ਮਨੁੱਖੀ ਤਸਕਰੀ ਵਿਰੁੱਧ ਨਿੱਜੀ ਜਾਗਰੂਕਤਾ ਸਮੇਂ ਦੀ ਲੋੜ

zzzzzzzz-300x1111ਲੰਡਨ (ਉਂਟੇਰੀਓ) ਪੁਲੀਸ ਨੇ ਕੱਲ 78 ਵਿਅਕਤੀਆਂ ਖਿਲਾਫ਼ ਮਨੁੱਖੀ ਤਸਕਰੀ ਕਰਨ ਬਾਬਤ 129 ਦੋਸ਼ ਆਇਦ ਕੀਤੇ ਹਨ। ਇਹ ਚਾਰਜ ਲੱਗਭੱਗ ਛੇ ਮਹੀਨੇ ਤੱਕ ਚੱਲੇ ਇੱਕ ਪ੍ਰੋਜੈਕਟ ਤਹਿਤ ਕੀਤੀ ਤਹਿਕੀਕਾਤ ਤੋਂ ਬਾਅਦ ਲਾਉਣੇ ਸੰਭਵ ਹੋਏ। ਮਨੁੱਖੀ ਤਸਕਰੀ ਦਾ ਸਿ਼ਕਾਰ ਹੋਈਆਂ ਔਰਤਾਂ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ 400 ਸੀਰੀਜ਼ ਹਾਈਵੇਜ਼ ਖਾਸ ਕਰਕੇ 401 ਹਾਈਵੇਅ ਉੱਤੇ ਬਣੇ ਬਹੁਤ ਸਾਰੇ ਹੋਟਲ ਮੋਟਲ ਸੈਕਸ ਨਾਲ ਸਬੰਧਿਤ ਤਸਕਰੀ ਕਰਨ ਵਾਲਿਆਂ ਲਈ ਬਹਿਸ਼ਤ ਬਣੇ ਹੋਏ ਹਨ।

401 ਹਾਈਵੇਅ ਇਸ ਮਾਮਲੇ ਵਿੱਚ ਕਿੰਨੀ ਬਦਨਾਮ ਹੈ, ਇਸ ਬਾਰੇ ਕੰਜ਼ਰਵੇਟਿਵ ਪਾਰਟੀ ਦੀ ਐਮ ਪੀ ਪੀ ਲੌਰੀ ਸਕੌਟ ਵੱਲੋਂ ਪੇਸ਼ ਬਿੱਲ ੰSaving the Girl Next Door Act ਉੱਤੇ ਹੋਈ ਬਹਿਸ ਦੌਰਾਨ ਲਿਬਰਲ ਪਾਰਟੀ ਦੀ ਕੈਂਬਰਿਜ਼ ਤੋਂ ਐਮ ਪੀ ਪੀ ਕੈਥਰਿਨ ਮੈਕਗੈਰੀ ਦੇ ਸ਼ਬਦ ਜਿ਼ਕਰਯੋਗ ਹਨ। ਕੈਥਰਿਨ ਆਖਦੀ ਹੈ ਕਿ ਮੇਰੀ ਰਾਈਡਿੰਗ ਦੇ ਇੱਕ ਹਿੱਸੇ ਵਿੱਚੋਂ 401 ਗੁਜ਼ਰਦੀ ਹੈ ਜਿਸ ਦੇ ਇਰਦ ਗਿਰਦ ਬਣੇ ਹੋਟਲਾਂ ਮੋਟਲਾਂ ਵੱਲ ਹੁਣ ਮੈਂ ਬਹੁਤ ਹੀ ਵੱਖਰੇ ਦ੍ਰਿਸ਼ਟੀਕੋਣ ਤੋਂ ਨਜ਼ਰ ਮਾਰਦੀ ਹੈ। ਕੈਥਰਿਨ ਮੁਤਾਬਕ ਉਹਨਾਂ ਔਰਤਾਂ ਦੀਆਂ ਕਹਾਣੀਆਂ ਬਹੁਤ ਹੀ ਖੌਫਨਾਕ ਹਨ ਜਿਹੜੀਆਂ ਤਸਕਰੀ ਦਾ ਸਿ਼ਕਾਰ ਹੁੰਦੀਆਂ ਹਨ ਅਤੇ ਇਹਨਾਂ ਵਿੱਚੋਂ ਕਈਆਂ ਦਾ ਹੋ ਸਕਦਾ ਹੈ ਕਿ ਮੇਰੀ ਰਾਈਡਿੰਗ ਵਿੱਚੋਂ ਦੌੜਦੀ ਜਾਂਦੀ 401 ਦੇ ਆਲੇ ਦੁਆਲੇ ਦੇ ਹੋਟਲਾਂ ਵਿੱਚ ਸੋਸ਼ਣ ਹੋਇਆ ਹੋਵੇ।

401 ਹਾਈਵੇਅ ਦਾ ਜਿ਼ਕਰ ਮਹਿਜ਼ ਸਮੱਸਿਆ ਨੂੰ ਇੱਕ ਪਰੀਪੇਖ ਵਿੱਚ ਪਰਗਟਾਉਣ ਲਈ ਕੀਤਾ ਗਿਆ ਹੈ। ਜਿੱਥੇ ਤੱਕ ਮਨੁੱਖੀ ਤਸਕਰੀ ਦਾ ਸਬੰਧ ਹੈ, ਕੈਨੇਡਾ ਵਿੱਚ ਇਹ ਇੱਕ ਗੰਭੀਰ ਸਮਸਿਆ ਹੈ। ਕੈਨੇਡਾ ਦੇ ਅੰਕੜਾ ਵਿਭਾਗ ਦੇ ਕੁੱਝ ਅੰਕੜੇ ਇਸ ਸਮੱਸਿਆ ਦੇ ਕੁੱਝ ਪਹਿਲੂਆਂ ਉੱਤੇ ਇਸ ਤਰਾਂ ਦੀ ਰੋਸ਼ਨੀ ਪਾਉਂਦੇ ਹਨ:

· ਪੁਲੀਸ ਕੋਲ ਕੀਤੇ ਜਾਂਦੇ ਮਨੁੱਖੀ ਤਸਕਰੀ ਦੇ ਕੇਸਾਂ ਵਿੱਚ 2013-14 ਤੋਂ ਬਾਅਦ ਦੁੱਗਣਾ ਵਾਧਾ ਹੋਇਆ ਹੈ। 2009 ਤੋਂ 2014 ਦਰਮਿਆਨ 509 ਕੇਸ ਪੁਲੀਸ ਕੋਲ ਰਿਪੋਰਟ ਕੀਤੇ ਗਏ ਜੋ ਅਸਲ ਵਿੱਚ ਹੋਏ ਅਪਰਾਧਾਂ ਦਾ ਨਿਗੂਣਾ ਜਿਹਾ ਹਿੱਸਾ ਵੀ ਨਹੀਂ ਬਣਦੇ। ਜਿ਼ਆਦਾਤਰ ਕੇਸ ਕਦੇ ਵੀ ਪੁਲੀਸ ਦੀਆਂ ਫਾਈਲਾਂ ਤੱਕ ਨਹੀਂ ਪੁੱਜਦੇ।

· ਮਨੁੱਖੀ ਤਸਕਰੀ ਵਿੱਚ ਪੀੜਤਾਂ ਦਾ 93% ਹਿੱਸਾ ਔਰਤਾਂ ਹੁੰਦੀਆਂ ਹਨ ਜਿਹਨਾਂ ਵਿੱਚੋਂ ਬਹੁ ਗਿਣਤੀ ਦੀ ਉਮਰ 18 ਤੋਂ 24 ਸਾਲ ਦਰਮਿਆਨ ਹੁੰਦੀ ਹੈ। ਕੌੜਾ ਸੱਚ ਇਹ ਵੀ ਹੈ ਕਿ 25% ਕੇਸਾਂ ਵਿੱਚ ਪੀੜਤਾਂ ਦੀ ਉਮਰ 18 ਸਾਲ ਤੋਂ ਵੀ ਘੱਟ ਹੁੰਦੀ ਹੈ, ਕਈ ਤਾਂ ਮਹਿਜ਼ 11 ਜਾਂ 12 ਸਾਲ ਦੀਆਂ ਬੱਚੀਆਂ ਹੁੰਦੀਆਂ ਹਨ।

· 93% ਕੇਸਾਂ ਵਿੱਚ ਪੀੜਤ ਔਰਤ ਨੂੰ ਪਤਾ ਹੁੰਦਾ ਸੀ ਕਿ ਉਸ ਨਾਲ ਧੋਖਾ ਕਰਨ ਵਾਲਾ ਵਿਅਕਤੀ ਕੌਣ ਹੈ। ਇਸਦਾ ਭਾਵ ਹੈ ਕਿ ਪਰਿਵਾਰਾਂ ਨੂੰ ਆਪਣੀਆਂ ਧੀਆਂ ਭੈਣਾਂ ਦੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀਆਂ ਉੱਤੇ ਕਰੜੀ ਨਜ਼ਰ ਰੱਖਣੀ ਚਾਹੀਦੀ ਹੈ।

· ਤਸਕਰੀ ਕਰਨ ਵਾਲੇ ਦੋਸ਼ੀਆਂ ਵਿੱਚ ਬਹੁ-ਗਿਣਤੀ ਮਰਦ ਹੁੰਦੇ ਹਨ ਜਦੋਂ ਕਿ ਪੀੜਤਾਂ ਵਿੱਚ ਔਰਤਾਂ ਹੁੰਦੀਆਂ ਹਨ। ਸੋ ਕੈਨੇਡਾ ਵਿੱਚ ਔਰਤ-ਮਰਦ ਦੀ ਬਰਾਬਰੀ ਵਾਲਾ ਸਿਧਾਂਤ ਇਸ ਕਾਲੇ ਵਿਉਪਾਰ ਵਿੱਚ ਲਾਗੂ ਨਹੀਂ ਹੁੰਦਾ। ਚੰਗਾ ਇਹ ਹੈ ਕਿ ਔਰਤਾਂ ਖੁਦ ਇਸ ਕੌੜੀ ਸੱਚਾਈ ਨੂੰ ਧਿਆਨ ਵਿੱਚ ਰੱਖ ਕੇ ਆਪਣਾ ਖਿਆਲ ਰੱਖਣ ਅਤੇ ਨਾਬਾਲਗ ਬੱਚੀਆਂ ਦੀ ਸੁਰੱਖਿਆ ਬਾਰੇ ਮਾਪੇ ਚੇਤੰਨ ਰਹਿਣ।

ਔਰਤਾਂ ਨੂੰ ਆਨੇ ਬਹਾਨੇ ਵਰਗਲਾ ਕੇ ਸਰੀਰਕ ਸੋਸ਼ਣ ਲਈ ਲੈ ਜਾਣਾ ਕੈਨੇਡਾ ਦੇ ਜਨ-ਜੀਵਨ ਦਾ ਇੱਕ ਕੌੜਾ ਪੱਖ ਹੈ। ਕੌੜਾ ਸੱਚ ਇਹ ਵੀ ਹੈ ਕਿ ਉਂਟੇਰੀਓ ਨੂੰ ਕੈਨੇਡਾ ਵਿੱਚ ਮਨੁੱਖੀ ਤਸਕਰੀ ਦਾ ਗੜ ਮੰਨਿਆ ਜਾਂਦਾ ਹੈ। ਇਸ ਬੁਰਾਈ ਨਾਲ ਜੂਝ ਰਹੀਆਂ ਸੰਸਥਾਵਾਂ ਲਈ ਚਿੰਤਾ ਵਾਲੀ ਗੱਲ ਇਹ ਹੈ ਕਿ ਜਿ਼ਆਦਾਤਰ ਲੋਕੀ ਇਸ ਖੌਫਨਾਕ ਅਤੇ ਘਿਨਾਉਣੇ ਜੁਰਮ ਬਾਰੇ ਜਾਗਰੂਕ ਹੀ ਨਹੀਂ ਹਨ। ਦੂਰ ਕੀ ਜਾਣਾ ਹੈ, ਪੀਲ ਰੀਜਨਲ ਪੁਲੀਸ ਨੇ ਮਨੁੱਖੀ ਤਸਕਰੀ ਬਾਬਤ ਕੇਸਾਂ ਦੀ ਜਾਂਚ ਕਰਨ ਲਈ 9 ਪੁਲੀਸ ਅਫ਼ਸਰਾਂ ਦੀ ਵਿਸ਼ੇਸ਼ ਟੀਮ ਬਣਾਈ ਹੋਈ ਹੈ। ਕੋਈ ਅੰਕੜੇ ਜਰੂਰ ਹੋਣਗੇ ਜਿਹਨਾਂ ਕਾਰਣ ਪੁਲੀਸ ਅਫ਼ਸਰਾਂ ਦੀ ਐਨੀ ਵੱਡੀ ਨਫ਼ਰੀ ਇਸ ਮੰਤਵ ਲਈ ਨਿਯੁਕਤ ਕਰਨੀ ਪਈ ਹੈ। 2015 ਵਿੱਚ ਪੀਲ ਪੁਲੀਸ ਨੇ 244 ਚਾਰਜ ਆਇਦ ਕੀਤੇ ਸਨ ਅਤੇ 39 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ।

ਠੀਕ ਹੈ ਕਿ ਪੁਲੀਸ ਅਤੇ ਹੋਰ ਸੁਰੱਖਿਆ ਏਜੰਸੀਆਂ ਆਪਣਾ ਕੰਮ ਕਰਦੀਆਂ ਰਹਿਣਗੀਆਂ ਲੇਕਿਨ ਇੱਕ ਸੁਚੇਤ ਸ਼ਹਿਰੀ ਵਜੋਂ ਸਾਨੂੰ ਸਾਰਿਆਂ ਨੂੰ ਆਪਣੇ ਬੱਚਿਆਂ ਅਤੇ ਬੱਚੀਆਂ ਨੂੰ ਸੁਰੱਖਿਅਤ ਕਰਨ ਪ੍ਰਤੀ ਅਵੇਸਲਾ ਨਹੀਂ ਹੋਣਾ ਚਾਹੀਦਾ।