ਮਨਮੋਹਨ ਸਿੰਘ ਨੇ ਇਕ ਨਹੀਂ, ਤਿੰਨ ਵਾਰ ਮੋਦੀ ਦਾ ਬਚਾਅ ਕੀਤਾ

manmohan singh
ਨਵੀਂ ਦਿੱਲੀ, 8 ਅਪ੍ਰੈਲ (ਪੋਸਟ ਬਿਊਰੋ)- ਨਰਿੰਦਰ ਮੋਦੀ ਨਾਲ ਸਿਆਸੀ ਮਤਭੇਦਾਂ ਅਤੇ ਕੌੜੇ ਰਿਸ਼ਤਿਆਂ ਦੇ ਬਾਵਜੂਦ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇਸ਼ ਹਿੱਤਾਂ ਦੇ ਮੁੱਦੇ ਉੱਤੇ ਘੱਟੋ-ਘੱਟ ਤਿੰਨ ਵਾਰ ਮੋਦੀ ਦੀ ਸਰਕਾਰ ਦੇ ਨਾਲ ਖੜੇ ਹੋ ਗਏ। ਉਨ੍ਹਾਂ ਦਾ ਇਹ ਕਦਮ ਕਾਂਗਰਸ ਦੇ ਸਟੈਂਡ ਤੋਂ ਪਾਸੇ ਨਜ਼ਰ ਆਇਆ।
ਭਾਜਪਾ ਦੀ ਅਗਵਾਈ ਹੇਠ ਕੇਂਦਰ ਵਿੱਚ ਸਰਕਾਰ ਬਣਨ ਤੋਂ ਪਹਿਲਾਂ ਵਾਲੀ ਗੱਲ ਹੋਵੇ ਜਾਂ ਬਾਅਦ ਦੀ, ਮਨਮੋਹਨ ਸਿੰਘ ਕਦੇ ਮੋਦੀ ਦੀ ਸਿਆਸਤ ਦੇ ਹਮਾਇਤੀ ਨਹੀਂ ਰਹੇ। ਪਿਛਲੀਆਂ ਲੋਕ ਸਭਾ ਦੀਆਂ ਚੋਣਾਂ ਦੌਰਾਨ ਨਰਿੰਦਰ ਮੋਦੀ ਜਿਸ ਤਰ੍ਹਾਂ ਮਨਮੋਹਨ ਸਿੰਘ ਦਾ ਜਨਤਕ ਸਟੇਜਾਂ ‘ਤੇ ਮਜ਼ਾਕ ਉਡਾਉਂਦੇ ਰਹੇ, ਉਸ ਕਾਰਨ ਦੋਵਾਂ ਦੇ ਨਿੱਜੀ ਸੰਬੰਧਾਂ ਵਿੱਚ ਵੀ ਕੁੜੱਤਣ ਘੁਲ ਗਈ। ਫਿਰ ਵੀ ਪਿਛਲੇ ਤਿੰਨ ਸਾਲ ਮੋਦੀ ਸਰਕਾਰ ਵਿੱਚ ਮਨਮੋਹਨ ਸਿੰਘ ਕੌਮੀ ਅਹਿਮੀਅਤ ਦੇ ਫੈਸਲਿਆਂ ‘ਤੇ ਸਰਕਾਰ ਨਾਲ ਖੜੇ ਨਜ਼ਰ ਆਏ। ਇਸ ਦੌਰਾਨ ਉਹ ਸਿਆਸੀ ਪੱਖੋਂ ਮੋਦੀ ਦੇ ਬਿਆਨਾਂ ਦੇ ਤਿੱਖੇ ਆਲੋਚਕ ਰਹੇ। ਜਦੋਂ ਮੋਦੀ ਨੇ 2015 ਵਿੱਚ ਅਰਥ ਵਿਵਸਥਾ ਵਿੱਚ ਸੁਧਾਰ ਵਾਲਾ ਦਾਅਵਾ ਕੀਤਾ ਤਾਂ ਮਨਮੋਹਨ ਸਿੰਘ ਨੇ ਉਨ੍ਹਾਂ ਨੂੰ ਇਕ ਚੰਗਾ ਈਵੈਂਟ ਮੈਨੇਜਰ ਦੱਸ ਕੇ ਮਜ਼ਾਕ ਉਡਾਇਆ। ਇਸ ਤਰ੍ਹਾਂ ਜਦੋਂ ਨੋਟਬੰਦੀ ਦਾ ਫੈਸਲਾ ਅਚਾਨਕ ਮੋਦੀ ਨੇ ਲਿਆ ਤਾਂ ਮਨਮੋਹਨ ਸਿੰਘ ਨੇ ਰਾਜ ਸਭਾ ਵਿੱਚ ਉਨ੍ਹਾਂ ਦੇ ਫੈਸਲੇ ਨੂੰ ਸੰਗਠਿਤ ਲੁੱਟ ਅਤੇ ਅਰਥ ਵਿਵਸਥਾ ਦੇ ਦਿ੍ਰਸ਼ਟੀਕੌਣ ਪੱਖੋਂ ਵੱਡੀ ਭੁੱਲ ਦੱਸਿਆ ਸੀ। ਭਾਜਪਾ ਸਰਕਾਰ ਲਈ ਚੁਣੌਤੀ ਭਰਪੂਰ ਅਤੇ ਦੇਸ਼ ਦੀ ਅਰਥ ਵਿਵਸਥਾ ਵਾਸਤੇ ਅਹਿਮ ਜੀ ਐਸ ਟੀ ਬਿੱਲ ਉੱਤੇ ਸਭ ਵਿਰੋਧੀ ਪਾਰਟੀਆਂ ਭਾਜਪਾ ਨਾਲ ਭਿੜ ਗਈਆਂ। ਭਾਜਪਾ ਸਰਕਾਰ ਨੂੰ ਉਸ ਮੌਕੇ ਮਨਮੋਹਨ ਸਿੰਘ ਦੀ ਹਮਾਇਤ ਮਿਲੀ। ਮਨਮੋਹਨ ਸਿੰਘ ਦੀ ਪਹਿਲ ‘ਤੇ ਸੋਨੀਆ ਗਾਂਧੀ ਅਤੇ ਨਰਿੰਦਰ ਮੋਦੀ ਵਿਚਾਲੇ ਇਸ ਮੁੱਦੇ ‘ਤੇ ਚਰਚਾ ਹੋਈ। ਇਸ ਮੌਕੇ ਸੋਨੀਆ ਦੇ ਨਾਲ ਮਨਮੋਹਨ ਸਿੰਘ ਵੀ ਮੋਦੀ ਦੇ ਘਰ ਗਏ ਹਨ। ਮਨਮੋਹਨ ਸਿੰਘ ਦੂਜੀ ਵਾਰ ਉਸ ਸਮੇਂ ਮੋਦੀ ਸਰਕਾਰ ਦੇ ਬਚਾਅ ਵਿੱਚ ਅੱਗੇ ਆਏ, ਜਦੋਂ ਪਾਰਲੀਮੈਂਟਰੀ ਕਮੇਟੀ ਨੇ ਨੋਟਬੰਦੀ ਦੇ ਮੁੱਦੇ ‘ਤੇ ਰਿਜ਼ਰਵ ਬੈਂਕ ਦੇ ਗਵਰਨਰ ਉਰਜਿਤ ਪਟੇਲ ਨੂੰ ਨਿਸ਼ਾਨੇ ‘ਤੇ ਲਿਆ। ਉਸ ਸਮੇਂ ਮਨਮੋਹਨ ਸਿੰਘ ਨੇ ਪਟੇਲ ਨੂੰ ਜਨਤਕ ਤੌਰ ‘ਤੇ ਸਲਾਹ ਦਿੱਤੀ ਕਿ ਉਨ੍ਹਾਂ ਨੂੰ ਕਮੇਟੀ ਦੀ ਚਿੱਠੀ ਦਾ ਜਵਾਬ ਨਹੀਂ ਦੇਣਾ ਚਾਹੀਦਾ। ਹੁਣੇ ਜਿਹੇ ਜੀ ਐਸ ਟੀ ਬਿੱਲ ਨੂੰ ਰਾਜ ਸਭਾ ਤੋਂ ਪਾਸ ਕਰਵਾਉਣ ਵਿੱਚ ਵੀ ਮਨਮੋਹਨ ਸਿੰਘ ਦੀਆਂ ਕੋਸ਼ਿਸ਼ਾਂ ਸਨ ਤੇ ਸਰਕਾਰ ਉਚ ਸਦਨ ਵਿੱਚ ਜੀ ਐਸ ਟੀ ਨਾਲ ਜੁੜਿਆ ਬਿੱਲ ਬਿਨਾਂ ਕਿਸੇ ਖਾਸ ਰੁਕਾਵਟ ਦੇ ਪਾਸ ਕਰਵਾਉਣ ਵਿੱਚ ਸਫਲ ਰਹੀ।