ਮਮਤਾ ਬੈਨਰਜੀ ਦੇ ਨੇੜਲੇ ਸਾਥੀ ਮੁਕੁਲ ਰਾਏ ਦਾ ਤਿ੍ਰਣਮੂਲ ਕਾਂਗਰਸ ਤੋਂ ਤੋੜ ਵਿਛੋੜਾ

mukul rai
ਨਵੀਂ ਦਿੱਲੀ, 12 ਅਕਤੂਬਰ (ਪੋਸਟ ਬਿਊਰੋ)- ਤਿ੍ਰਣਮੂਲ ਕਾਂਗਰਸ ਤੋਂ ਸਸਪੈਂਡ ਆਗੂ ਅਤੇ ਪਾਰਲੀਮੈਂਟ ਮੈਂਬਰ ਮੁਕੁਲ ਰਾਏ ਨੇ ਕੱਲ੍ਹ ਇਸ ਪਾਰਟੀ ਤੋਂ ਕਿਨਾਰਾ ਕਰ ਲਿਆ ਅਤੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇਣ ਦੇ ਨਾਲ ਉਨ੍ਹਾਂ ਨੇ ਪਾਰਟੀ ਦੇ ਰਾਜ ਸਭਾ ਮੈਂਬਰ ਵਜੋਂ ਵੀ ਅਸਤੀਫਾ ਦੇ ਦਿੱਤਾ। ਉਨ੍ਹਾਂ ਕਿਹਾ ਕਿ ਪਾਰਟੀ ਦੇ ਸਾਰੇ ਮੈਂਬਰਾਂ ਨੂੰ ਆਪੋ ਵਿੱਚ ਸਾਥੀ ਮੰਨਿਆ ਜਾਣਾ ਚਾਹੀਦਾ ਹੈ, ਨੌਕਰ ਨਹੀਂ।
ਕੱਲ੍ਹ ਦਿੱਲੀ ਵਿੱਚ ਰਾਜ ਸਭਾ ਦੇ ਚੇਅਰਮੈਨ ਅਤੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨਾਲ ਮੁਲਾਕਾਤ ਕਰਕੇ ਮੁਕੁਲ ਰਾਏ ਨੇ ਰਾਜ ਸਭਾ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਛੱਡਣ ਦਾ ਦੁੱਖ ਹੈ। ਉਨ੍ਹਾਂ ਇਹ ਵੀ ਕਿਹਾ ਕਿ 17 ਦਸੰਬਰ 1997 ਨੂੰ ਤਿ੍ਰਣਮੂਲ ਕਾਂਗਰਸ ਦੇ ਸਥਾਪਨਾ ਪੱਤਰ ਲਈ ਦਿੱਤੀ ਅਰਜ਼ੀ ਵਿੱਚ ਉਨ੍ਹਾਂ ਦੇ ਦਸਤਖਤ ਸਨ। ਉਨ੍ਹਾਂ ਕਿਹਾ ਕਿ ਤਦ ਇਹ ਪਤਾ ਨਹੀਂ ਸੀ ਕਿ ਇਕ ਦਿਨ ਅਜਿਹਾ ਵੀ ਆਏਗਾ। ਤਿ੍ਰਣਮੂਲ ਕਾਂਗਰਸ ਵਿੱਚ ਦੂਸਰੇ ਦਰਜੇ ਦੇ ਆਗੂ ਰਹੇ ਮੁਕੁਲ ਰਾਏ ਨੇ ਕਿਹਾ ਕਿ ਪਾਰਟੀ ਵਿੱਚ ਸਭਨਾਂ ਨੂੰ ਸਾਥੀ ਮੰਨਿਆ ਜਾਣਾ ਚਾਹੀਦਾ ਹੈ, ਨੌਕਰ ਨਹੀਂ, ਪ੍ਰੰਤੂ ਵੰਨ ਮੈਨ ਪਾਰਟੀ ਇਸ ਤਰ੍ਹਾਂ ਕੰਮ ਨਹੀਂ ਕਰਦੀ। ਭਾਜਪਾ ਵਿੱਚ ਜਾਣ ਦੀਆਂ ਖਬਰਾਂ ਦੌਰਾਨ ਉਨ੍ਹਾਂ ਕਿਹਾ ਕਿ 1998 ਵਿੱਚ ਪੱਛਮੀ ਬੰਗਾਲ ਵਿੱਚ ਸੀਟਾਂ ਦਾ ਸਮਝੌਤਾ ਕਰਦੇ ਸਮੇਂ ਤਿ੍ਰਣਮੂਲ ਲੀਡਰਸ਼ਿਪ ਨੇ ਕਿਹਾ ਸੀ ਕਿ ਭਾਜਪਾ ਫਿਰਕੂ ਨਹੀਂ ਹੈ। ਦੂਸਰੇ ਪਾਸੇ ਪਾਰਟੀ ਦੇ ਲੋਕਾਂ ਦੀ ਸਮਝ ਹੈ ਕਿ ਜੇ ਰਾਏ ਭਾਜਪਾ ਨਾਲ ਹੱਥ ਮਿਲਾਉਣ ਤਾਂ ਇਹ ਮਮਤਾ ਬੈਨਰਜੀ ਲਈ ਕਠਿਨਾਈ ਪੈਦਾ ਕਰ ਸਕਦੇ ਹਨ। ਉਹ ਪਾਰਟੀ ਦੇ ਕਈ ਅੰਦਰੂਨੀ ਰਾਜ਼ ਜਾਣਦੇ ਹੋਣਗੇ, ਜਿਸ ਨਾਲ ਪਰੇਸ਼ਾਨ ਹੋਣਾ ਤੈਅ ਹੈ। ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਰਾਏ ਨੂੰ ਛੇ ਸਾਲਾਂ ਲਈ ਤਿ੍ਰਣਮੂਲ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ। ਇਸ ਪਿੱਛੋਂ 25 ਸਤੰਬਰ ਨੂੰ ਉਨ੍ਹਾਂ ਕਿਹਾ ਸੀ ਕਿ ਦੁਰਗਾ ਪੂਜਾ ਪਿੱਛੋਂ ਉਹ ਪਾਰਟੀ ਤੋਂ ਅਸਤੀਫਾ ਦੇ ਦੇਣਗੇ।