉਸਨੂੰ ਅਜਿਹੀ ਮੌਤ ਲੈਣ ਦਾ ਹੱਕ ਹੈ। ਪਰ ਇਹ ਸਮਾਂ ਬਹੁਤ ਲੰਬਾ ਨਹੀਂ ਹੋਣਾ ਚਾਹੀਦਾ। ਮੁਸ਼ਕਲ ਹੈ ਕਿ ਕਨੂੰਨ ਇਹ ਨਹੀਂ ਦੱਸਦਾ ਕਿ ਇਸ ‘ਬਹੁਤੇ ਲੰਬੇ ਸਮੇਂ’ ਦੀ ਸੀਮਾ ਕੀ ਹੈ? ਮਿਸਾਲ ਵਜੋਂ ਚਾਰ ਮਹੀਨੇ, ਛੇ ਮਹੀਨੇ ਆਦਿ। ਇਸ ਕਮਜ਼ੋਰੀ ਨੂੰ ਨਿਆਂ ਵਿਭਾਗ ਨੇ ਵੀ ਕਬੂਲ ਕੀਤਾ ਹੈ।
ਮਰੀਜ, ਮਰੀਜ਼ਾਂ ਦੇ ਪਰਿਵਾਰਕ ਮੈਂਬਰ ਅਤੇ ਇਲਾਜ ਕਰਨ ਵਾਲੇ ਡਾਕਟਰ ਅਕਸਰ ਭੰਬਲਭੂਸੇ ਵਿੱਚ ਰਹਿੰਦੇ ਹਨ ਕਿ ਕਿਵੇਂ ਤੈਅ ਕੀਤਾ ਜਾਵੇ ਕਿ ਮਰੀਜ਼ ਦੀ ਕਿਸ ‘ਵੇਖੇ ਜਾ ਸਕੱਣ ਵਾਲੇ ਸਮੇਂ ਦੌਰਾਨ’ ਕੁਦਰਤੀ ਮੌਤ ਹੋ ਜਾਵੇਗੀ ਤਾਂ ਜੋ ਉਸਤੋਂ ਪਹਿਲਾਂ ਮਰੀਜ਼ ਨੂੰ ਮੌਤ ਦੇ ਦਿੱਤੀ ਜਾ ਸਕੇ। ਬ੍ਰਿਟਿਸ਼ ਕੋਲੰਬੀਆ ਦੀ ਸਿਵਲ ਲਿਬਰਟੀਜ਼ ਐਸੋਸੀਏਸ਼ਨ ਨੇ ਇੱਕ ਮਰੀਜ਼ ਦੇ ਨਾਲ ਮਿਲ ਕੇ ਫੈਡਰਲ ਸਰਕਾਰ ਦੇ ਇਸ ਕਨੂੰਨ ਨੂੰ ਚੁਣੌਤੀ ਦਿੱਤੀ ਹੈ। ਇਸ ਮੁੱਕਦਮੇ ਵਿੱਚ ਤਰਕ ਦਿੱਤਾ ਗਿਆ ਹੈ ਕਿ ਕਈ ਕੇਸ ਅਜਿਹੇ ਹੁੰਦੇ ਹਨ ਜਿਹਨਾਂ ਵਿੱਚ ‘ਕੁਦਰਤੀ ਰੂਪ ਵਿੱਚ ਮੌਤ’ ਹੋਣ ਦੇ ਸਮੇਂ ਨੂੰ ਕਿਆਸਿਆ ਨਹੀਂ ਜਾ ਸਕਦਾ ਲੇਕਿਨ ਮਰੀਜ਼ ਦੀ ਹਾਲਤ ਸੱਚਮੁੱਚ ਬਹੁਤ ਖਰਾਬ ਹੁੰਦੀ ਹੈ। ਪਿਛਲੇ ਸਾਲ 70 ਸਾਲਾ ਕੈਨੇਡੀਅਨ ਔਰਤ ਰੂਥ ਡੱਫਿਨ ਦਾ ਕੇਸ ਚਰਚਾ ਦਾ ਵਿਸ਼ਾ ਬਣਿਆ ਸੀ ਜਿਸਨੂੰ ਡਾਕਟਰ ਦੀ ਸਹਾਇਤਾ ਨਾਲ ਮਰਨ ਲਈ ਸਵਿਟਰਜ਼ਰਲੈਂਡ ਜਾਣਾ ਪਿਆ। ਪਾਰਕਿਨਸਨ ਦੀ ਮਰੀਜ਼ ਰੂਥ ਹਰ ਰੋਜ਼ ਥੋੜਾ ਥੋੜਾ ਮਰ ਰਹੀ ਸੀ ਲੇਕਿਨ ਉਸਦੇ ਡਾਕਟਰ ਇਹ ਤੈਅ ਨਹੀਂ ਕਰ ਪਾ ਰਹੇ ਸਨ ਕਿ ਉਸਦੀ ਅਗਲੇ ਕਿੰਨੇ ਕੁ ਸਮੇਂ ਵਿੱਚ ਮੌਤ ਹੋ ਜਾਵੇਗੀ। ਬੀ ਸੀ ਸਿਵਲ ਲਿਬਰਟੀਜ਼ ਇਸ ਕਨੂੰਨੀ ਘੁਣਤਰ ਨੂੰ ਦੂਰ ਕਰਨ ਲਈ ਮੰਗ ਕਰ ਰਹੀ ਹੈ।
ਇਹ ਉਹੀ ਬੀ ਸੀ ਸਿਵਲ ਲਿਬਰਟੀਜ਼ ਐਸੋਸੀਏਸ਼ਨ ਹੈ ਜੋ ਪਹਿਲਾਂ ਡਾਕਟਰ ਦੀ ਸਹਾਇਤਾ ਨਾਲ ਮੌਤ ਕੀਤੇ ਜਾਣ ਦਾ ਵਿਰੋਧ ਕਰਦੀ ਸੀ। ਐਸੋਸੀਏਸ਼ਨ ਨੂੰ ਡਰ ਸੀ ਕਿ ਲੋਭੀ ਕਿਸਮ ਦੇ ਰਿਸ਼ਤੇਦਾਰ ਮਿੱਤਰ ਗੰਭੀਰ ਮਰੀਜ਼ਾਂ ਦੇ ਨਿਆਸਰੇਪਣ ਅਤੇ ਅਪਾਹਜਤਾ ਦਾ ਨਜਾਇਜ਼ ਲਾਭ ਲੈ ਸਕਦੇ ਹਨ। ਕੈਥਲਿਕਾਂ ਸਮੇਤ ਧਾਰਮਿਕ ਗਰੁੱਪਾਂ ਦਾ ਖਿਆਲ ਹੈ ਕਿ ਖੁਦ ਹੀ ਡਾਕਟਰ ਦੀ ਸਹਾਇਤਾ ਨਾਲ ਮਰਨ ਨੂੰ ਰੱਬ ਦੇ ਘਰ ਮਨਜ਼ੂਰੀ ਨਹੀਂ ਮਿਲੇਗੀ। ਜੇਕਰ ਪੰਜਾਬੀ ਭਾਈਚਾਰੇ ਦੀ ਗੱਲ ਕੀਤੀ ਜਾਵੇ ਤਾਂ ਕਮਿਉਨਿਟੀ ਦੇ ਆਗੂਆਂ ਖਾਸਕਰਕੇ ਧਾਰਮਿਕ ਆਗੂ ਇਸ ਮੁੱਦੇ ਉੱਤੇ ਚੁੱਪ ਹੀ ਰਹੇ ਹਨ। ਉਹਨਾਂ ਦਾ ਕਨੂੰਨ ਦੀ ਬਾਰੀਕੀ ਵਿੱਚ ਰਹਿ ਗਈਆਂ ਉਣਤਾਈਆਂ ਬਾਰੇ ਗੱਲ ਕਰਨਾ ਤਾਂ ਦੂਰ ਰਿਹਾ, ਡਾਕਟਰ ਦੀ ਮਦਦ ਨਾਲ ਮੌਤ ਬਾਰੇ ਹੀ ਆਪਣੇ ਸਟੈਂਡ ਨੂੰ ਹਾਲੇ ਤੱਕ ਸਪੱਸ਼ਟ ਨਹੀਂ ਕੀਤਾ ਹੈ। ਅਜਿਹੇ ਹਾਲਾਤਾਂ ਵਿੱਚ ਕਮਿਉਨਿਟੀ ਦਾ ਰੱਬ ਹੀ ਰਾਖਾ ਹੈ। ਵੈਸੇ ਰੱਬ ਵਿਚਾਰੇ ਦੀ ਅਜੋਕੇ ਸਮੇਂ ਵਿੱਚ ਸੁਣਦਾ ਵੀ ਕੌਣ ਹੈ। ਇੱਥੇ ਤਾਂ ਮਨੁੱਖਾਂ ਦੇ ਬਣਾਏ ਕਨੂੰਨ ਪ੍ਰਧਾਨ ਹਨ ਜਿਹਨਾਂ ਵਿੱਚ ਮੋਰੀਆਂ ਕੁਦਰਤ ਵੱਲੋਂ ਰਹਿ ਹੀ ਜਾਂਦੀਆਂ ਹਨ।