ਮਮਤਾ ਭਰੇ ਸ਼ਬਦਾਂ ਦਾ ਅਸਰ

-ਸਤਪਾਲ ਸਿੰਘ ਬੀਰੋਕੇ ਕਲਾਂ
ਦਸੰਬਰ 2010 ਵਿੱਚ ਬੀ ਐਡ ਦਾ ਪੇਪਰ ਬਠਿੰਡੇ ਹੋਣਾ ਸੀ। ਤਿੰਨਾਂ ਦੋਸਤਾਂ ਨੇ ਆਪਸੀ ਵਿਚਾਰ ਕਰਕੇ ਸਵੇਰੇ ਬੁਢਲਾਡੇ ਤੋਂ ਚੱਲਣ ਵਾਲੀ ਟ੍ਰੇਨ ਰਾਹੀਂ ਜਾਣ ਦਾ ਫੈਸਲਾ ਕੀਤਾ। ਘਰ ਦੇ ਵਿਹੜੇ ਵਿੱਚ ਮੌਸਮ ਸਾਫ ਹੋਣ ਕਾਰਨ ਪਿੰਡੋਂ ਬਾਹਰ ਵਾਲੇ ਮੌਸਮ ਦਾ ਲਾਇਆ ਗਲਤ ਅੰਦਾਜ਼ਾ ਓਦੋਂ ਭਾਰੀ ਪੈ ਗਿਆ, ਜਦੋਂ ਪਿੰਡ ਤੋਂ ਸ਼ਹਿਰ ਦਾ 25 ਮਿੰਟਾਂ ਦਾ ਸਫਰ ਇਕ ਘੰਟੇ ਵਿੱਚ ਬਦਲ ਗਿਆ। ਦਰਅਸਲ ਪਿੰਡੋਂ ਬਾਹਰ ਨਿਕਲਦੇ ਹੀ ਧੁੰਦ ਦੀ ਚਾਦਰ ਨੇ ਮੋਟਰ ਸਾਈਕਲ ਦੀ ਰਫਤਾਰ ਨਾ ਵਧਣ ਦਿੱਤੀ। ਉਸੇ ਸਮੇਂ ਰੇਲਵੇ ਸਟੇਸ਼ਨ ਉੱਤੇ ਖੜੇ ਦੋਸਤਾਂ ਦੇ ਵਾਰ-ਵਾਰ ਆ ਰਹੇ ਫੋਨ ਮੇਰੀ ਪ੍ਰੇਸ਼ਾਨੀ ਵਧਾ ਰਹੇ ਸਨ। ਫਿਰ ਸੂਚਨਾ ਮਿਲੀ ਕਿ ਧੁੰਦ ਕਰਕੇ ਟ੍ਰੇਨ ਡੱਬਾ ਲੇਟ ਆਉਣਾ ਹੈ, ਇਸ ਕਰਕੇ ਟਿਕਾਈ ਨਾਲ ਆਵੀਂ। ਇਸ ਤੋਂ ਵੱਧ ਟਿਕਾਈ ਕੀ ਹੋ ਸਕਦੀ ਸੀ। ਸਟੇਸ਼ਨ ਕੋਲ ਗੁਰੂ ਘਰ ਵਿੱਚ ਮੋਟਰ ਸਾਈਕਲ ਪਾਰਕ ਕਰਨ ਸਮੇਂ ਟ੍ਰੇਨ ਦੀ ਕੂਕ ਫੋਨ ਦੀ ਘੰਟੀ ਉੱਤੇ ਭਾਰੀ ਪੈ ਗਈ। ਜਲਦੀ ਨਾਲ ਸਟੇਸ਼ਨ ਨੂੰ ਦੌੜੇ, ਪਰ ਗਾਰਡ ਦੀ ਹਰੀ ਝੰਡੀ ਹੋਣ ਨਾਲ ਗੱਡੀ ਚੱਲ ਚੁੱਕੀ ਸੀ।
9.30 ਵਜੇ ਸ਼ੁਰੂ ਹੋਣ ਵਾਲੇ ਪੇਪਰ ਵਿੱਚ ਅਜੇ ਢਾਈ ਘੰਟੇ ਸਨ। ਬਠਿੰਡੇ ਪਹੁੰਚਿਆ ਜਾ ਸਕਦਾ ਸੀ, ਪਰ ਦਿਲ ਦੀ ਧਰਵਾਸ ਲਈ ਇਹ ਸਮਾਂ ਕਾਫੀ ਨਹੀਂ ਸੀ। ਖੈਰ, ਬੱਸ ਸਟੈਂਡ ਨੂੰ ਚਾਲੇ ਪਾ ਦਿੱਤੇ। ਭੀਖੀ ਨੂੰ ਜਾਣ ਲਈ ਬੱਸ ਤਿਆਰ ਖੜੀ ਸੀ, ਪਰ ਡਰਾਈਵਰ ਅਤੇ ਕੰਡਕਟਰ ਤੁਰਨ ਦੇ ਰੌਂਅ ਵਿੱਚ ਨਹੀਂ ਸਨ। ਡਰਾਈਵਰ ਲਾਗਲੀ ਸੀਟ ਉਪਰ ਬੈਠ ਕੇ ਬੱਸ ਦੀ ਅੰਦਰੂਨੀ ਹਾਲਤ ਦੇਖੀ ਤਾਂ ਪੇਪਰ ਦੇਣ ਦੀ ਆਸ ਫਿਰ ਟੁੱਟਦੀ ਦਿਸੀ। ਬੱਸ ਦੀ ਰੇਸ ਰੱਸੀ ਨਾਲ ਬੰਨ੍ਹੀ ਹੋਈ ਸੀ। ਬੇਹੱਦ ਖੜਾਕ ਕਰਦੀ ਬੱਸ ਦੇ ਕੁਝ ਸ਼ੀਸ਼ੇ ਟੁੱਟੇ ਹੋਣ ਕਰਕੇ ਠੰਢੀ ਹਵਾ ਨੂੰ ਪੂਰੀ ਆਜ਼ਾਦੀ ਮਿਲੀ ਹੋਈ ਸੀ। ਅੰਤਾਂ ਦੀ ਧੁੰਦ ਵਿੱਚ ਬਿਨਾ ਲਾਈਟਾਂ ਦੇ ਹੌਲੀ-ਹੌਲੀ ਚੱਲਦੀ ਬੱਸ ਮੇਰੇ ਦਿਲ ਦੀ ਧੜਕਣ ਵਧਾ ਰਹੀ ਸੀ। ਕਦੇ ਮੈਂ ਘੜੀ ਵੱਲ ਦੇਖਦਾ ਤੇ ਕਦੇ ਰੱਸੀ ਨਾਲ ਬੱਸ ਚਲਾਉਂਦੇ ਡਰਾਈਵਰ ਦੀ ਕਲਾ ਵੱਲ। ਪੇਪਰ ਦੀ ਟੈਨਸ਼ਨ ਮੇਰੇ ਲਈ ਆਫਤ ਬਣੀ ਹੋਈ ਸੀ। ਇਹ ਖਤਰਾ ਉਸ ਸਮੇਂ ਚਰਮ ਸੀਮਾ ਉੱਤੇ ਜਾ ਪੁੱਜਾ, ਜਦੋਂ ਬੱਸ ਦੇ ਮੂਹਰੇ ਗਾਂ ਆ ਗਈ। ਬੱਸ ਗਾਂ ਨਾਲ ਟਕਰਾਉਣ ਤੋਂ ਮਸਾਂ ਬਚੀ। ਸਟੇਸ਼ਨ ਤੋਂ ਭੀਖੀ ਤੱਕ ਦਾ ਇਹ ਸਫਰ ਮੇਰਾ ਅੱਧਾ ਸਮਾਂ ਖਾਂ ਗਿਆ।
ਭੀਖੀ ਪਹੁੰਚ ਕੇ ਕੁਝ ਤਸੱਲੀ ਹੋਈ, ਪਰ ਅਗਲੀ ਮੁਸੀਬਤ ਉਦੋਂ ਸ਼ੁਰੂ ਹੋ ਗਈ ਜਦੋਂ ਪਤਾ ਲੱਗਾ ਕਿ ਬਠਿੰਡੇ ਦੀ ਬੱਸ ਦੋ ਮਿੰਟ ਪਹਿਲਾਂ ਚਲੀ ਗਈ। ਆਖਰ ਇਕ ਪੁਲਸ ਮੁਲਾਜ਼ਮ ਦੀ ਮਦਦ ਨਾਲ ਰੁਕਵਾਏ ਟਰੱਕ ਵਿੱਚ ਮੈਂ ਸਵਾਰ ਹੋ ਗਿਆ। ਟਰੱਕ ਦੇ ਕੋਲ ਦੀ ਤੇਜ਼ੀ ਨਾਲ ਲੰਘ ਰਹੇ ਵਾਹਨ ਇਸ ਦੀ ਰਫਤਾਰ ਘੱਟ ਹੋਣ ਦਾ ਅਹਿਸਾਸ ਕਰਾ ਰਹੇ ਸਨ, ਪਰ ਇਸ ਵਿੱਚ ਬੱਸ ਦੀ ਤਰ੍ਹਾਂ ਡਰ ਨਹੀਂ ਸੀ ਲੱਗਦਾ। ਥੋੜ੍ਹਾ ਮੌਸਮ ਸਾਫ ਹੋਣ ਉੱਤੇ ਬੇਨਤੀ ਕਰਨ ਉਤੇ ਡਰਾਈਵਰ ਨੇ ਟਰੱਕ ਅੱਗੇ ਬੱਸ ਨਾਲ ਜਾ ਮਿਲਾਇਆ। ਮੈਂ ਬਠਿੰਡਾ ਪਹੁੰਚਣ ਹੀ ਵਾਲਾ ਸੀ ਕਿ ਮੋਬਾਈਲ ਉੱਤੇ ਨਜ਼ਰ ਪਈ ਤਾਂ ਦੋਸਤਾਂ ਦੀਆਂ ਕਾਫੀ ਮਿਸਡ ਕਾਲਾਂ ਦੇਖ ਕੇ ਉਨ੍ਹਾਂ ਨੂੰ ਫੋਨ ਲਾਇਆ। ਅੱਗੋਂ ‘ਸਵਿੱਚ ਆਫ’ ਆ ਰਿਹਾ ਸੀ। ਮਤਲਬ ਪੇਪਰ ਸ਼ੁਰੂ ਹੋ ਚੁੱਕਾ ਸੀ। ਮੈਸੇਜ ਤੋਂ ਜਾਣਕਾਰੀ ਮਿਲੀ ਕਿ ਮੇਰਾ ਰੋਲ ਨੰਬਰ 10 ਨੰਬਰ ਕਮਰੇ ਵਿੱਚ ਹੈ। ਕਾਫੀ ਜੱਦੋ ਜਹਿਦ ਪਿੱਛੋਂ ਪੇਪਰ ਲਈ ਪੁੱਜਣ ਵਿੱਚ ਅੱਧੇ ਘੰਟੇ ਦੀ ਦੇਰੀ ਹੋ ਚੁੱਕੀ ਸੀ।
ਠੰਢ ਅਤੇ ਭੁੱਖ ਨਾਲ ਘਬਰਾਹਟ ਦੀ ਵਧਣੀ ਸੁਭਾਵਿਕ ਸੀ। ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜੋ ਤਿਆਰੀ ਕੀਤੀ ਹੈ, ਉਹ ਸਭ ਸਾਫ ਹੋ ਗਿਆ ਹੈ। ਕਮਰੇ ਕੋਲ ਜਾਂਦਿਆਂ ਦੇਖਿਆ ਕਿ ਇਕ ਸਿਆਣੀ ਜਿਹੀ ਉਮਰ ਦੀ ਐਨਕਾਂ ਵਾਲੀ ਮੈਡਮ ਕਮਰੇ ਦੇ ਦਰਵਾਜ਼ੇ ਕੋਲ ਸ਼ੀਟ ਲਈ ਖੜੀ ਸੀ। ਮੈਨੂੰ ਦੇਖਦਿਆਂ ਹੀ ਉਸ ਨੇ ਮੇਰਾ ਰੋਲ ਨੰਬਰ ਬੋਲ ਦਿੱਤਾ। ਮੈਂ ‘ਹਾਂ’ ਵਿੱਚ ਸਿਰ ਹਿਲਾ ਦਿੱਤਾ। ਮੈਂ ਕੁਝ ਬੋਲਣ ਹੀ ਵਾਲਾ ਸੀ ਕਿ ਮੈਡਮ ਨੇ ਵਿੱਚੋਂ ਟੋਕਦਿਆਂ ਬੜੀ ਪਿਆਰੀ ਤੇ ਮਿੱਠੀ ਆਵਾਜ਼ ਵਿੱਚ ਕਿਹਾ, ‘ਬੇਟਾ ਕੋਈ ਗੱਲ ਨਹੀਂ, ਕਦੀ ਸਾਡੇ ਨਾ ਚਾਹੁੰਦਿਆਂ ਵੀ ਅਜਿਹਾ ਹੋ ਜਾਂਦਾ ਹੈ, ਹੁਣ ਤੁਸੀਂ ਬਾਕੀ ਸਮੇਂ ਨੂੰ ਸੰਭਾਲੋ।’
ਸਰਦੀ ਵਿੱਚ ਮੇਰੇ ਮੱਥੇ ਉੱਤੇ ਆਏ ਮੁੜ੍ਹਕੇ ਨੂੰ ਦੇਖਦਿਆਂ ਉਨ੍ਹਾਂ ਨੇ ਆਪਣੇ ਲਈ ਆਇਆ ਪਾਣੀ ਦਾ ਗਲਾਸ ਮੈਨੂੰ ਫੜਾ ਕੇ ਮੋਢੇ ਉੱਤੇ ਹਲਕੀ ਜਿਹੀ ਥਾਪੀ ਦੇ ਦਿੱਤੀ। ਉਨ੍ਹਾਂ ਦੇ ਮਮਤਾ ਭਰੇ ਸ਼ਬਦਾਂ ਨੇ ਮੇਰੇ ਉਤੇ ਜਾਦੂਈ ਅਸਰ ਕੀਤਾ ਕਿ ਘਬਰਾਹਟ, ਠੰਢ, ਭੁੱਖ ਸਭ ਕੁਝ ਦਾ ਅੰਤ ਹੋ ਗਿਆ। ਪੇਪਰ ਖਤਮ ਹੋਣ ਉੱਤੇ ਪਤਾ ਹੀ ਨਾ ਲੱਗਾ ਕਿ ਉਹ ਕਦੋਂ ਪੇਪਰ ਇਕੱਠੇ ਲੈ ਕੇ ਚਲੇ ਗਏ। ਧੰਨਵਾਦ ਕਰਨ ਨੂੰ ਉਨ੍ਹਾਂ ਦਾ ਪਿੱਛਾ ਕੀਤਾ, ਪਰ ਉਹ ਨਹੀਂ ਮਿਲੇ। ਹੁਣ ਜਦੋਂ ਕਦੇ ਸਰਟੀਫਿਕੇਟ ਦੇਖਦਾ ਹਾਂ ਤਾਂ ਘੱਟ ਸਮੇਂ ਵਿੱਚ ਕੀਤੇ ਪੇਪਰ ਦੇ, ਦੂਜੇ ਪੇਪਰਾਂ ਨਾਲੋਂ ਆਏ ਵੱਧ ਨੰਬਰ ਦੇਖ ਕੇ ਉਸ ਮੈਡਮ ਦੇ ਮਮਤਾ ਭਰੇ ਸ਼ਬਦ ਯਾਦ ਆ ਜਾਂਦੇ ਹਨ ਅਤੇ ਨਾਲ ਇਹ ਅਫਸੋਸ ਹੁੰਦਾ ਹੈ ਕਿ ਮੈਂ ਉਨ੍ਹਾਂ ਦਾ ਧੰਨਵਾਦ ਤੱਕ ਨਹੀਂ ਕਰ ਸਕਿਆ।