ਮਮਤਾ ਬੈਨਰਜੀ ਦੇ ਸਿਰ ਦਾ ਇਨਾਮ ਭਾਜਪਾ ਆਗੂ ਵੱਲੋਂ ਐਲਾਨਣ ਦਾ ਮੁੱਦਾ ਪਾਰਲੀਮੈਂਟ ਵਿੱਚ ਗੂੰਜਿਆ

yogesh varshney
ਨਵੀਂ ਦਿੱਲੀ, 12 ਅਪ੍ਰੈਲ (ਪੋਸਟ ਬਿਊਰੋ)- ਉੱਤਰ ਪ੍ਰਦੇਸ਼ ਦੀ ਭਾਜਪਾ ਦੇ ਇੱਕ ਨੇਤਾ ਵੱਲੋਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਕਤਲ ਵਾਸਤੇ 11 ਲੱਖ ਰੁਪਏ ਦਾ ਇਨਾਮ ਰੱਖਣ ਦੇ ਵਿਵਾਦਤ ਬਿਆਨ ਦਾ ਮੁੱਦਾ ਕੱਲ੍ਹ ਪਾਰਲੀਮੈਂਟ ਦੇ ਦੋਵਾਂ ਸਦਨਾਂ ਵਿੱਚ ਗੂੰਜਿਆ। ਸਰਕਾਰ ਨੇ ਇਸ ਵਿਵਾਦਤ ਬਿਆਨ ਤੋਂ ਖੁਦ ਨੂੰ ਵੱਖ ਕਰਨ ਦੀ ਕੋਸ਼ਿਸ਼ ਕੀਤੀ, ਪਰ ਵਿਰੋਧੀ ਧਿਰ ਨੇ ਸਰਕਾਰ ਨੂੰ ਜੰਮ ਕੇ ਨਿਸ਼ਾਨਾ ਬਣਾਇਆ।
ਸਮਾਜਵਾਦੀ ਪਾਰਟੀ ਦੇ ਪਾਰਲੀਮੈਂਟ ਮੈਂਬਰ ਜਯਾ ਬੱਚਨ ਨੇ ਰਾਜ ਸਭਾ ਵਿੱਚ ਤਿੱਖੇ ਲਫਜ਼ਾਂ ਵਿੱਚ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ ਸਰਕਾਰ ਗਾਵਾਂ ਬਚਾਉਣ ਲਈ ਕਦਮ ਚੁੱਕ ਰਹੀ ਹੈ, ਪਰ ਔਰਤਾਂ ਉੱਤੇ ਜ਼ੁਲਮ ਘੱਟ ਨਹੀਂ ਹੋ ਰਹੇ। ਪਾਰਲੀਮੈਟਰੀ ਮਾਮਲਿਆਂ ਬਾਰੇ ਰਾਜ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਇਸ ਬਿਆਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਰਾਜ ਸਰਕਾਰ ਉਸ ਨੇਤਾ ਦੇ ਖਿਲਾਫ਼ ਢੁਕਵੀਂ ਕਾਨੂੰਨੀ ਕਾਰਵਾਈ ਕਰ ਸਕਦੀ ਹੈ। ਸਦਨ ਦੀ ਕਾਰਵਾਈ ਦੇ ਸ਼ੁਰੂ ਹੁੰਦੇ ਸਾਰ ਤ੍ਰਿਣਮੂਲ ਕਾਂਗਰਸ ਦੇ ਮੈਂਬਰ ਸੁਖੇਂਦੂ ਸ਼ੇਖਰ ਰਾਇ ਨੇ ਮੁੱਦਾ ਉਠਾ ਕੇ ਕਿਹਾ ਕਿ ਹਾਕਮ ਪਾਰਟੀ ਦੇ ਇਕ ਕਾਰਜਕਰਤਾ ਨੇ ਬੜਾ ਇਤਰਾਜ਼ਯੋਗ ਬਿਆਨ ਦਿੱਤਾ ਹੈ। ਉਨ੍ਹਾਂ ਕੇਂਦਰ ਉੱਤੇ ਦੋਸ਼ ਲਾਇਆ ਕਿ ਪੱਛਮੀ ਬੰਗਾਲ ਵਿੱਚ ਧਰਮ ਅਤੇ ਹੋਰਨਾਂ ਮੁੱਦਿਆਂ ਉੱਤੇ ਕੇਂਦਰ ਸਰਕਾਰ ਅੱਤਵਾਦ ਫੈਲਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਇਸ ਦੇ ਜਵਾਬ ਵਿੱਚ ਭਾਜਪਾ ਦੀ ਨੇਤਾ ਰੂਪਾ ਗਾਂਗੁਲੀ ਨੇ ਤ੍ਰਿਣਮੂਲ ਕਾਂਗਰਸ ਉੱਤੇ ਹਮਲਾ ਕਰਦਿਆਂ ਕਿਹਾ ਕਿ ਤ੍ਰਿਣਮੂਲ ਦੇ ਗੁੰਡਿਆਂ ਨੇ 17 ਵਾਰ ਉਨ੍ਹਾਂ ਉੱਤੇ ਵਾਰ ਕੀਤਾ ਹੈ। ਗਾਂਗੁਲੀ ਨੇ ਕਿਹਾ ਕਿ ਮੁੱਖ ਮੰਤਰੀ ਮਮਤਾ ਨੂੰ ਇਸ ਦਾ ਜਵਾਬ ਵੀ ਦੇਣਾ ਚਾਹੀਦਾ ਹੈ। ਵਿਰੋਧੀ ਧਿਰ ਨੇ ਆਪਣਾ ਰੋਸ ਜਾਰੀ ਰੱਖਦਿਆਂ ਇਸ ਘਟਨਾ ਦੀ ਨਿਖੇਧੀ ਕਰਨ ਦੀ ਮੰਗ ਕੀਤੀ। ਲੋਕ ਸਭਾ ਵਿੱਚ ਵੀ ਕਾਰਵਾਈ ਸ਼ੁਰੂ ਹੁੰਦੇ ਸਾਰ ਤ੍ਰਿਣਮੂਲ ਕਾਂਗਰਸ ਦੇ ਪਾਰਲੀਮੈਂਟ ਮੈਂਬਰ ਸੌਗਤ ਰਾਇ ਨੇ ਮੁੱਦਾ ਉਠਾਇਆ ਅਤੇ ਕਿਹਾ ਕਿ ਇਕ ਚੁਣੀ ਹੋਈ ਮੁੱਖ ਮੰਤਰੀ ਦੇ ਖਿਲਾਫ਼ ਏਦਾਂ ਦਾ ਬਿਆਨ ਦੇਣਾ ਸਹੀ ਨਹੀਂ ਹੈ, ਜੋ ਕੇਂਦਰੀ ਮੰਤਰੀ ਵੀ ਰਹਿ ਚੁੱਕੀ ਹੈ। ਕਾਂਗਰਸ ਨੇਤਾ ਮਲਿਕਅਰਜੁਨ ਖੜਗੇ ਨੇ ਘਟਨਾ ਦੀ ਨਿਖੇਧੀ ਕੀਤੀ। ਸਪੀਕਰ ਸੁਮਿੱਤਰਾ ਮਹਾਜਨ ਨੇ ਇਸ ਬਾਰੇ ਕਿਹਾ ਕਿ ਸਾਰੇ ਪਾਰਲੀਮੈਂਟ ਮੈਂਬਰ ਲੋਕਾਂ ਦੇ ਚੁਣੇ ਹੋਏ ਹਨ ਅਤੇ ਸਭ ਨੂੰ ਬੋਲਣ ਲੱਗਿਆਂ ਸੰਜਮ ਵਰਤਣਾ ਚਾਹੀਦਾ ਹੈ।