ਮਨੀ ਲਾਂਡਰਿੰਗ ਕੇਸ ਵਿੱਚ ਈ ਡੀ ਨੇ ਵੀਰਭੱਦਰ ਦੇ ਵਿਰੁੱਧ ਦੋਸ਼ ਪੱਤਰ ਪੇਸ਼ ਕੀਤਾ


ਨਵੀਂ ਦਿੱਲੀ, 2 ਫਰਵਰੀ (ਪੋਸਟ ਬਿਊਰੋ)- ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਦਿੱਲੀ ਦੀ ਇੱਕ ਅਦਾਲਤ ਨੂੰ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਤੇ ਉਨ੍ਹਾਂ ਦੀ ਪਤਨੀ ਪ੍ਰਤਿਭਾ ਸਿੰਘ ਵਿਰੁੱਧ ਮਨੀ ਲਾਂਡਰਿੰਗ ਦੇ ਇੱਕ ਮਾਮਲੇ ਵਿੱਚ ਬੀਤੇ ਦਿਨ ਦੋਸ਼ ਪੱਤਰ ਪੇਸ਼ ਕਰ ਦਿੱਤਾ ਹੈ। ਵਿਸ਼ੇਸ਼ ਜੱਜ ਸੰਤੋਸ਼ ਮਾਹੀ ਕੋਲ ਦਾਇਰ ਕੀਤੇ ਗਏ ਦੋਸ਼ ਪੱਤਰ ਵਿੱਚ ਵੀਰਭੱਦਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਸਮੇਤ ਛੇ ਦੋਸ਼ੀਆਂ ਦੇ ਨਾਂਅ ਹਨ। ਅਦਾਲਤ ਇਸ ਉਤੇ 12 ਫਰਵਰੀ ਨੂੰ ਵਿਚਾਰ ਕਰੇਗੀ। ਦੋਸ਼ ਪੱਤਰ ਵਿੱਚ 83 ਸਾਲਾ ਵੀਰਭੱਦਰ, ਉਨ੍ਹਾਂ ਦੀ 62 ਸਾਲਾ ਪਤਨੀ ਪ੍ਰਤਿਭਾ ਸਿੰਘ ਤੇ ਐੱਲ ਆਈ ਸੀ ਏਜੰਟ ਆਨੰਦ ਚੌਹਾਨ ਦਾ ਨਾਂਅ ਸ਼ਾਮਲ ਹੈ। ਆਨੰਦ ਚੌਹਾਨ ਵਿਰੁੱਧ ਇਹ ਦੂਜਾ ਦੋਸ਼ ਪੱਤਰ ਹੈ।
ਈ ਡੀ ਨੇ ਇੱਕ ਹੋਰ ਦੋਸ਼ੀ ਵਿਰੁੱਧ ਕੇਸ ਦੀ ਜਾਂਚ ਦੌਰਾਨ ਚੌਹਾਨ ਵਿਰੁੱਧ ਦੋਸ਼ ਪੱਤਰ ਦਾਖਲ ਕੀਤਾ ਸੀ। ਜਾਂਚ ਦੀ ਸਥਿਤੀ ਰਿਪੋਰਟ ਵਿੱਚ ਈ ਡੀ ਨੇ ਦਾਅਵਾ ਕੀਤਾ ਕਿ ਉਸ ਨੇ ਕਈ ਗਵਾਹਾਂ ਦੇ ਬਿਆਨ ਦਰਜ ਕੀਤੇ ਹਨ ਅਤੇ ਬੈਂਕ ਦੇ ਲੈਣ-ਦੇਣ ਦੀ ਜਾਂਚ ਕੀਤੀ ਹੈ। ਈ ਡੀ ਨੇ 18 ਜਨਵਰੀ ਨੂੰ ਅਦਾਲਤ ਨੂੰ ਜਾਂਚ ਮੁਕੰਮਲ ਕਰਨ ਲਈ ਇੱਕ ਮਹੀਨਾ ਹੋਰ ਸਮਾਂ ਦੇਣ ਦੀ ਬੇਨਤੀ ਕੀਤੀ ਸੀ, ਜਿਸ ਪਿੱਛੋਂ ਅਦਾਲਤ ਨੇ ਉਸ ਨੂੰ ਸਥਿਤੀ ਰਿਪੋਰਟ ਦੇਣ ਦਾ ਨਿਰਦੇਸ਼ ਦਿੱਤਾ ਸੀ।